Site icon Sikh Siyasat News

ਇਤਿਹਾਸ ਦੇ ਸੁਨੇਹੇ – ਸਤਵੇਂ ਪਾਤਸ਼ਾਹ ਨੂੰ ਯਾਦ ਕਰਦਿਆਂ …

https://heritageproductions.in/ssnextra/podcast/20200103_ITHAAS_DE_SUNEHE.mp3?_=1

ਲੇਖਕ: ਮਲਕੀਤ ਸਿੰਘ ਭਵਾਨੀਗੜ੍ਹ

ਪੰਥ ਸਦਾ ਹੀ ਆਪਣੇ ਪੁਰਖਿਆਂ ਨੂੰ ਯਾਦ ਕਰਦਾ ਆਇਆ ਹੈ ਤੇ ਸਦਾ ਹੀ ਕਰਦਾ ਰਹੇਗਾ, ਭਾਵੇਂ ਉਹ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਹੋਣ ਭਾਵੇਂ ਗੁਰੂ ਸਾਹਿਬਾਨਾਂ ਜਾ ਉਹਨਾਂ ਦੇ ਸਿੱਖਾਂ ਦੇ ਸ਼ਹੀਦੀ ਦਿਹਾੜੇ, ਪੰਥ ਇਹਨਾਂ ਦਿਹਾੜਿਆਂ ਰਾਹੀਂ ਸਿੱਖ ਯਾਦ ਨੂੰ ਹਮੇਸ਼ਾ ਤਾਜ਼ਾ ਕਰਦਾ ਰਹੇਗਾ। ਇਕ ਸਿੱਖ ਹੋਣ ਦੇ ਨਾਤੇ ਜਦੋਂ ਵੀ ਅਸੀਂ ਇਹਨਾਂ ਦਿਹਾੜਿਆਂ ਨੂੰ ਮਨਾਉਣਾ ਹੈ ਤਾਂ ਸਾਡਾ ਫਰਜ਼ ਹੈ ਕਿ ਅਸੀਂ ਇਹਨਾਂ ਵਿਚੋਂ ਕੋਈ ਰੌਸ਼ਨੀ ਲਈਏ ਅਤੇ ਧੁੰਦਲੇ ਹੋ ਗਏ ਸੁਨੇਹਿਆਂ ਨੂੰ ਤਾਜ਼ਾ ਕਰਕੇ ਅਮਲੀ ਜਾਮਾ ਪਹਿਨਾਈਏ। ਆਪਣੇ ਪੁਰਖਿਆਂ ਵਰਗੇ ਹੋਣ ਦਾ ਯਤਨ ਕਰੀਏ ਅਤੇ “ਸੂਰਜ ਕਿਰਣਿ ਮਿਲੇ ਜਲ ਕਾ ਜਲ ਹੂਆ ਰਾਮ।। ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ।।” ਨੂੰ ਦੁਹਰਾਉਂਦੇ ਰਹੀਏ ਤਾਂ ਜੋ ਬਣ ਰਿਹਾ ਇਤਿਹਾਸ ਸਾਨੂੰ ਸਾਡੇ ਪੁਰਖਿਆਂ ਦੀ ਕਤਾਰ ਵਿੱਚ ਹੀ ਥਾਂ ਦੇਵੇ। ਅਸੀਂ ਮਹਿਜ ਉਹਨਾਂ ਦੀਆਂ ਬਾਤਾਂ ਨਾ ਪਾਈਏ, ਬਾਤਾਂ ਨੂੰ ਵਿਹਾਉਣ ਦਾ ਯਤਨ ਵੀ ਕਰੀਏ। ਇਨੀ ਦਿਨੀ ਆਪਾਂ ਸੱਤਵੇਂ ਨਾਨਕ ਸ਼੍ਰੀ ਗੁਰੂ ਹਰਿ ਰਾਇ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਹੈ। ਸੋ ਗੁਰੂ ਸਾਹਿਬ ਨੂੰ ਯਾਦ ਕਰਦਿਆਂ ਇਹ ਲਿਖਤ ਇਤਿਹਾਸ ਦੇ ਕੁਝ ਅਹਿਮ ਸੁਨੇਹੇ ਜੋ ਸੱਤਵੇਂ ਨਾਨਕ ਦੇ ਸਮੇਂ (ਤਕਰੀਬਨ 400 ਸਾਲ ਪਹਿਲਾਂ) ਸਾਨੂੰ ਮਿਲਦੇ ਹਨ ਨੂੰ ਤਾਜ਼ਾ ਕਰਨ ਦਾ ਇਕ ਯਤਨ ਹੈ।

