Site icon Sikh Siyasat News

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਪ੍ਰਧਾਨ ਮੰਤਰੀ ਦੇ ਨਾਮ ਪੰਜਾਬ ਉੱਪਰ ਜੁਲਮਾਂ ਬਾਰੇ ਖੁੱਲ੍ਹੀ ਚਿੱਠੀ

ਪੰਜਾਬ ਵਿਚ ਮਨੁੱਖੀ ਹੱਕਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਜਥੇਬੰਦੀ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ ਹੈ। ਜਥੇਬੰਦੀ ਵਲੋਂ ਲਿਖੀ ਗਈ ਚਿੱਠੀ ਹੂਬਹੂ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਛਾਪੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਜੀ,

ਅਸੀਂ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਦੇ ਵਾਸੀ ਝੂਠੇ ਮੁਕਾਬਲਿਆਂ ਵਿੱਚ ਖਤਮ ਕੀਤੇ ਨੌਜਵਾਨਾਂ ਦੇ ਵਾਰਸ ਹਾਂ।

ਹੈਰਾਨੀ ਹੁੰਦੀ ਹੈ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਬਲੋਚਸਤਾਨ ਉੱਪਰ ਜੁਲਮਾਂ ਬਾਰੇ ਲਾਲ ਕਿਲੇ ਤੋਂ ਲਾਲ ਪੀਲਾ ਹੁੰਦਾ ਹੈ ਪਰ ਪੰਜਾਬ ਉੱਪਰ 1984 ਤੋਂ ਖਾਸ ਕਰਕੇ ਢਾਹੇ ਜਾ ਰਹੇ ਜੁਲਮਾਂ ਬਾਰੇ ਲਾਲ ਕਿਲੇ ਤੋਂ ਇੱਕ ਸ਼ਬਦ ਨਹੀਂ ਬੋਲਦਾ। ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਵਾਰਸਾਂ ਵੱਲੋਂ ਜੁਲਮ ਦੇ ਖਿਲਾਫ ਦਿੱਤੀਆਂ ਸ਼ਹਾਦਤਾਂ ਕਾਰਨ ਭਾਰਤੀ ਹਾਕਮ ਲਾਲ ਕਿਲੇ ਤੋਂ ਅਜਾਦੀ ਦੇ ਜਸ਼ਨ ਮਨਾਉਂਦੇ ਹਨ। ਗੁਰਾਂ ਦੇ ਨਾਮ ਤੇ ਵਸਦਾ ਪੰਜਾਬ ਪੁੱਛਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਉੱਪਰ 72 ਘੰਟੇ ਤੋਪਾਂ ਟੈਕਾਂ ਨਾਲ ਗੈਰ ਕਾਨੂੰਨੀ ਅਤੇ ਗੈਰ ਵਿਧਾਨਕ ਤਰੀਕੇ ਨਾਲ ਕੀਤੀ ਗੋਲਾਬਾਰੀ ਦੀ ਲਾਲ ਕਿਲੇ ਤੋਂ ਗੱਲ ਕਿਉਂ ਨਹੀਂ ਹੁੰਦੀ? ਉਹ ਗੁਰੂ ਘਰ ਜਿੱਥੋਂ ਮਨੁੱਖੀ ਬਰਾਬਰਤਾ, ਜਾਤਪਾਤ ਦੇ ਖਾਤਮੇ, ਜੁਲਮ ਦੀ ਵਿਰੋਧਤਾ ਨਿਮਾਣਿਆਂ-ਨਿਤਾਣਿਆਂ ਦਾ ਸੰਗ ਅਤੇ ਸਰਬੱਤ ਦੇ ਭਲੇ ਦੀ ਸੇਧ ਮਿਲਦੀ ਹੈ ਉੱਪਰ ਜੁਲਮਾਂ ਦੀ ਸਿਖਰ ਕਰਕੇ ਬੇਦੋਸ਼ੇ ਹਜਾਰਾ ਨੂੰ ਸ਼ਹੀਦ ਕਰ ਦਿੱਤਾ। ਇਸ ਬਾਰੇ ਲਾਲ ਕਿਲੇ ਤੋਂ ਕਦੇ ਗਲੱ ਨਹੀਂ ਹੋਈ। ਕਿਉਂ ਪੰਜਾਬ ਅੰਦਰ ਹਜ਼ਾਰਾ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਗੈਰ ਕਾਨੂੰਨੀ ਤਰੀਕੇ ਨਾਲ ਝੂਠੇ ਮੁਕਾਬਲਿਆਂ ਵਿੱਚ ਖਤਮ ਕਰ ਦਿੱਤਾ ਜਾਵੇ, ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਵਿੱਚ ਬਦਲਿਆ ਜਾਵੇ ਪਰ ਲਾਲ ਕਿਲੇ ਤੋਂ ਕੋਈ ਗੱਲ ਨਾਂ ਹੋਵੇ। ਧੀਆਂ ਭੈਣਾਂ ਦੀਆਂ ਇਜੱਤਾਂ ਥਾਣਿਆਂ ਵਿੱਚ ਰੋਲ ਕੇ ਝੂਠੇ ਮੁਕਾਬਲੇ ਬਣਾਏ ਗਏ। ਪਰ ਨਾਂ ਲਾਲ ਕਿਲੇ ਤੇ ਚਰਚਾ ਹੋਈ ਨਾਂ ਪਾਰਲੀਮੈਂਟ ਵਿੱਚ ਨਾਂ ਵਿਧਾਨ ਸਭਾ ਵਿੱਚ। ਪ੍ਰਕਾਸ਼ ਸਿੰਘ ਬਾਦਲ 1997 ਤੋਂ ਸੂਬੇ ਦਾ 15 ਸਾਲ ਮੁੱਖ-ਮੰਤਰੀ ਰਿਹਾ। ਕੇ.ਪੀ.ਐੱਸ. ਗਿੱਲ ਨਾਲ ਲੁਕ ਛਿਪ ਕੇ ਮੁਲਾਕਾਤਾਂ ਕਰਨ ਵਾਲੇ ਇਸ ਮੁੱਖ-ਮੰਤਰੀ ਨੂੰ ਇੱਕਵੀ ਝੂਠਾ ਮੁਕਾਬਲਾ ਨਜ਼ਰ ਨਾਂ ਆਇਆ। ਉਸ ਨੇ ਦੋਸ਼ੀਆਂ ਨਾਲ ਯਾਰੀ ਨਿਭਾਈ।

