Site icon Sikh Siyasat News

2017 ਪੰਜਾਬ ਵਿਧਾਨ ਸਭਾ ਚੋਣਾਂ : ਵੋਟਰਾਂ ਤਕ ਪਹੁੰਚਣ ਲਈ ਪੰਜਾਬੀ ਸਿੱਖ ਰਿਹਾ ਹੈ ਅਰਵਿੰਦ ਕੇਜਰੀਵਾਲ

ਅਰਵਿੰਦ ਕੇਜਰੀਵਾਲ (ਪੁਰਾਣੀ ਫੋਟੋ)

ਨਵੀਂ ਦਿੱਲੀ: 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਹਰ ਪੱਖੋਂ ਮਜਬੂਤ ਹੋਣ ਲਈ ਨਿੱਤ ਨਵੀਂ ਘਾਲਣਾ ਘਾਲਦੀ ਰਹਿੰਦੀ ਹੈ ਤੇ ਅੱਜਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਗੁਰਮੁਖੀ ਸਿੱਖਣ ਦਾ ਮਾਮਲਾ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੁਣਨ ’ਚ ਆ ਰਿਹਾ ਹੈ ਕਿ ਗੁਰਮੁਖੀ ਸਿੱਖਣ ਲਈ ਮੁੱਖ ਮੰਤਰੀ ਕਾਫੀ ਮਿਹਨਤ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕਾਂ ਨਾਲ ਸਿੱਧੇ ਤੌਰ ’ਤੇ ਜੁੜਣ ਲਈ ਪੰਜਾਬੀ ਜ਼ੁਬਾਨ ਸਿੱਖਣਾ ਬਹੁਤ ਲਾਜ਼ਮੀ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (ਫਾਈਲ ਫੋਟੋ)

ਸੂਤਰਾਂ ਅਨੁਸਾਰ ਪਿਛਲੇ ਮਹੀਨੇ ਤੋਂ ਉਹ ਰੋਜ਼ਾਨਾ 2 ਘੰਟੇ ਦੀ ਕਲਾਸ ਵੀ ਲੈ ਰਹੇ ਹਨ। ਇਸ ਬਾਰੇ ਜਦ ਆਮ ਆਦਮੀ ਪਾਰਟੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਨੇ ਪੰਜਾਬੀ ਸਿੱਖ ਲਈ ਹੈ ਅਤੇ ਉਹ ਲਿਖ ਲੈਂਦੇ ਹਨ ਤੇ ਪੜ੍ਹ ਵੀ ਲੈਂਦੇ ਹਨ। ਉਨ੍ਹਾਂ ਤੇ ਮੁੱਖ ਮੰਤਰੀ ਵਿਚਾਲੇ ਗੱਲਬਾਤ ਦਾ ਸਿਲਸਿਲਾ ਹੁਣ ਪੰਜਾਬੀ ਭਾਸ਼ਾ ’ਚ ਹੀ ਚੱਲਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕੋਈ ਜਾਣਕਾਰੀ ਦੇਣ ਤੋਂ ਗੁਰੇਜ ਕੀਤਾ।

ਰਾਜੌਰੀ ਗਾਰਡਨ ਤੋਂ ਵਿਧਾਇਕ ਜਰਨੈਲ ਸਿੰਘ ਪੱਤਰਕਾਰ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਅਜੇ ਪੰਜਾਬੀ ਸਿੱਖ ਰਹੇ ਹਨ। ਜ਼ਿਕਰੇਖਾਸ ਹੈ ਕਿ ਕੇਜਰੀਵਾਲ ਨੇ ਆਪਣੇ ਭਾਸ਼ਣਾਂ ਦੌਰਾਨ ਪੰਜਾਬ ਭਾਸ਼ਾ ਦੀ ਵਰਤੋਂ ਕੀਤੀ ਸੀ ਤੇ ਪੰਜਾਬੀ ’ਚ ਗਾਣਾ ਵੀ ਗਾਇਆ ਸੀ। ਕੇਜਰੀਵਾਲ ਦੇ ਪੰਜਾਬੀ ਸਿੱਖਣ ਬਾਰੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੇਜਰੀਵਾਲ ਦੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦਾ ਪਤਾ ਨਹੀਂ ਪਰ ਕੇਜਰੀਵਾਲ ਦਾ ਪੰਜਾਬੀ ਭਾਸ਼ਾ ਦਾ ਗਿਆਨ ਦਿੱਲੀ ’ਚ ਬਹੁਤ ਕੰਮ ਆਵੇਗਾ। ਨਾਲ ਹੀ ਉਨ੍ਹਾਂ ਨੇ ਇਹ ਇਤਰਾਜ਼ ਵੀ ਜਤਾਇਆ ਕਿ ਅਜੇ ਤਕ ਪੰਜਾਬੀ ਭਾਸ਼ਾ ਬਨਾਮ ਕਿੱਤਾਮੁਖੀ ਵਾਲਾ ਸਰਕੂਲਰ ਪੂਰਨ ਤੌਰ ’ਤੇ ਵਾਪਸ ਕਿਉਂ ਨਹੀਂ ਲਿਆ। ਇਸ ’ਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਕੇਜਰੀਵਾਲ ਦਾ ਨਵਾਂ ਨਾਟਕ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version