Site icon Sikh Siyasat News

ਅਡਵਾਨੀ ਨੇ ਭਾਰਤ ਵਿੱਚ ਐਮਰਜੈਂਸੀ ਦਾ ਖਦਸ਼ਾ ਕੀਤਾ ਜ਼ਾਹਿਰ

ਨਵੀਂ ਦਿੱਲੀ (18 ਜੂਨ, 2015): ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਭਾਰਤ ਦੇ ਸਿਆਸੀ ਹਾਲਾਤ ਨੂੰ ਵੇਖਦਿਆਂ ਇਕ ਵਾਰ ਫਿਰ ਦੇਸ਼ ‘ਚ ਐਮਰਜੈਂਸੀ ਜਿਹੇ ਹਾਲਾਤ ਪੈਦਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ ।

ਲਾਲ ਕ੍ਰਿਸ਼ਨ ਅਡਵਾਨੀ

ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਹੁਣ ਪਾਰਟੀ ਦੇ ਮਾਰਗ ਦਰਸ਼ਕ ਟੀਮ ਦੇ ਮੈਂਬਰ ਸ੍ਰੀ ਅਡਵਾਨੀ ਦੇ ਇਹ ਵਿਚਾਰ ਉਸ ਵੇਲੇ ਸਾਹਮਣੇ ਆਏ ਹਨ ਜਦੋਂ ਮੋਦੀ ਸਰਕਾਰ ਲਲਿਤ ਮੋਦੀ ਅਤੇ ਸੁਸ਼ਮਾ ਸਵਰਾਜ ਦੇ ਮੁੱਦੇ ‘ਤੇ ਵਿਵਾਦਾਂ ‘ਚ ਘਿਰੀ ਹੋਈ ਹੈ । ਸ੍ਰੀ ਅਡਵਾਨੀ ਵੱਲੋਂ ਇਕ ਅੰਗਰੇਜ਼ੀ ਅਖ਼ਬਾਰ ਨਾਲ ਇਕ ਮੁਲਾਕਾਤ ‘ਚ ਪ੍ਰਗਟਾਏ ਇਨ੍ਹਾਂ ਵਿਚਾਰਾਂ ਨੇ ਦੇਸ਼ ਦੀ ਸਿਆਸੀ ਰਾਜਧਾਨੀ ‘ਚ ਹਲਚਲ ਮਚਾ ਦਿੱਤੀ ਹੈ । ਜਿਥੇ ਵਿਰੋਧੀ ਧਿਰਾਂ ਇਨ੍ਹਾਂ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਕੇ ਮੋਦੀ ਖਿਲਾਫ਼ ਲਾਮਬੰਦ ਹੋਈਆਂ ਨਜ਼ਰ ਆ ਰਹੀਆਂ ਹਨ, ਉਥੇ ਭਾਜਪਾ ਨੇਤਾ ਇਸ ਬਿਆਨ ‘ਤੇ ਸਪੱਸ਼ਟੀਕਰਨ ਦਿੰਦੇ ਨਜ਼ਰ ਆ ਰਹੇ ਹਨ ।

ਅਡਵਾਨੀ ਨੇ ਅੰਗਰੇਜ਼ੀ ਅਖ਼ਬਾਰ ਨਾਲ ਇਕ ਮੁਲਾਕਾਤ ‘ਚ ਕਿਹਾ ਕਿ ਭਾਵੇਂ ਭਾਰਤ ਨੂੰ ਸੰਵਿਧਾਨ ਦੀ ਸੁਰੱ ਖਿਆ ਹਾਸਲ ਹੈ ਪਰ ਐਮਰਜੈਂਸੀ ਫਿਰ ਵੀ ਲਾਈ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਐਮਰਜੈਂਸੀ ਦੇ ਦੌਰ ਤੋਂ ਬਾਅਦ ਅਜਿਹਾ ਕੁਝ ਕੀਤਾ ਗਿਆ ਹੈ, ਜਿਸ ਤੋਂ ਇਹ ਭਰੋਸਾ ਕੀਤਾ ਜਾ ਸਕੇ ਕਿ ਨਾਗਰਿਕਾਂ ਦੀ ਸੁਤੰਤਰਤਾ ਖ਼ਤਮ ਨਹੀਂ ਕੀਤੀ ਜਾਏਗੀ ।