ਇੰਨ੍ਹਾਂ ਹੀ ਨਹੀਂ ਜੀਜੇ-ਸਾਲੇ ਦੀ ਸਰਕਾਰ ਸਮੇਂ ਪੰਜਾਬ ਦੀ ਲੁੱਟ ਸਿਖਰਾਂ ਛੂ ਗਈ। ਉਨ੍ਹਾਂ ਨਸ਼ਿਆਂ ਰਾਹੀਂ ਜਵਾਨੀ ਦੀ ਕੁਲ ਨਾਸ਼ ਨੂੰ ਅਮਲੀ ਰੂਪ ਦਿੱਤਾ। ਪਿਛਲੇ 25-30 ਸਾਲਾਂ ਤੋਂ ਗੈਰ ਕਾਨੂੰਨੀ ਤੌਰ ਤੇ ਜੇਲਾਂ ਵਿੱਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਕਦੀ ਲਾਲ ਕਿਲੇ ਤੋਂ ਚਰਚਾ ਨਹੀਂ ਹੋਈ ਰਿਹਾਈ ਤਾਂ ਕਰਨੀ ਦੂਰ ਦੀ ਗੱਲ। ਨਵੰਬਰ 84 ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਤਾਂ ਕੀ ਦੇਣੀਆਂ ਸਨ ਨਾਨਾਵਤੀ ਕਮਿਸ਼ਨ ਨੇ ਰਜੀਵ ਗਾਂਧੀ ਨੂੰ ਕਲੀਨ ਚਿੱਟ ਦੇ ਦਿੱਤੀ ਜਿਹੜਾ ਕਹਿੰਦਾ ਸੀ ਜਦੋਂ ਵੱਡਾ ਰੱਖ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ।

ਹੱਦ ੳਦੋਂ ਹੋ ਗਈ ਜਦੋਂ ਇਸ ਦੇਸ਼ ਵਿੱਚ ਪੰਜਾਬ ਸੂਬੇ ਦਾ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਕੋਲ 21 ਨੌਜਵਾਨ ਪੇਸ਼ ਕਰਾਉਂਦਾ ਹੈ ਅਤੇ ਸਾਰੇ ਬੇਅੰਤ ਸਰਕਾਰ ਵੱਲੋਂ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤੇ ਜਾਂਦੇ ਹਨ। ਪਰ ਕੋਈ ਪੜਤਾਲ ਨਹੀਂ ਕੋਈ ਚਰਚਾ ਨਹੀਂ। ਪਰ ਲਾਲ ਕਿਲੇ ਤੋਂ ਕਦੇ ਚਰਚਾ ਨਹੀ ਹੁੰਦੀ। ਬੇਟੀ ਬਚਾਓ, ਬੇਟੀ ਪੜਾਉਣ ਦੀਆਂ ਗੱਲਾਂ ਹੋ ਰਹੀਆਂ ਹਨ। ਪੰਜਾਬ ਦੀਆਂ 6000 ਬੇਟੀਆਂ 6 ਸਾਲਾਂ ਵਿੱਚ ਇਕ ਨਸ਼ਾ ਛਡਾਉ ਕੇਂਦਰ ਵਿੱਚ ਨਸ਼ਾ ਛੱਡਣ ਲਈ ਦਾਖਲ ਹੋਈਆਂ। ਲਾਲ ਕਿਲੇ ਤੋਂ ਕਦੀ ਨਹੀਂ ਦੱਸਿਆ ਗਿਆ ਕਿ ਦੇਸ਼ ਦਾ ਕਿਸਾਨ ਗਰੀਬ ਕਿਉਂ ਖੁਦਕਸ਼ੀਆਂ ਕਰ ਰਿਹਾ ਹੈ ਅਤੇ ਵੱਡੇ ਮਾਇਆਧਾਰੀ ਅੰਬਾਨੀ, ਅਦਾਨੀ, ਟਾਟੇ, ਬਿਰਲੇ, ਰਾਮਦੇਵ, ਬਾਦਲਕੇ ਅਰਬਾਪਤੀ ਕਿਵੇਂ ਬਣ ਗਏ। ਲਾਲ ਕਿਲੇ ਤੋਂ ਕਦੇ ਨਹੀਂ ਦੱਸਿਆ ਗਿਆ ਕਿ 100 ਦੇ ਕਰੀਬ ਲੋਟੂਆਂ ਦਾ ਟੋਲਾ 71% ਜਾਇਦਾਦ ਤੇ ਕਿਵੇਂ ਕਾਬਜ ਹੋ ਗਿਆ? ਗਊ ਹੱਤਿਆ ਰੋਕਣ ਦੇ ਨਾਮ ਤੇ ਇਨਸਾਨਾਂ ਦੀ ਹੱਤਿਆ ਨੂੰ ਜਾਇਜ ਠਹਿਰਾਇਆ ਜਾ ਰਿਹਾ ਹੈ। ਕਸ਼ਮੀਰ ਅੰਦਰ ਬੋਲੀ ਨਾਲ ਕੰਮ ਚਲਾਉਣ ਦੀ ਬਜਾਏ ਗੋਲੀ ਨਾਲ ਕੰਮ ਚਲਾਇਆ ਜਾ ਰਿਹਾ ਹੈ। ਪੰਜਾਬ ਨੇ 1947 ਵਿੱਚ ਵਰਣਵੰਡ ਦੇ ਪਹਿਰੇਦਾਰਾਂ ਦੀਆਂ ਨੀਤੀਆਂ ਕਾਰਨ ਆਪਣੀ ਬਰਬਾਦੀ ਕਰਾ ਕੇ ਹਿੰਦੋਸਤਾਨ ਨੂੰ ਅਜਾਦੀ ਦਿਵਾਈ। ਲੱਖਾਂ ਲੋਕਾਂ ਦਾ ਕਤਲੇਆਮ ਕਰਵਾਇਆ ਪਰ ਪੰਜਾਬ ਦੀ ਲਾਲ ਕਿਲੇ ਤੋਂ ਗੱਲ ਨਾ ਹੋਈ। ਪੰਜਾਬ ਦਾ ਪਾਣੀ, ਬਿਜਲੀ, ਇਲਾਕੇ ਰਾਜਧਾਨੀ ਖੋਹੀ ਪਰ ਲਾਲ ਕਿਲੇ ਤੋਂ ਕਦੇ ਚਰਚਾ ਨਾ ਹੋਈ। ਗੁਰਾਂ ਦਾ ਪੰਜਾਬ ਚਾਹੁੰਦਾ ਹੈ ਜੰਗਲ ਰਾਜ ਦਾ ਖਾਤਮਾ ਹਲੇਮੀ ਰਾਜ ਦੀ ਸਥਾਪਨਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version