ਸ੍ਰੀਨਗਰ: ਕਸ਼ਮੀਰ ਵਾਦੀ ਵਿੱਚ ਮੰਗਲਵਾਰ ਨੂੰ ਹੋਏ ਦੋ ਮੁਕਾਬਲਿਆਂ ਵਿੱਚ ਇੱਕ ਭਾਰਤੀ ਫੌਜ ਦਾ ਮੇਜਰ ਅਤੇ ਤਿੰਨ ਹੋਰ ਫੌਜੀ ਮਾਰੇ ਗਏ। ਜਦਕਿ ਚਾਰ ਕਸ਼ਮੀਰੀ ਮੁਜਾਹਦੀਨ ਵੀ ਇਨ੍ਹਾਂ ਮੁਕਾਬਲਿਆਂ ਦੌਰਾਨ ਮਾਰੇ ਗਏ ਹਨ। ਇਨ੍ਹਾਂ ਮੁਕਾਬਲਿਆਂ ਦੌਰਾਨ ਛੇ ਭਾਰਤੀ ਫੌਜੀ ਅਤੇ ਇਕ ਕਸ਼ਮੀਰੀ ਜ਼ਖ਼ਮੀ ਵੀ ਹੋਏ ਹਨ।
ਪੁਲਿਸ ਸੂਤਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੰਗਲਵਾਰ ਪਹਿਲਾ ਮੁਕਾਬਲਾ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੋਰਾ ਦੇ ਹਾਜੀਨ ਇਲਾਕੇ ਵਿੱਚ ਹੋਇਆ। ਤੜਕੇ ਭਾਰਤੀ ਫੌਜੀ ਦਸਤਿਆਂ ਅਤੇ ਕਸ਼ਮੀਰੀ ਮੁਜਾਹਦੀਨਾਂ ਵਿਚਕਾਰ ਸ਼ੁਰੂ ਹੋਏ ਇਸ ਮੁਕਾਬਲੇ ਵਿੱਚ ਇੱਕ ਮੁਜਾਹਦੀਨ ਗਿਆ ਅਤੇ ਤਿੰਨ ਭਾਰਤੀ ਫੌਜੀ ਜਵਾਨ ਮਾਰੇ ਗਏ। ਇਸ ਤੋਂ ਇਲਾਵਾ ਛੇ ਸੀ.ਆਰ.ਪੀ.ਐਫ. ਵਾਲਿਆਂ ਅਤੇ ਇੱਕ ਕਸ਼ਮੀਰੀ ਨਾਗਰਿਕ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਜ਼ਖ਼ਮੀਆਂ ਵਿੱਚ ਸੀਆਰਪੀਐਫ ਦੀ 45ਵੀਂ ਬਟਾਲੀਅਨ ਦਾ ਕਮਾਂਡਿੰਗ ਅਫਸਰ ਚੇਤਨ ਕੁਮਾਰ ਚੀਤਾ ਵੀ ਸ਼ਾਮਲ ਹੈ, ਜਿਸ ਨੂੰ ਬਾਅਦ ਵਿੱਚ ਹਾਲਤ ਗੰਭੀਰ ਹੋਣ ਕਾਰਨ ਹਵਾਈ ਜਹਾਜ਼ ਰਾਹੀਂ ਏਮਜ਼ (ਦਿੱਲੀ) ਭੇਜ ਦਿੱਤਾ ਗਿਆ ਹੈ। ਮੁਕਾਬਲਾ ਉਦੋਂ ਸ਼ੁਰੂ ਹੋਇਆ ਜਦੋਂ ਹਾਜੀਨ ਦੇ ਪੈਰੀ ਮੁਹੱਲੇ ਵਿੱਚ ਮੁਜਾਹਦੀਨਾਂ ਨੂੰ ਫੜ੍ਹਨ ਲਈ ਭਾਰਤੀ ਨੀਮ ਫੌਜੀ ਦਸਤਿਆਂ ਨੇ ਇਲਾਕੇ ਨੂੰ ਘੇਰ ਲਿਆ। ਮੁਕਾਬਲੇ ਦੌਰਾਨ 9 ਸੀ.ਆਰ.ਪੀ.ਐਫ. ਵਾਲੇ ਜ਼ਖ਼ਮੀ ਹੋਏ ਜਿਨ੍ਹਾਂ ਵਿੱਚੋਂ ਤਿੰਨ ਬਾਅਦ ਵਿੱਚ ਮਰ ਗਏ।
ਦੂਜਾ ਮੁਕਾਬਲਾ ਕੁੱਪਵਾੜਾ ਜ਼ਿਲ੍ਹੇ ਦੇ ਕਰਾਲਗੁੰਡ ਖੇਤਰ ਵਿੱਚ ਹੋਇਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਭਾਰਤੀ ਫੌਜੀ ਦਸਤਿਆਂ ਨੇ ਇੱਕ ਰਿਹਾਇਸ਼ੀ ਘਰ ’ਚ ਬੈਠੇ ਤਿੰਨ ‘ਮੁਜਾਹਦੀਨਾਂ’ ਨੂੰ ਮਾਰ ਮੁਕਾਇਆ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਮੁਕਾਬਲੇ ਵਿੱਚ ਮੇਜਰ ਐੱਸ ਦਾਹੀਆ ਸਖ਼ਤ ਫੱਟੜ ਹੋ ਗਿਆ, ਜਿਸ ਦੀ ਪਿੱਛੋਂ ਮੌਤ ਹੋ ਗਈ।
ਸਬੰਧਤ ਖ਼ਬਰ:
ਕੁਲਗਾਮ (ਕਸ਼ਮੀਰ) ‘ਚ ਫੌਜ ਦੀ ਗੋਲੀ ‘ਚ 2 ਕਸ਼ਮੀਰੀਆਂ ਦੀ ਮੌਤ ਤੋਂ ਬਾਅਦ ਹਿੰਸਕ ਰੋਸ ਪ੍ਰਦਰਸ਼ਨ …