ਚੰਡੀਗੜ੍ਹ: ਸਾਬਕਾ ਸੰਸਦ ਜਗਮੀਤ ਸਿੰਘ ਬਰਾੜ ਨੇ ਪ੍ਰੈਸ ਕਾਨਫਰੰਸ ਦੌਰਾਨ ਮੰਗ ਕੀਤੀ ਹੈ ਕਿ ਘੁਟਾਲਿਆਂ ਦੀ ਮਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਪੰਜਾਬ ਸਰਕਾਰ ਵੱਲੋਂ ਕੇਂਦਰੀ ਬੈਂਕਾਂ ਤੇ ਹੋਰਨਾਂ ਸੰਸਥਾਵਾਂ ਨਾਲ ਸੀ.ਸੀ.ਐਲ ਖਾਤਾ ਠੀਕ ਕਰਨ ਵਾਸਤੇ 31,000 ਕਰੋੜ ਰੁਪਏ ਦਾ ਲੋਨ ਲੈਣ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਪਹਿਲਾਂ ਅਕਾਲੀਆਂ ਨੇ ਘੁਟਾਲੇ ਨੂੰ ਨਕਾਰ ਦਿੱਤਾ ਤੇ ਫਿਰ ਇਨ੍ਹਾਂ ਨੇ ਕੇਂਦਰ ਸਰਕਾਰ ਵੱਲ ਸਾਡੇ ਪੈਸੇ ਹੋਣ ਦਾ ਦਾਅਵਾ ਕਰਕੇ ਐਫ.ਸੀ.ਆਈ ‘ਤੇ ਦੋਸ਼ ਲਗਾ ਦਿੱਤਾ ਅਤੇ ਹੁਣ ਜਦੋਂ ਇਨ੍ਹਾਂ ਵਾਸਤੇ ਬਚਣ ਦੀ ਥਾਂ ਨਾ ਰਹੀ, ਤਾਂ ਇਹ ਸ਼ਰਮਸਾਰ ਹੋ ਕੇ ਚੋਰੀ ਨੂੰ ਲੋਨ ਦੱਸਣਾ ਚਾਹੁੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਲੋਨ ਅਕਾਲੀ ਸਰਕਾਰ ਦੇ ਗੁਨਾਹ ਦਾ ਮੂੰਹ ਬੋਲਦਾ ਸਬੂਤ ਹੈ। ਇਨ੍ਹਾਂ ਨੇ ਕਿਸਾਨਾਂ ਨੂੰ ਫਸਲਾਂ ਦੀ ਅਦਾਇਗੀ ਨਹੀਂ ਕੀਤੀ ਹੈ, ਇਨ੍ਹਾਂ ਨੇ ਬੈਂਕਾਂ ਵੱਲੋਂ ਦਿੱਤੇ ਸੀ.ਸੀ.ਐਲ. ਦੇ ਪੈਸੇ ਚੋਰੀ ਕੀਤੇ ਹਨ ਅਤੇ ਪਸ਼ੂਆਂ ਲਈ ਵੀ ਨਾ ਖਾਣ ਲਾਇਕ ਅਨਾਜ ਲੋਕਾਂ ਨੂੰ ਖਿਲਾ ਰਹੇ ਹਨ।
ਪੰਜਾਬ ਦੇ ਸੱਤਾਧਾਰੀ ਪਰਿਵਾਰ ‘ਤੇ ਸਿੱਧਾ ਹਮਲਾ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜਵਾਈ ਨੂੰ 27,000 ਕਰੋੜ ਦਾਜ ‘ਚ ਦਿੱਤੇ ਹਨ ਅਤੇ ਇਸ ਤੋਹਫੇ ਦਾ ਬੋਝ ਪੰਜਾਬ ਦੇ ਗਰੀਬ ਕਿਸਾਨਾਂ ਅਤੇ ਲੋਕਾਂ ਉਪਰ ਪੈ ਰਿਹਾ ਹੈ, ਜਿਹੜੇ ਪਹਿਲਾਂ ਹੀ 1.75 ਲੱਖ ਕਰੋੜ ਰੁਪਏ ਦੇ ਬੋਝ ਹੇਠਾਂ ਦੱਬੇ ਹੋਏ ਹਨ ਅਤੇ ਬਾਦਲ ਨੇ ਆਪਣੇ ਜਵਾਈ ਨੂੰ ਦਾਜ ਦਿੰਦਿਆਂ ਇਸ ‘ਚ 31,000 ਕਰੋੜ ਰੁਪਏ ਹੋਰ ਜੋੜ ਦਿੱਤੇ ਹਨ।
ਬਰਾੜ ਨੇ ਮੰਗ ਕੀਤੀ ਹੈ ਕਿ ਬਾਦਲ ਸਰਕਾਰ ਨੂੰ ਸੂਬੇ ‘ਚ ਕਾਨੂੰਨ ਤੇ ਵਿਵਸਥਾ ਦੀ ਬਦਹਾਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਹੁਣ ਵਿੱਤੀ ਧੋਖੇਬਾਜ਼ੀ ਦੇ ਸਪੱਸ਼ਟ ਮਾਮਲੇ ਲਈ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਐਫ.ਸੀ.ਆਈ. ਨੂੰ ਸਿੱਧੇ ਤੌਰ ‘ਤੇ ਅਨਾਜ ਖਰੀਦਣਾ ਚਾਹੀਦਾ ਹੈ। ਇਸੇ ਤਰ੍ਹਾਂ, ਕੈਰੋਂ ਤੇ ਢੀਂਡਸਾ ਨੂੰ ਵਿੱਤੀ ਘਪਲੇਬਾਜ਼ੀ ਲਈ ਤੁਰੰਤ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਸਰਹੱਦਾਂ ਤੋਂ ਪਿੰਡ ਖਾਲੀ ਕਰਵਾਏ ਜਾਣ ਤੇ ਇਸ ਘੁਟਾਲੇ ਦਾ ਸਬੰਧ ਜੋੜਦਿਆਂ ਕਿਹਾ ਕਿ ਝੌਨੇ ਦੀ ਖਰੀਦ ‘ਚ ਦੇਰੀ ਦਾ ਬਹਾਨਾ ਬਣਾਉਣ ਵਾਸਤੇ 1000 ਤੋਂ ਵੱਧ ਪਿੰਡਾਂ ਨੂੰ ਖਾਲ੍ਹੀ ਕਰਵਾ ਲਿਆ ਗਿਆ ਤੇ ਹੁਣ ਇਨ੍ਹਾਂ ਅਪਰਾਧੀਆਂ ਨੂੰ ਬੱਚਣ ਵਾਸਤੇ ਕੇਂਦਰ ਤੋਂ ਹੋਰ ਲੋਨ ਲੈਣ ਸਮਾਂ ਮਿੱਲ ਗਿਆ ਹੈ। ਜਦਕਿ ਖਾਲ੍ਹੀ ਕਰਵਾਏ ਜਾਣ ਦੀ ਕੋਈ ਲੋੜ ਨਹੀਂ ਸੀ। ਅਬੋਹਰ ਤੋਂ ਬਾਅਦ ਗੰਗਾਨਗਰ ਹੈ, ਜਿਥੇ ਜ਼ਿੰਦਗੀ ਆਮ ਤੌਰ ‘ਤੇ ਚੱਲ ਰਹੀ ਹੈ, ਤਾਂ ਫਿਰ ਕਿਉਂ ਪੰਜਾਬ ਬਾਦਲਾਂ ਦੀ ਅਪਰਾਧਾਂ ਲਈ ਭੁਗਤੇ?