ਸ੍ਰੀਨਗਰ: ਕਸ਼ਮੀਰ ਵਿੱਚ ਭਾਰਤੀ ਨੀਮ ਫੌਜੀ ਦਸਤਿਆਂ ਦੀ ਗੱਡੀ ਨਾਲ ਟਕਰਾ ਕੇ ਜ਼ਖ਼ਮੀ ਹੋਏ ਨੌਜਵਾਨ ਦੀ ਕੱਲ੍ਹ ਮੌਤ ਹੋ ਗਈ। ਇਸ ਤੋਂ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਨੀਮ ਫੌਜੀ ਦਸਤਿਆਂ ਨਾਲ ਝੜਪ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨੂਰਬਾਗ਼ ਦੇ ਭਗਵਾਨਪੁਰਾ ਇਲਾਕੇ ਦੇ ਵਾਸੀ 21 ਸਾਲਾ ਰਿਜ਼ਵਾਨ ਅਹਿਮਦ ਨੂੰ ਪਰੀਮਪੁਰਾ ਵਿੱਚ ਸੀਆਰਪੀਐਫ ਦੀ ਗੱਡੀ ਨੇ ਫੇਟ ਮਾਰ ਦਿੱਤੀ ਸੀ। ਉਹ ਸ਼ੇਰ-ਏ-ਕਸ਼ਮੀਰ ਮੈਡੀਕਲ ਇੰਸਟੀਚਿਊਟ ਵਿੱਚ ਜ਼ੇਰੇ ਇਲਾਜ ਸੀ, ਜਿੱਥੇ 14 ਨਵੰਬਰ ਦੀ ਸਵੇਰ ਉਸ ਦੀ ਮੌਤ ਹੋ ਗਈ। ਇਸ ਮਗਰੋਂ ਨੌਜਵਾਨ ਦੇ ਮਾਪੇ, ਰਿਸ਼ਤੇਦਾਰ ਤੇ ਇਲਾਕਾ ਵਾਸੀ ਇਕੱਠੇ ਹੋਏ ਅਤੇ ਜਨਾਜ਼ਾ ਲਿਜਾਂਦਿਆਂ ਦੋਸ਼ੀ ਨੀਮ ਫੌਜੀ ਦਸਤੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਸੀ.ਆਰ.ਪੀ.ਐਫ. ਤੇ ਲੋਕਾਂ ਵਿਚਾਲੇ ਝੜਪ ਹੋ ਗਈ।
ਇਸ ਦੌਰਾਨ ਜੰਮੂ ਕਸ਼ਮੀਰ ਸਰਕਾਰ ਨੇ ਲਾਈਨ ਆਫ ਕੰਟਰੋਲ ਨਾਲ ਲਗਾਤਾਰ ਹੋ ਰਹੀ ਗੋਲੀਬਾਰੀ ਦੇ ਮੱਦੇਨਜ਼ਰ ਜੰਮੂ ਜ਼ਿਲ੍ਹੇ ਦੇ ਬੰਦ ਕੀਤੇ ਸਕੂਲ ਮੁੜ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਰਕਾਰ ਨੇ ਪਹਿਲੀ ਨਵੰਬਰ ਨੂੰ 174 ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਜੰਮੂ ਦੇ ਡਿਪਟੀ ਕਮਿਸ਼ਨਰ ਸਿਮਰਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੂਲ 15 ਨਵੰਬਰ ਤੋਂ ਖੁੱਲ੍ਹਣਗੇ।