ਸ਼ਬਦਾਂ ਦੀ ਗਹਿਰਾਈ ਨੂੰ ਮਹਿਸੂਸ ਕਰਨਾ: ਬਾਲ ਉਮਰੇ ਜਦੋਂ ਹਰਿ ਰਾਇ ਜੀ ਗੁਰੂ ਹਰਿ ਗੋਬਿੰਦ ਜੀ ਨਾਲ ਤੁਰੇ ਜਾ ਰਹੇ ਸਨ ਤਾਂ ਜਦੋਂ ਉਹਨਾਂ ਦੇ ਜਾਮੇ ਵਿਚ ਫਸਕੇ ਕੁਝ ਫੁੱਲ ਕਿਰੇ ਤਾਂ ਗੁਰੂ ਜੀ ਉਸ ਵੇਲੇ ਹਰਿ ਰਾਇ ਜੀ ਨੂੰ ਆਪਣੇ ਇਕ ਵਾਕ “ਲਾਲ ਜੀ, ਜਾਮਾ ਵੱਡਾ ਪਹਿਨੀਏ ਤਾਂ ਉਸ ਨੂੰ ਸੰਭਾਲ ਕੇ ਤੁਰਨਾ ਚਾਹੀਦਾ ਹੈ” ਰਾਹੀਂ ਕਿਸੇ ਬਹੁਤ ਹੀ ਵੱਡੀ ਜਿੰਮੇਵਾਰੀ ਲਈ ਤਿਆਰ ਕਰ ਜਾਂਦੇ ਹਨ। ਹਰਿ ਰਾਇ ਜੀ ਨੇ ਇਸ ਵਾਕ ਦੇ ਇਕ ਇਕ ਸ਼ਬਦ ਨੂੰ ਮਹਿਸੂਸਿਆ ਤੇ ਜੀਵਿਆ। ਗੁਰੂ ਸਾਹਿਬ ਦਾ ਇਸ਼ਾਰਾ ਸੀ (ਕੁਝ ਇਤਿਹਾਸਕਾਰਾਂ ਦਾ ਹੂ-ਬ-ਹੂ ਉਤਾਰਾ):

ਹੁਣ ਜਿਸ ਲਹਿਜੇ ਜਾ ਗਹਿਰਾਈ ਨਾਲ ਸਾਡਾ ਵੱਡਾ ਹਿੱਸਾ ਸ਼ਬਦਾਂ ਨੂੰ ਮਹਿਸੂਸ ਕਰਨ ਲੱਗ ਪਿਆ, ਸਾਨੂੰ ਇਹ ਵਾਕ ਆਮ ਜਿਹੀ ਗੱਲ ਲੱਗ ਸਕਦੀ ਹੈ। ਸ਼ਬਦ ਗੁਰੂ ਹੋਣ ਦੇ ਬਾਵਜੂਦ ਸਾਡਾ ਸ਼ਬਦਾਂ ਨੂੰ ਹਲਕਾ ਲੈਣਾ ਭਵਿੱਖ ਵਿੱਚ ਸਾਨੂੰ ਗੁਰੂ ਸਾਹਿਬ ਨਾਲੋਂ ਹੋਰ ਦੂਰ ਕਰੇਗਾ। ਸਿੱਖ ਨੇ ਜਿੱਥੇ ਹਮੇਸ਼ਾ ਹੀ ਸਰਬੱਤ ਦਾ ਭਲਾ ਸੋਚਣਾ ਹੈ ਉਥੇ ਇਹ ਵੀ ਮਹਿਸੂਸ ਕਰਨਾ ਹੈ ਕਿ ਇਹ ਜਿੰਮੇਵਾਰੀ ਕਿੰਨੀ ਵੱਡੀ ਹੈ ਤੇ ਇਹਦੇ ਲਈ ਅਸੀਂ ਕਿੰਨਾ ਕੁ ਤਿਆਰ ਹਾਂ। ਅਸੀਂ ਇਹ ਕਾਰਜ ਭਾਵੇਂ ਕਿਸੇ ਵੀ ਅਮਲ ਰਾਹੀਂ ਕਰਨ ਲਈ ਕਮਰ ਕਸਾ ਕੀਤਾ ਹੋਵੇ ਪਰ ਅਸੀਂ ਸ਼ਬਦ ਨੂੰ ਕਿੰਨਾ ਕੁ ਮਹਿਸੂਸ ਕਰ ਰਹੇ ਹਾਂ, ਅਸੀਂ ਇਤਿਹਾਸ ਦੇ ਇਸ਼ਾਰੇ ਕਿੰਨੀ ਗੰਭੀਰਤਾ ਨਾਲ ਲੈ ਰਹੇ ਹਾਂ ਤੇ ਸਾਡੇ ਇਸ ਸਫਰ ਦੌਰਾਨ ਕਿਹੜੇ ਸ਼ਬਦ ਸਾਡੇ ਨਾਲ ਹਨ, ਇਹ ਬਹੁਤ ਅਹਿਮ ਹੈ। ਸੱਤਵੇਂ ਪਾਤਸ਼ਾਹ ਨੇ ਇਸ ਵਾਕ ਨੂੰ ਹਮੇਸ਼ਾ ਨਾਲ ਰੱਖਿਆ ਅਤੇ ਇਹੀ ਵਾਕ ਨੇ ਸਾਡੀ ਵੀ ਉਂਗਲ ਫੜਣੀ ਹੈ, ਸਾਡੀ ਸੇਵਾ ਅਤੇ ਅਰਦਾਸ ਨੇ ਇਕ ਦਿਨ ਇਹ ਫੜਾ ਲੈਣੀ ਹੈ।

