ਚੰਡੀਗੜ੍ਹ: ਗਰਮ ਖਿਆਲੀ ਹਿੰਦੂ ਸੰਗਠਨਾਂ ਵੱਲੋਂ ਗੁੜਗਾਉਂ ਵਿੱਚ ਵੱਖ-ਵੱਖ ਥਾਵਾਂ ਉੱਤੇ ਖੁੱਲ੍ਹੇ ਵਿੱਚ ਨਮਾਜ਼ ਅਦਾ ਕਰਨ ਤੋਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਰੋਕੇ ਜਾਣ ਦੇ ਮਾਮਲੇ ‘ਤੇ ਟਿੱਪਣੀ ਕਰਦਿਆਂ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਅਜਿਹੇ ਇਕੱਠ ਮਸਜਿਦਾਂ, ਈਦਗਾਹਾਂ ਜਾਂ ਨਿਜੀ ਥਾਵਾਂ ਉੱਤੇ ਹੀ ਹੋਣੇ ਚਾਹੀਦੇ ਹਨ।
ਜੇ ਕੋਈ ਇਤਰਾਜ਼ ਨਹੀਂ ਕਰਦਾ ਤਾਂ ਕੋਈ ਗੱਲ ਨਹੀ ਜੇ ਕੋਈ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਇਤਰਾਜ਼ ਕਰਦਾ ਹੈ ਤਾਂ ਫਿਰ ਮਾਮਲਾ ਬਣਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਅਮਨ ਕਾਨੂੰਨ ਨੂੰ ਯਕੀਨੀ ਬਣਾਏਗੀ।
ਸਬੰਧਿਤ ਖ਼ਬਰ: ਗੁੜਗਾਂਓਂ ਵਿਚ ਹਿੰਦੁਤਵੀਆਂ ਨੇ ਮੁਸਲਮਾਨਾਂ ਨੂੰ ਵੱਖ-ਵੱਖ ਥਾਵਾਂ ‘ਤੇ ਨਮਾਜ਼ ਪੜ੍ਹਨ ਤੋਂ ਰੋਕਿਆ
ਹਿੰਦੂ ਸੰਗਠਨਾਂ ਨੇ ਗੁੜਗਾਉਂ ਵਿੱਚ ਪਿਛਲੇ ਦਿਨੀਂ ਸ਼ੁੱਕਰਵਾਰ ਨੂੰ ਖੁੱਲ੍ਹੇ ਮੈਦਾਨ ਵਿੱਚ ਨਮਾਜ਼ ਅਦਾ ਕਰਨ ਤੋਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਰੋਕ ਦਿੱਤਾ ਸੀ। ਬਰਤਾਨੀਆ ਰਵਾਨਾ ਹੋਣ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਨਜ਼ਰੀਆ ਹੈ ਕਿ ਨਮਾਜ਼ ਮਸਜਿਦਾਂ ਅਤੇ ਈਦਗਾਹਾਂ ਦੇ ਅੰਦਰ ਹੀ ਅਦਾ ਕਰਨੀ ਚਾਹੀਦੀ ਹੈ ਅਤੇ ਜੇ ਥਾਂ ਦੀ ਤੰਗੀ ਹੈ, ਫਿਰ ਨਿਜੀ ਥਾਵਾਂ ਉੱਤੇ ਅਦਾ ਕਰਨੀ ਚਾਹੀਦੀ ਹੈ।
ਪੁਲੀਸ ਸੂਤਰਾਂ ਅਨੁਸਾਰ ਪਿਛਲੇ ਦੋ ਹਫ਼ਤਿਆਂ ਤੋਂ ਵਜ਼ੀਰਾਬਾਦ, ਅਤੁਲ ਕਟਾਰੀਆ ਚੌਕ, ਸਾਈਬਰ ਪਾਰਕ, ਬਖ਼ਤਾਵਰ ਚੌਕ ਆਦਿ ਥਾਵਾਂ ਉੱਤੇ ਨਮਾਜ਼ ਅਦਾ ਕਰਨ ਤੋਂ ਸ਼ਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਹਿੰਦੂ ਕਰਾਂਤੀ ਦਲ ਅਤੇ ਹੋਰ ਸੰਗਠਨਾਂ ਦੇ ਕਾਰਕੁਨ ਅੜਿੱਕੇ ਪਾ ਰਹੇ ਹਨ।
ਖੱਟਰ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਚੌਕਸ ਕੀਤਾ ਹੋਇਆ ਹੈ ਅਤੇ ਕਿਸੇ ਵੀ ਹਾਲਤ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਨਹੀ ਦਿੱਤੀ ਜਾਵੇਗੀ ਅਤੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ।