Site icon Sikh Siyasat News

ਕੇਜਰੀਵਾਲ ਨੇ ਬੰਤ ਸਿੰਘ ਝੱਬਰ ਕੋਲੋਂ ਮੰਗੀ ਮੁਆਫ਼ੀ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਿੱਚ ਸ਼ਾਮਲ ਹੋਏ ਸੀਪੀਆਈ ਐਮਐਲ ਲਿਬਰੇਸ਼ਨ ਦੇ ਆਗੂ ਬੰਤ ਸਿੰਘ ਝੱਬਰ ਨਾਲ ਮੰਗਲਵਾਰ ਮੁਲਾਕਾਤ ਕਰ ਕੇ ਉਨ੍ਹਾਂ ਕੋਲੋਂ ‘ਭੁਲੇਖੇ ਨਾਲ’ ਅਪਰਾਧੀਆਂ ਨੂੰ ‘ਆਪ’ ਵਿੱਚ ਸ਼ਾਮਲ ਕਰਨ ਲਈ ਮੁਆਫ਼ੀ ਮੰਗੀ ਹੈ। ਕੇਜਰੀਵਾਲ ਨੇ ਅਪਰਾਧੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਸਬੰਧੀ ਮਾਨਸਾ ਦੇ ਉਮੀਦਵਾਰ ਨਾਜਰ ਸਿੰਘ ਮਾਨਸ਼ਾਹੀਆ ਦੀ ਵੀ ਜਵਾਬਤਲਬੀ ਕੀਤੀ। ਉਂਜ ਇਹ ਸਾਫ਼ ਹੈ ਕਿ ਜਦੋਂ ਮਾਨਸਾ ਵਿੱਚ ਇੱਕੋ ਸਟੇਜ ’ਤੇ ਝੱਬਰ ਅਤੇ ਉਸ ਉਪਰ ਹਮਲਾ ਕਰਨ ਵਾਲੇ ਦੋ ਅਪਰਾਧੀਆਂ ਨੂੰ ‘ਆਪ’ ਵਿੱਚ ਸ਼ਾਮਲ ਕੀਤਾ ਜਾ ਰਿਹਾ ਸੀ ਤਾਂ ਇਸ ਬਾਰੇ ਝੱਬਰ ਨੂੰ ਪਹਿਲਾਂ ਹੀ ਜਾਣਕਾਰੀ ਸੀ। ਝੱਬਰ ਨੇ ਦੱਸਿਆ ਕਿ ਆਗੂਆਂ ਨੇ ਪਹਿਲਾਂ ਹੀ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਉਪਰ ਹਮਲਾ ਕਰਨ ਵਾਲੇ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਅਪਰਾਧੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ, ਉਨ੍ਹਾਂ ਨੂੰ ਉਮੀਦ ਹੀ ਨਹੀਂ ਸੀ ਕਿ ਇਸ ਦਾ ਐਨਾ ਰੌਲਾ ਪੈ ਜਾਵੇਗਾ।

ਬੰਤ ਸਿੰਘ ਝੱਬਰ ਨੂੰ ਮਾਨਸਾ ’ਚ ‘ਆਪ’ ਵਿੱਚ ਸ਼ਾਮਲ ਕੀਤੇ ਜਾਣ ਸਮੇਂ ਦੀ ਤਸਵੀਰ

ਕੇਜਰੀਵਾਲ ਨੇ ਮੰਗਲਵਾਰ ਨੂੰ ਸਵੇਰੇ ਚੰਡੀਗੜ੍ਹ ਪੁੱਜ ਕੇ ਸੂਬਾਈ ਨੇਤਾਵਾਂ- ਪੰਜਾਬ ਦੇ ਕਨਵੀਨਰ ਗੁਰਪ੍ਰੀਤ ਘੁੱਗੀ, ਸੰਸਦ ਮੈਂਬਰ ਭਗਵੰਤ ਮਾਨ, ਐਚ.ਐਸ. ਫੂਲਕਾ, ਹਿੰਮਤ ਸਿੰਘ ਸ਼ੇਰਗਿੱਲ, ਕੰਵਰ ਸੰਧੂ ਆਦਿ ਨਾਲ ਮੀਟਿੰਗਾਂ ਦਾ ਦੌਰ ਚਲਾਇਆ। ਇਸ ਤੋਂ ਬਾਅਦ ਉਨ੍ਹਾਂ ਸਮੂਹ 13 ਜ਼ੋਨਾਂ ਦੇ ਆਗੂਆਂ ਨਾਲ ਇਕੱਲੇ-ਇਕੱਲੇ ਮੀਟਿੰਗ ਕੀਤੀ ਅਤੇ ਹਰੇਕ ਹਲਕੇ ਦੀ ਸਥਿਤੀ ਦੀ ਜਾਣਕਾਰੀ ਲਈ। ਸੂਤਰਾਂ ਅਨੁਸਾਰ ਕੇਜਰੀਵਾਲ ਨੇ ਫਿਰ ਸਮੂਹ ਐਲਾਨੇ ਉਮੀਦਵਾਰਾਂ ਨੂੰ ਸਪੱਸ਼ਟ ਕਰ ਦਿੱਤਾ ਕਿ ਚੋਣ ਪ੍ਰਚਾਰ ਵਿੱਚ ਢਿੱਲ-ਮੱਠ ਕਰਨ ਵਾਲੇ ਉਮੀਦਵਾਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸੂਤਰਾਂ ਅਨੁਸਾਰ ਕੇਜਰੀਵਾਲ ਨੇ ਮੁਹਾਲੀ ਦੇ ਆਗੂ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਆਦਿ ਨਾਲ ਚਰਚਾ ਕਰਕੇ ਮੁਹਾਲੀ ਲਈ ਸ਼ੇਰਗਿੱਲ ਦੀ ਥਾਂ ਨਵੇਂ ਉਮੀਦਵਾਰ ਦਾ ਫ਼ੈਸਲਾ ਵੀ ਕਰ ਲਿਆ ਹੈ। ਪਾਰਟੀ ਮੁਹਾਲੀ ਵਿੱਚ ਕਿਸੇ ਸਾਬਕਾ ਫੌਜੀ ਨੂੰ ਟਿਕਟ ਦੇਣ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।

ਸੂਤਰਾਂ ਨੇ ਇਹ ਵੀ ਦੱਸਿਆ ਕਿ 28 ਦਸੰਬਰ ਨੂੰ ਲੰਬੀ ਵਿੱਚ ਹੋ ਰਹੀ ਰੈਲੀ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਦਿੱਲੀ ਦੇ ਵਿਧਾਇਕ ਅਤੇ ਪੰਜਾਬ ਦੇ ਸਹਿ-ਇੰਚਾਰਜ ਜਰਨੈਲ ਸਿੰਘ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਹੈ। ਮੌਕੇ ’ਤੇ ਮੌਜੂਦ ਜਰਨੈਲ ਸਿੰਘ ਨੇ ਕਿਹਾ ਕਿ ਉਹ ਪੰਜਾਬ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ਅਤੇ ਪਾਰਟੀ ਦੇ ਹਰ ਹੁਕਮ ਉਪਰ ਪਹਿਰਾ ਦੇਣਗੇ। ਇਸ ਮੌਕੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਦੋਸ਼ ਲਾਇਆ ਕਿ 28 ਦਸੰਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਵਿੱਚ ਕੀਤੀ ਜਾ ਰਹੀ ਰੈਲੀ ਲਈ ਸਰਕਾਰ ਦੇ ਇਸ਼ਾਰੇ ’ਤੇ ਸਥਾਨਕ ਪ੍ਰਸ਼ਾਸਨ ਇਜਾਜ਼ਤ ਦੇਣ ਤੋਂ ਇਨਕਾਰੀ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਪਾਰਟੀ ਵੱਲੋਂ ਰੈਲੀ ਲਈ ਮਿਥੀ ਥਾਂ ਤੋਂ ਇਧਰ-ਉਧਰ ਰੈਲੀ ਕਰਨ ਲਈ ਇਜਾਜ਼ਤ ਦੇਣ ਦਾ ਭਰੋਸਾ ਦਿੱਤਾ ਹੈ ਪਰ ਜੇ ਸਰਕਾਰ ਨੇ ਮਨਜ਼ੂਰੀ ਨਾ ਵੀ ਦਿੱਤੀ ਤਾਂ ਲੰਬੀ ਵਿੱਚ ਰੈਲੀ ਜ਼ਰੂਰ ਹੋਵੇਗੀ।

ਪੰਜਾਬ ਦੇ ਕਨਵੀਨਰ ਗੁਰਪ੍ਰੀਤ ਘੁੱਗੀ ਨੂੰ, ਸਰਕਾਰ ਬਣਨ ਦੀ ਸੂਰਤ ਵਿੱਚ ਬੰਤ ਸਿੰਘ ਝੱਬਰ ਨੂੰ ਉਪ ਮੁੱਖ ਮੰਤਰੀ ਬਣਾਉਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ 34 ਹੋਰ ਦਲਿਤ ਵਿਧਾਇਕ ਵੀ ਹੋਣਗੇ। ਇਸ ਲਈ ਅਜਿਹਾ ਫ਼ੈਸਲਾ ਚੋਣਾਂ ਤੋਂ ਬਾਅਦ ਹੀ ਸੰਭਵ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version