ਨਵੀਂ ਦਿੱਲੀ: ਭਾਰਤੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕਸ਼ਮੀਰ ‘ਚ ਅਜ਼ਾਦੀ ਪਸੰਦ ਜਥੇਬੰਦੀਆਂ ਦੇ ਆਗੂਆਂ ਨੂੰ “ਪਾਕਿਸਤਾਨ ਵਲੋਂ ਫੰਡਿੰਗ” ਦੀ ਜਾਂਚ ਕਰ ਰਹੀ ਭਾਰਤੀ ਜਾਂਚ ਏਜੰਸੀ ਐਨ.ਆਈ.ਏ. ਨੇ ਹੁਰੀਅਤ ਦੇ 7 ਆਗੂਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਫਾਰੂਕ ਅਹਿਮਦ ਡਾਰ ਉਰਫ ਬਿੱਟਾ ਕਰਾਟੇ, ਨਈਮ ਖਾਨ, ਸ਼ਾਹਿਦ-ਉਲ-ਇਸਲਾਮ, ਅਲਤਾਫ ਫੰਟੂਸ, ਮਿਹਰਾਜੂਦੀਨ, ਅੱਯਾਜ਼ ਅਕਬਰ ਅਤੇ ਪੀਰ ਸੈਫੂੱਲਾ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬਿੱਟਾ ਕਰਾਟੇ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਬਾਕੀਆਂ ਦੀ ਗ੍ਰਿਫਤਾਰੀ ਸ੍ਰੀਨਗਰ ਤੋਂ ਦੱਸੀ ਜਾ ਰਹੀ ਹੈ।
ਸ੍ਰੀਨਗਰ ਤੋਂ ਹੁਣ ਇਨ੍ਹਾਂ ਨੂੰ ਅਗਲੀ ਜਾਂਚ ਅਤੇ ਪੁੱਛਗਿੱਛ ਲਈ ਦਿੱਲੀ ਲਿਜਾਇਆ ਜਾ ਰਿਹਾ ਹੈ। ਭਾਰਤੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਇਕ ਸਟਿੰਗ ਆਪਰੇਸ਼ਨ ‘ਚ ਹੁਰੀਅਤ ਆਗੂ ਨਈਮ ਖਾਨ ਇਹ ਮੰਨ ਰਿਹਾ ਹੈ ਕਿ ਉਸਨੂੰ ਹਵਾਲਾ ਦੇ ਜ਼ਰੀਏ ਪਾਕਿਸਤਾਨ ਸਥਿਤ ਮੁਹਾਹਦੀਨ ਜਥੇਬੰਦੀਆਂ ਫੰਡਿੰਗ ਕਰ ਰਹੀਆਂ ਹਨ। ਭਾਰਤੀ ਜਾਂਚ ਏਜੰਸੀ ਐਨ.ਆਈ.ਏ. ਨੇ ਇਸਤੋਂ ਬਾਅਦ ਹੀ ਜਾਂਚ ਸ਼ੁਰੂ ਕੀਤੀ।
ਅਲਤਾਫ ਸ਼ਾਹ ਹੁਰੀਅਤ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਹਨ। ਜਦਕਿ ਸ਼ਾਹਿਦ ਇਸਲਾਮ ਮੀਰਵਾਈਜ਼ ਉਮਰ ਫਾਰੂਕ ਦੇ ਕਰੀਬੀ ਹਨ। ਅਕਬਰ, ਗਿਲਾਨੀ ਦੀ ਅਗਵਾਈ ਵਾਲੀ ਹੁਰੀਅਤ ਦੇ ਬੁਲਾਰੇ ਹਨ।