ਭਾਜਪਾ ਨੇਤਾ ਨੇ ਕਿਹਾ ਕਿ ਭਾਵੇਂ ਇਹ ਕਰਨਾ ਸੌਖਾ ਨਹੀਂ ਹੈ, ਪਰ ਨਾਮੁਮਕਿਨ ਵੀ ਨਹੀਂ ਹੈ । ਹਾਲਾਂ ਕਿ ਸ੍ਰੀ ਅਡਵਾਨੀ ਨੇ ਇਹ ਹੀ ਕਿਹਾ ਕਿ ਇਹ ਸੰਭਵ ਹੈ ਕਿ ਇਕ ਐਮਰਜੈਂਸੀ ਭਾਰਤ ਨੂੰ ਦੂਜੀ ਐਮਰਜੈਂਸੀ ਤੋਂ ਬਚਾਅ ਸਕਦੀ ਹੈ । ਜਰਮਨੀ ਦਾ ਹਵਾਲਾ ਦਿੰ ਦਿਆਂ ਸ੍ਰੀ ਅਡਵਾਨੀ ਨੇ ਕਿਹਾ ਕਿ ਹਿਟਲਰ ਦੇ ਰਾਜ ਕਾਰਨ ਅੱਜ ਜਰਮਨੀ ‘ਚ ਲੋਕਤੰਤਰਕ ਹੱਕਾਂ ਲਈ ਬਰਤਾਨੀਆ ਤੋਂ ਵੀ ਵੱਧ ਜਾਗਰੂਕਤਾ ਹੈ । 25 ਜੂਨ 1975 ਨੂੰ ਦੇਸ਼ ‘ਚ ਐਮਰਜੈਂਸੀ ਲਾਈ ਗਈ ਸੀ, ਜਿਸ ਨੂੰ ਅਗਲੇ ਹਫ਼ਤੇ 40 ਸਾਲ ਹੋ ਜਾਣਗੇ ।

ਸ੍ਰੀ ਅਡਵਾਨੀ ਨੇ ਕਿਹਾ ਕਿ ਅੱਜ ਉਹ ਇਹ ਤਾਂ ਨਹੀਂ ਕਹਿ ਰਹੇ ਕਿ ਰਾਜਨੀਤਕ ਲੀਡਰਸ਼ਿਪ ਵਿਚ ਪਰਪੱਕਤਾ ਨਹੀਂ ਪਰ ਇਸ ਦੀਆਂ ਕਮਜ਼ੋਰੀਆਂ ਕਾਰਨ ਉਨ੍ਹਾਂ ਨੂੰ ਇਸ ਵਿਚ ਵਿਸ਼ਵਾਸ਼ ਨਹੀਂ ਹੈ । ਉਨ੍ਹਾਂ ਨੂੰ ਇਹ ਵਿਸ਼ਵਾਸ਼ ਨਹੀਂ ਹੈ ਕਿ ਐਮਰਜੈਂਸੀ ਫਿਰ ਨਹੀਂ ਲੱਗ ਸਕਦੀ ।

ਨਿਤਿਸ਼ ਵਲੋਂ ਅਡਵਾਨੀ ਦੀ ਚਿੰਤਾ ਦਾ ਸਮਰਥਨ:

ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸ੍ਰੀ ਅਜਵਾਨੀ ਵਲੋਂ ਪ੍ਰਗਟਾਈ ਇਹ ਚਿੰਤਾ ਦਾ ਸਮਰਥਨ ਕੀਤਾ ਹੈ ਕਿ ਐਮਰਜੈਂਸੀ ਵਰਗੇ ਹਾਲਾਤ ਫਿਰ ਪੈਦਾ ਹੋ ਸਕਦੇ ਹਨ ਅਤੇ ਕਿਹਾ ਕਿ ਬਿਹਾਰ ਤਾਂ ਇਸ ਦਾ ਹਰ ਰੋਜ਼ ਸਾਹਮਣਾ ਕਰ ਰਿਹਾ ਹੈ । ਸ੍ਰੀ ਕੁਮਾਰ ਨੇ ਕਿਹਾ ਕਿ ਸ੍ਰੀ ਅਡਵਾਨੀ ਭਾਜਪਾ ਦੇ ਬਹੁਤ ਹੀ ਸੀਨੀਅਰ ਨੇਤਾਵਾਂ ਚੋਂ ਇਕ ਹਨ ਅਤੇ ਉਨ੍ਹਾਂ ਦੀ ਚਿੰਤਾ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ।

ਵੱਖ-ਵੱਖ ਨੇਤਾਵਾਂ ਦੇ ਪ੍ਰਤੀਕਰਮ:

ਭਾਜਪਾ ਨੇਤਾ ਐਮ. ਜੇ. ਅਕਬਰ ਨੇ ਮਸਲੇ ‘ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਮੁਤਾਬਿਕ ਸ੍ਰੀ ਅਡਵਾਨੀ ਦਾ ਇਸ਼ਾਰਾ ਵਿਅਕਤੀਆਂ ਦੀ ਥਾਂ ‘ਤੇ ਸੰਸਥਾਵਾਂ ‘ਤੇ ਕੇਂਦਰਿਤ ਸੀ । ਐਮ. ਜੇ. ਅਕਬਰ ਨੇ ਅਜਿਹੇ ਹਾਲਾਤ ਹੋਣ ਤੋਂ ਇਨਕਾਰ ਕੀਤਾ।

ਦਿੱਲੀ ਅਤੇ ਕੇਂਦਰ ਦਰਮਿਆਨ ਤਾਕਤਾਂ ਅਤੇ ਹੱਕਾਂ ਦੀ ਜੰਗ ‘ਚ ਉਲਝੇ ਸ੍ਰੀ ਅਰਵਿੰਦ ਕੇਜਰੀਵਾਲ ਨੇ ਇਸ ਬਿਆਨ ਨੂੰ ਸਹੀ ਕਰਾਰ ਦਿੰ ਦਿਆਂ ਕਿਹਾ ਕਿ ਸ੍ਰੀ ਅਡਵਾਨੀ ਦੀ ਚਿੰਤਾ ਜਾਇਜ਼ ਹੈ । ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਕੀ ਕੇਂਦਰ ਸਰਕਾਰ ਐਮਰਜੈਂਸੀ ਦਾ ਪਹਿਲਾ ਤਜਰਬਾ ਦਿੱਲੀ ਤੋਂ ਕਰੇਗੀ ।

ਆਪ ਨੇਤਾ ਆਸ਼ੂਤੋਸ਼ ਨੇ ਵੀ ਟਵਿੱਟਰ ‘ਤੇ ਪਾਏ ਲੜੀਵਾਰ ਸੰਦੇਸ਼ਾਂ ‘ਚ ਕਿਹਾ ਕਿ ਮੋਦੀ ਸਰਕਾਰ ਭਾਰਤੀ ਲੋਕਤੰਤਰ ਨੂੰ ਕੁਚਲ ਰਹੀ ਹੈ ਅਤੇ ਅਜਿਹਾ ਮਾਹੌਲ ਬਣਾ ਰਹੀ ਹੈ ਜਿਸ ਤੋਂ ਲਗਦਾ ਹੈ ਕਿ ਐਮਰਜੈਂਸੀ ਹੁਣ ਦੂਰ ਨਹੀਂ ਹੈ । ਜਨਤਾ ਦਲ (ਯੂ) ਦੇ ਸੀਨੀਅਰ ਨੇਤਾ ਕੇ. ਸੀ. ਤਿਆਗੀ, ਜੋ ਕਿ ਐਮਰਜੈਂਸੀ ਦੌਰਾਨ ਜੇਲ੍ਹ ਕੱਟ ਚੁੱਕੇ ਹਨ, ਨੇ ਸ੍ਰੀ ਅਡਵਾਨੀ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਜਿਨ੍ਹਾਂ ਕਾਰਨਾਂ ਕਾਰਨ ਐਮਰਜੈਂਸੀ ਲਾਈ ਗਈ ਸੀ ਉਹ ਅਜੇ ਖ਼ਤਮ ਨਹੀਂ ਹੋਏ ।

ਰੋਜ਼ਾਨਾ ਅਜ਼ੀਤ ਵਿੱਚੋਂ ਧੰਨਵਾਦ ਸਾਹਿਤ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version