ਦੇਗ ਚਲਾਈ ਤੇ ਰਾਜ ਬਕਸ਼ੇ: ਗੁਰੂ ਸਾਹਿਬ ਮੁਤਾਬਿਕ ਲੰਗਰ ਚਲਾਉਣਾ ਸਿੱਖਾਂ ਦੀ ਰਹਿਣੀ ਦਾ ਅਹਿਮ ਅੰਗ ਹੈ। ਗੁਰੂ ਸਾਹਿਬ ਸਿੱਖਾਂ ਨੂੰ ਹੁਕਮ ਕਰਦੇ ਹਨ ਕਿ ਲੰਗਰ ਚਲਾਉ ਤੇ ਸਿੱਖੀ ਫੈਲਾਉ। ਇਹ ਵਾਕ ਸਾਡਾ ਕਿੰਨਾ ਜਰੂਰੀ ਅੰਗ ਹੈ ਇਹ ਸਾਨੂੰ ਜਰੂਰ ਸੋਚਣਾ ਚਾਹੀਦਾ ਹੈ, ਭਾਵੇਂ ਕਿ ਅਸੀਂ ਇਸ ਵਾਕ ਨੂੰ ਬਹੁਤ ਹੱਦ ਤੀਕ ਸਾਂਭ ਰੱਖਿਆ ਹੈ ਪਰ ਫਿਰ ਵੀ ਜਦੋਂ ਕਿਤੇ ਲੰਗਰ ਬਾਬਤ ਕੋਈ ਸੰਵਾਦ ਰਚਾਉਣਾ ਹੈ ਤਾਂ ਸਾਡੇ ਸ਼ਬਦ ਬਹੁਤ ਸਹਿਜ, ਗੰਭੀਰਤਾ ਅਤੇ ਸ਼ਰਧਾ ਨਾਲ ਬਾਹਰ ਆਉਣੇ ਚਾਹੀਦੇ ਹਨ। ਇਤਿਹਾਸ ਵਿਚ ਦਰਜ ਹੈ ਕਿ ਇਕ ਵਾਰ ਮਾਲਵੇ ਦਾ ‘ਕਾਲਾ ਚੌਧਰੀ’ ਜਿਸਨੇ ਗੁਰੂ ਸਾਹਿਬ ਦੀ ਤਨੋਂ ਮਨੋਂ ਧਨੋਂ ਬਹੁਤ ਸੇਵਾ ਕੀਤੀ, ਗੁਰੂ ਸਾਹਿਬ ਕੋਲ ਆਪਣੇ ਦੋ ਭਤੀਜਿਆਂ ਨੂੰ ਜਿਹਨਾਂ ਦੇ ਮਾਂ ਪਿਓ ਨਹੀਂ ਸਨ ਲੈਕੇ ਆਇਆ ਤੇ ਦੋਵਾਂ ਨੇ ਗੁਰੂ ਸਾਹਿਬ ਨੂੰ ਨਮਸ਼ਕਾਰ ਕਰਕੇ ਆਪਣੇ ਢਿੱਡ ਤੇ ਹੱਥ ਫੇਰਿਆ, ਗੁਰੂ ਸਾਹਿਬ ਨੇ ਹੱਸ ਕੇ ਕਿਹਾ ਇਹ ਕੀ ਮੰਗਦੇ ਹਨ, ਉਹਨੇ ਬੜੀ ਨਿਮ੍ਰਤਾ ਨਾਲ ਕਿਹਾ ਸੱਚੇ ਪਾਤਸ਼ਾਹ ਇਹ ਲੰਗਰ ਮੰਗਦੇ ਹਨ। ਗੁਰੂ ਸਾਹਿਬ ਦਾ ਬਚਨ ਸੀ “ਫੁਲ ਬਹੁਤ ਫੁਲੇ ਫੁਲੇਗਾ।” ਅਨੰਤ ਥਾਈਂ ਇਹਦੀ ਸੰਤਾਨ ਦੇ ਲੰਗਰ ਚੱਲਣਗੇ, ਸਤਲੁਜ ਯਮੁਨਾ ਦੇ ਅੰਦਰ ਸਾਰੇ ਮੁਲਕ ਉੱਤੇ ਇਹਦੀ ਔਲਾਦ ਰਾਜ ਕਰੇਗੀ। ਤੂੰ ਇਹਨਾਂ ਲਈ ਰੋਟੀਆਂ ਮੰਗੀਆਂ ਅਸੀਂ ਰਾਜ ਬਖਸ਼ਿਆ। ਪਾਤਸ਼ਾਹੀ ਦੇਣ ਲਈ ਕਹਿਣ ਬਾਬਤ ਇਕ ਪ੍ਰਮਾਣ ਇਤਿਹਾਸ ਵਿਚ ਇਹ ਵੀ ਆਉਂਦਾ ਹੈ ਕਿ ਜਦੋਂ ‘ਸ਼ਾਹ ਜਹਾਂ’ ਦਾ ਪੁੱਤਰ ‘ਦਾਰਾ ਸ਼ਿਕੋਹ’ ਜਿਸ ਪਿੱਛੇ ਔਰੰਗਜ਼ੇਬ ਦੀ ਫੌਜ ਲੱਗੀ ਸੀ, ਪਾਤਸ਼ਾਹ ਕੋਲ ਸਹਾਇਤਾ ਮੰਗਣ ਆਉਂਦਾ ਹੈ ਤਾਂ ਪਾਤਸ਼ਾਹ ਗੁਰੂ ਨਾਨਕ ਦੇ ਘਰ ਦਾ ਨੇਮ “ਸ਼ਰਨ ਆਏ ਦੁਖੀ ਲੋੜਵੰਧ ਦੀ ਬਾਂਹ ਫੜਨੀ” ਨੂੰ ਨਿਭਾਉਂਦੇ ਹਨ। ਸੱਤਵੇਂ ਪਾਤਸ਼ਾਹ ਜੋ ਛੇਵੇਂ ਨਾਨਕ ਦੇ ਹੁਕਮ ਮੁਤਾਬਿਕ ਹਰ ਵੇਲੇ 2200 ਸ਼ਸ਼ਤਰਧਾਰੀ ਨਾਲ ਰੱਖਦੇ ਸਨ (ਭਾਵੇਂ ਜੰਗ ਕੋਈ ਨੀ ਕੀਤੀ ਪਰ ਪਾਤਸ਼ਾਹ ਦਾ ਹੁਕਮ ਕਮਾਇਆ) ਨੇ ਆਪਣੀ ਫੌਜ ਮੈਦਾਨ ਚ ਉਤਾਰੀ ਅਤੇ ਬਿਆਸ ਦੇ ਕੰਢੇ ਸਭ ਬੇੜੀਆਂ ਆਪਣੇ ਕਬਜ਼ੇ ਵਿੱਚ ਕਰ ਲਈਆਂ ਤਾਂ ਕਿ ਫੌਜ ਕੁਝ ਚਿਰ ਰੁਕੀ ਰਹੇ ਅਤੇ ‘ਦਾਰਾ ਸ਼ਿਕੋਹ’ ਸਹੀ ਸਲਾਮਤ ਲਾਹੌਰ ਪੁੱਜ ਸਕੇ। ਉਦੋਂ ਪਾਤਸ਼ਾਹ ਨੇ ਉਸਨੂੰ ਕਿਹਾ ਸੀ ਕਿ “ਜੇ ਪਾਤਸ਼ਾਹੀ ਚਾਹੀਦੀ ਹੈ ਤਾਂ ਦੱਸ ਸਭ ਸਿੱਖ ਇਕ ਢਾਲ ਹੋ ਕੇ ਲੜਨਗੇ। ਸਾਡੇ ਲਈ ਇਹ ਗੱਲ ਬਹੁਤ ਅਹਿਮ ਹੈ, ਮੇਰੀ ਮੱਤ ਮੁਤਾਬਿਕ ਇਹ ਸਾਨੂੰ ਬਹੁਤ ਹੀ ਡੂੰਘਾ ਸੁਨੇਹਾ ਹੈ ਕਿ ਸਿੱਖਾਂ ਲਈ ਰਾਜ ਕਰਨਾ ਵੱਡੀ ਪ੍ਰਾਪਤੀ ਨਹੀਂ, ਸਿੱਖ ਨੇ ਤਾਂ ਅਗਾਂਹ ਰਾਜ ਦੇਣੇ ਹਨ ਭਾਵ ਪੂਰੇ ਸੰਸਾਰ ਅੰਦਰ ਜਿੱਥੇ ਰਾਜ ਵਿੱਚ ਗੜਬੜ ਹੈ, ਸਿੱਖ ਨੇ ਉਹ ਸਹੀ ਕਰਨਾ ਹੈ ਤੇ ਅੱਜ ਜੇ ਸਾਡੀ ਦੌੜ ਸਿਰਫ ਰਾਜ ਕਰਨ ਤੀਕ ਰਹੀ ਤਾਂ ਅਸੀਂ ਪਾਤਸ਼ਾਹ ਦੇ ਦਿੱਤੇ ਸੁਨੇਹਿਆਂ ਤੋਂ ਇਕ ਕਦਮ ਖੁਦ ਪਿੱਛੇ ਹਟ ਜਾਵਾਂਗੇ ਤੇ ਆਪਣਾ ਨਿਸ਼ਾਨਾ ਬਹੁਤ ਛੋਟਾ ਕਰ ਲਵਾਂਗੇ, ਜੋ ਭਵਿੱਖ ਵਿੱਚ ਸਾਡੇ ਅਤੇ ਸਾਡੇ ਬਾਬਿਆਂ ਦੇ ਇਤਿਹਾਸ ਵਿੱਚ ਵਿੱਥ ਪਾਏਗਾ। ਸਮੇਂ ਦੇ ਹਲਾਤ ਮੁਤਾਬਿਕ ਜੇ ਸਿੱਖ ਨੂੰ ਰਾਜ ਸਾਂਭਣਾ ਪਵੇ ਤੇ ਕੋਈ ਗੁਨਾਹ ਨਹੀਂ ਪਰ ਇਹ ਸਿੱਖ ਦਾ ਆਖਰੀ ਨਿਸ਼ਾਨਾ ਨਹੀਂ ਹੋਣਾ ਚਾਹੀਦਾ, ਸਿੱਖ ਦੀ ਸੁਰਤ ਨੇ ਇਸ ਤੋਂ ਉੱਪਰ ਵਿਚਰਨਾ ਹੈ

ਦਵਾਖਾਨਾ: ਪਾਤਸ਼ਾਹ ਨੇ ਰੋਗੀਆਂ ਲਈ ਬੜਾ ਵੱਡਾ ਦਵਾਈਖਾਨਾ ਖੋਲਿਆ ਜਿਸ ਵਿੱਚ ਬੜੀਆਂ ਕੀਮਤੀ ਅਤੇ ਦੁਰਲੱਭ ਦਵਾਈਆਂ ਰੱਖੀਆਂ। ਸਭ ਰੋਗੀਆਂ ਨੂੰ ਮੁਫਤ ਦਵਾਈ ਦਿੱਤੀ ਜਾਂਦੀ ਅਤੇ ਬੜੇ ਪ੍ਰੇਮ ਨਾਲ ਉਹਨਾਂ ਦੀ ਸੇਵਾ ਕੀਤੀ ਜਾਂਦੀ। ਇਕ ਵਾਰ ‘ਦਾਰਾ ਸ਼ਿਕੋਹ’ ਸਖਤ ਬਿਮਾਰ ਹੋ ਗਿਆ। ਔਰੰਗਜ਼ੇਬ ਨੇ ਰਸੋਈਏ ਨੂੰ ਧਨ ਦੇ ਕੇ ਉਹਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਸੀ। ਹਕੀਮਾਂ ਨੇ ਖਾਸ ਕਿਸਮ ਦੇ ਵਜਨ ਦੀ ਹਰੜ ਅਤੇ ਲੌਂਗ ਦਵਾਈ ਲਈ ਤਜਵੀਜ ਕੀਤੇ ਜੋ ਕਿਤੋਂ ਨਾ ਮਿਲੇ ਫਿਰ ਪਾਤਸ਼ਾਹ ਦੇ ਦਵਾਖਾਨੇ ਵਿਚੋਂ ਉਹ ਦਵਾਈ ਮਿਲੀ ਅਤੇ ਉਹ ਰਾਜ਼ੀ ਹੋਇਆ। ਗੁਰੂ ਦੇ ਘਰ ਦਾ ਵਿਰੋਧ ਕਦੀ ਵੀ ਕਿਸੇ ਧਰਮ, ਜਾਤ , ਜਾ ਪਰਿਵਾਰ ਨਾਲ ਨਹੀਂ ਹੁੰਦਾ ਇੱਥੇ ਹਮੇਸ਼ਾ ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ।। ਅਤੇ ਜੈਕਾਰ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ।। ਦੀ ਰੀਤ ਰਹੀ ਹੈ ਅਤੇ ਇਹੀ ਰਹੇਗੀ। ਇਹ ਬਚਨ ਗੁਰੂ ਦੀਆਂ ਫੌਜਾਂ ਨੇ ਤਕਰੀਬਨ 3 ਦਹਾਕੇ ਪਹਿਲਾਂ ਚੱਲੇ ਸੰਘਰਸ਼ ਵਿੱਚ ਵੀ ਕਮਾਇਆ ਅਤੇ ਅਗਾਂਹ ਵੀ ਜਦੋਂ ਜਦੋਂ ਗੁਰੂ ਦੇ ਨੇੜੇ ਹੋ ਕੇ ਕੋਈ ਅਮਲ ਹੋਵੇਗਾ ਤਾਂ ਇਹ ਬਚਨ ਖੁਦ-ਬ-ਖੁਦ ਗੁਰੂ ਦੀ ਕਲਾ ਅਤੇ ਬਖਸ਼ਿਸ਼ ਨਾਲ ਪੂਰਾ ਨਿਭੇਗਾ।

ਸ਼ਬਦ ਦਾ ਅਦਬ: ਜਦੋਂ ਗੁਰੂ ਸਾਹਿਬ ਨੇ ਰਾਮ ਰਾਇ ਨੂੰ ਔਰੰਗਜ਼ੇਬ ਕੋਲ ਭੇਜਿਆ ਸੀ ਤਾਂ ਬਕਾਇਦਾ ਗੁਰੂ ਸਾਹਿਬ ਨੇ ਕਿਹਾ ਸੀ ਕਿ ਨਿਰਭੈ ਹੋ ਕੇ ਹਰ ਗੱਲ ਦਾ ਜਵਾਬ ਦੇਣਾ, ਝੂਠੀ ਬਨਾਉਟ ਨਹੀਂ ਕਰਨੀ, ਕੋਈ ਗੱਲ ਗੁਰੂ ਨਾਨਕ ਦੇ ਆਸ਼ੇ ਦੇ ਉਲਟ ਨਹੀਂ ਕਰਨੀ ਅਤੇ ਨਾਲ ਹੀ ਯਕੀਨ ਦਵਾਇਆ ਸੀ ਕਿ ਜਦ ਤੀਕ ਸ਼੍ਰੀ ਗੁਰੂ ਨਾਨਕ ਜੀ ਦੇ ਆਸ਼ੇ ਅਨੁਸਾਰ ਗੱਲ ਕਰੋਗੇ ਸਭ ਠੀਕ ਹੋਵੇਗਾ। ਪਰ ਰਾਮ ਰਾਇ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਬਾਣੀ ਦੀ ਪੰਗਤੀ ਬਦਲ ਦਿੱਤੀ ਅਤੇ ਪ੍ਰਮਾਤਮਾ ਨੇ ਉਸੇ ਵੇਲੇ ਉਹਦਾ ਸਾਥ ਛੱਡ ਦਿੱਤਾ। ਭਾਵੇਂ ਬਦਲੇ ਵਿੱਚ ਔਰੰਗਜ਼ੇਬ ਵੱਲੋਂ ਜਗੀਰ ਮਿਲੀ ਪਰ ਪਾਤਸ਼ਾਹ ਨੇ ਸਿੱਖੀ ਵਿੱਚੋਂ ਖਾਰਜ ਕਰ ਦਿੱਤਾ ਤੇ ਕਿਹਾ ਹੁਣ ਸਾਡੇ ਮੱਥੇ ਨਾ ਲੱਗੀਂ। ਬਾਣੀ ਦੇ ਅਦਬ ਵਿੱਚ ਪਾਤਸ਼ਾਹ ਦਾ ਆਪਣੇ ਪੁੱਤਰ ਨੂੰ ਮੱਥੇ ਲੱਗਣ ਤੋਂ ਮਨ੍ਹਾ ਕਰਨਾ ਸਾਡੇ ਲਈ ਹਾਲ ਹੀ ਵਿੱਚ ਕੁਝ ਵਰ੍ਹੇ ਪਹਿਲਾਂ ਗੁਰੂ ਦੇ ਅਦਬ ਸੰਬੰਧੀ ਸਾਡੇ ਅਮਲ ਨੂੰ ਪ੍ਰਸ਼ਨ ਚਿੰਨ੍ਹ ਜਰੂਰ ਲਾ ਰਿਹਾ ਹੈ। ਭਾਵੇਂ ਕਿ ਸਮੇਂ ਅਨੁਸਾਰ ਗੁਰੂ ਦੀ ਖੇਡ ਹਮੇਸ਼ਾ ਵਾਙ ਵਰਤੇਗੀ ਤੇ ਕਰਨੀ ਦਾ ਫਲ ਸਾਰੇ ਭੋਗਣਗੇ ਪਰ ਜਦੋਂ ਅਸੀਂ ਕੋਈ ਯਾਦ ਕੋਈ ਦਿਹਾੜਾ ਮਨਾ ਰਹੇ ਹਾਂ ਤਾਂ ਸਾਡਾ ਫਰਜ਼ ਬਣਦਾ ਹੈ ਕਿ ਸੱਚੇ ਦਿਲੋਂ ਸ਼ਰਧਾ ਇਮਾਨਦਾਰੀ ਨਾਲ ਉਹ ਯਾਦ ਨੂੰ ਤਾਜ਼ਾ ਕੀਤਾ ਜਾਵੇ। ਫਿਰ ਹੀ ਅਸੀਂ ਪਿਉ ਦਾਦੇ ਦੇ ਖਜਾਨੇ ਦੇ ਦਰਸ਼ਨ ਕਰ ਸਕਾਂਗੇ। ਪਿਊ ਦਾਦੇ ਕਾ ਖੋਲਿ ਡਿਠਾ ਖਜਾਨਾ।। ਤਾ ਮੇਰੈ ਮਨਿ ਭਇਆ ਨਿਧਾਨਾ।।

ਰਾਜਿਆਂ ਨੂੰ ਉਪਦੇਸ਼: ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨੂੰ ਕਿਹਾ ਕਿ ਹੰਕਾਰ ਦਾ ਤਿਆਗ ਕਰੋ, ਹਲੀਮੀ ਵਾਲਾ ਰਾਜ ਕਰੋ, ਪਰਜਾ ਨੂੰ ਦੁਖੀ ਨਾ ਕਰੋ, ਪਰਜਾ ਨੂੰ ਦੁਖੀ ਕਰੋਂਗੇ ਤਾਂ ਕਰਤਾਰ ਦੀ ਕ੍ਰੋਪੀ ਅਤੇ ਨਰਕਾਂ ਦੇ ਭਾਗੀ ਬਣੋਗੇ। ਪਰਜਾ ਜੜ੍ਹ ਹੁੰਦੀ ਹੈ ਅਤੇ ਰਾਜੇ ਰੁੱਖ ਦੀਆਂ ਸ਼ਾਖਾਂ। ਜਿਹੜਾ ਰਾਜਾ ਪਰਜਾ ਨੂੰ ਦੁਖੀ ਕਰਦਾ ਹੈ ਉਹ ਆਪਣੇ ਜੜ੍ਹੀਂ ਆਪ ਕੁਹਾੜਾ ਮਾਰਦਾ ਹੈ। ਸੋ ਇਹ ਉਪਦੇਸ਼ ਦਾ ਭੈ ਜੇਕਰ ਹੁਣ ਦੇ ਰਾਜਿਆਂ ਨੂੰ ਨਹੀਂ ਹੈ ਤਾਂ ਉਹਨਾਂ ਨੂੰ ਭਵਿੱਖ ਦੀ ਹੋਣੀ ਦਾ ਵੀ ਅੰਦਾਜ਼ਾ ਲਾ ਕੇ ਅਪਣਾ ਅਮਲ ਜਾਰੀ ਰੱਖਣਾ ਚਾਹੀਦਾ ਹੈ, ਕੋਈ ਭੁਲੇਖਾ ਨਹੀਂ ਰੱਖਣਾ ਚਾਹੀਦਾ। ਇਤਿਹਾਸ ਵਿੱਚ ਜਦੋਂ ਬਾਦਸ਼ਾਹ ਨੇ ਗੁਰੂ ਜੀ ਨੂੰ ਫਰੇਬੀ ਸੋਚ ਨਾਲ ਸੱਦਣਾ ਚਾਹਿਆ ਸੀ ਤਾਂ ਗੁਰੂ ਜੀ ਨੇ ਚਿੱਠੀ ਦੇ ਜਵਾਬ ਵਿੱਚ ਕਿਹਾ “ਨਾ ਤੇਰੇ ਜਗੀਰਦਾਰ ਹਾਂ ਨਾ ਮੁਲਾਜ਼ਮ, ਨਾ ਹੀ ਸਾਨੂੰ ਕਿਸੇ ਮਾਨ ਵਡਿਆਈ ਅਤੇ ਧਨ ਦੀ ਚਾਹ ਹੈ, ਜੇ ਕਦੇ ਸੁਤੇ ਸਿੱਧ ਦਿੱਲੀ ਆਏ ਤਾਂ ਮੇਲ ਹੋ ਜਾਵੇਗਾ।” ਪਰ ਫਿਰ ਨਾਲ ਦਿਆਂ ਦਾ ਭੜਕਾਇਆ ਬਾਦਸ਼ਾਹ ਭੁੱਲ ਗਿਆ ਕੇ “ਕੋਊ ਹਰਿ ਸਮਾਨ ਨਹੀਂ ਰਾਜਾ।। ” ਅਤੇ ਤਿੰਨ ਦਫ਼ਾ ਉਸਨੇ ਆਪਣੇ ਬੰਦੇ ਭੇਜੇ ਪਰ ਕਲਾ ਗੁਰੂ ਦੀ ਐਸੀ ਵਰਤੀ ਕਿ ਉਹ ਰਸਤੇ ਵਿੱਚ ਹੀ ਕਿਸੇ ਨਾ ਕਿਸੇ ਬਿਧ ਨਾਲ ਮਰ ਖਪ ਜਾਂਦੇ। ਸਿੱਖ ਇਤਿਹਾਸ ਵਿੱਚ ਹੁਣ ਤਕ ਜਦੋਂ ਵੀ ਕਿਸੇ ਨੇ ਹਕੂਮਤ ਦੇ ਨਸ਼ੇ ਵਿੱਚ ਗੁਰੂ ਨਾਲ ਮੱਥਾ ਲਾਇਆ ਹੈ ਤਾਂ ਉਹਦੀ ਅੱਤ ਦਾ ਅੰਤ ਹਮੇਸ਼ਾ ਬੁਰਾ ਹੀ ਹੋਇਆ ਹੈ।

ਸਮਰਪਣ/ਬੋਲ ਪੁਗਾਉਣੇ: ਜਦੋਂ ਇਕ ਬ੍ਰਾਹਮਣ ਦਾ ਪੁੱਤ ਮਰਨ ਤੇ ਉਹਨਾ ਆਪਣੇ ਪੁੱਤ ਦੀ ਦੇਹ ਗੁਰੂ ਸਾਹਿਬ ਜੀ ਦੇ ਬੂਹੇ ਅੱਗੇ ਲਿਆ ਰੱਖੀ ਅਤੇ ਕਿਹਾ ਕਿ ਜੇਕਰ ਗੁਰੂ ਜੀ ਸਾਡੇ ਪੁੱਤ ਨੂੰ ਨਹੀਂ ਜਿਵਾਉਣਗੇ ਤਾਂ ਅਸੀਂ ਵੀ ਆਪਣਾ ਪੇਟ ਪਾੜ ਕੇ ਇੱਥੇ ਹੀ ਮਰ ਜਾਵਾਂਗੇ ਉਦੋਂ ਸਿਆਣੇ ਸਿੱਖਾਂ ਨੇ ਸੋਚਿਆ ਵੀ ਜੇ ਨਾ ਜੀਵਾਇਆ ਤਾਂ ਲੋਕ ਆਖਣਗੇ ਗੁਰੂ ਕਿਆਂ ਵਿਚ ਕਲਾ ਨਹੀਂ, ਜੇ ਜੀਵਾਇਆ ਤਾਂ ਕੱਲ ਨੂੰ ਕੋਈ ਹੋਰ ਇਸ ਤਰ੍ਹਾਂ ਕਰੇਗਾ ਪਰ ਅੰਤ ਸਲਾਹ ਹੋਈ ਕਿ ਜੀਵਾਏ ਬਿਨਾ ਗੱਲ ਨਹੀਂ ਬਣਨੀ। ਗੁਰੂ ਜੀ ਨੇ ਸੁਣ ਕੇ ਆਖਿਆ ਕਿ ਇਹ ਤਾਂ ਪ੍ਰਾਣਾਂ ਬਦਲੇ ਪ੍ਰਾਣ ਦੇਣੇ ਹਨ। ਜੇ ਜੀਵਾਏ ਤੋਂ ਹੀ ਇਜ਼ੱਤ ਰਹਿੰਦੀ ਹੈ ਤਾਂ ਕੋਈ ਸਿੱਖ ਆਪਣੀ ਉਮਰ ਦਿਉ, ਸਭ ਚੁੱਪ। ਗੁਰੂ ਜੀ ਨੇ ਫਿਰ ਦੂਜੀ ਵਾਰ ਪੁੱਛਿਆ ਤਾਂ ਭਾਈ ਭਗਤੂ ਦੇ ਪੁੱਤਰ ਭਾਈ ਜਿਉਣ ਨੇ ਸੋਚਿਆ ਮਰਨਾ ਤਾਂ ਇਕ ਦਿਨ ਜਰੂਰ ਹੈ, ਜੇ ਇਸ ਦੁਖੀਏ ਦਾ ਪੁੱਤ ਜਿਉਂ ਉੱਠੇ ਤਾਂ ਮਰਨਾ ਸਫਲ ਨਾਲੇ ਗੁਰੂ ਜੀ ਦੀ ਖੁਸ਼ੀ। ਤੇ ਫਿਰ ਗੁਰੂ ਦੇ ਸਿੱਖ ਨੇ ਗੁਰੂ ਦੇ ਬੋਲ ਪੁਗਾਏ ਤੇ “ਕਬੀਰ ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਹੈ ਸੋ ਤੇਰਾ।। ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ।।” ਬਚਨ ਨੂੰ ਕਮਾਇਆ। ਉਸੇ ਪਲ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋ ਗਿਆ। “ਮਿਰਤਕ ਕਉ ਜਿਵਾਲਨਹਾਰ।।” ਪਾਤਸ਼ਾਹ ਨੇ ਬ੍ਰਾਹਮਣ ਦੇ ਪੁੱਤਰ ਨੂੰ ਜਿਉਂਦਾ ਕੀਤਾ। ਗੁਰੂ ਦੇ ਸਿੱਖਾਂ ਨੇ ਦੱਸਿਆ ਕਿ ਜਦੋਂ ਗੁਰੂ ਦੇ ਰਾਹ ਤੇ ਤੁਰਨਾ ਹੈ ਤਾਂ ਗੁਰੂ ਨੂੰ ਸਮਰਪਿਤ ਹੋ ਕੇ ਹੀ ਤੁਰੀਦਾ ਹੈ, ਸਭ ਕੁਛ ਗੁਰੂ ਦਾ ਆਪਣਾ ਕੁਛ ਵੀ ਨਹੀਂ। ਹੁਣ ਜੇਕਰ ਇਸ ਰਾਹ ਦੇ ਪਾਂਧੀਆਂ ਨੂੰ ਇਕੱਠੇ ਚੱਲਣ ਵਿੱਚ ਦਿੱਕਤਾਂ ਆ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਆਪਾ ਸਮਰਪਣ ਵਿੱਚ ਗੜਬੜ ਹੈ, ਇਹ ਗੜਬੜ ਬਹੁਤ ਵੱਡਾ ਗੁਨਾਹ ਹੈ। ਹਰਿੰਦਰ ਸਿੰਘ ਮਹਿਬੂਬ ਲਿਖਦੇ ਹਨ ਕਿ “ਗੁਰੂ ਤੋਂ ਇਕੱਲ ਯਾਅਨੀ ਗੁਰੂ ਨੂੰ ਸੀਸ ਨਾ ਦੇਣਾ ਸਿੱਖ ਦਾ ਸਭ ਤੋਂ ਵੱਡਾ ਗੁਨਾਹ ਹੈ।” ਅਤੇ ਉਹ ਨਾਲ ਇਹ ਵੀ ਲਿਖਦੇ ਹਨ “ਪਰ ਇਸ ਗੁਨਾਹ ਦੀਆਂ ਕੁਝ ਬੇਚੈਨੀਆਂ ਨੂੰ ਕਿਸੇ ਹਲੀਮੀ ਨਾਲ ਕੋਮਲ ਕਰਨਾ, ਅਰਦਾਸ ਨਾਲ ਗੁਰੂ ਦੀ ਮਿਹਰ ਤੱਕਣ ਨਾਲ ਗੁਰੂ ਨਵੀਆਂ ਮਹੱਬਤਾਂ ਦੇ ਚਾਵਾਂ ਨਾਲ ਆਪਣੇ ਭੁੱਲੇ ਬੱਚਿਆਂ ਨੂੰ ਗਲ ਨਾਲ ਲਾਵੇਗਾ।”

ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਅਸੀਂ ਇਹ ਗੁਨਾਹ ਹੋਰ ਨਾ ਕਰੀਏ ਤੇ ਪਾਤਸ਼ਾਹ ਦੇ ਦੱਸੇ ਰਾਹ ਉੱਤੇ ਸਾਡੇ ਰਹਿੰਦੇ ਸਵਾਸ ਲੱਗ ਜਾਣ ਅਤੇ ਸਾਨੂੰ ਇਹ ਦਿਹਾੜੇ ਮਨਾਉਣ ਦਾ ਵੱਲ ਗੁਰੂ ਸਾਹਿਬ ਸਿਖਾ ਦੇਣ। ਪਾਤਸ਼ਾਹ ਜਰੂਰ ਮਿਹਰ ਕਰਨਗੇ, ਬਸ ਅਸੀਂ ਭੁੱਲੇ ਬੱਚਿਆਂ ਵਾਙ ਗੁਰੂ ਨੂੰ ਅਰਦਾਸ ਕਰੀਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version