[ਦਸ ਵਰ੍ਹੇ ਪਹਿਲਾਂ ਇਕ ਸਜਣ ਪਿਆਰੇ ਦੇ ਕਹਿਣ ਤੇ ਜੰਗ ਦੀ ਕਵਿਤਾ ਕਹਿਣ ਦਾ ਕਾਜ ਅਧੂਰਾ ਰਹਿ ਗਿਆ ਸੀ ਜੋ ਹਾਲੇ ਵੀ ਅਧੂਰਾ ਹੈ। ਇਹ ਲੰਮੀ ਕਵਿਤਾ ਦੇ ਕੁਝ ਬੰਦ ਅੱਜ ਮੁੜ ਚੇਤੇ ਆਏ – ਸੇਵਕ ਸਿੰਘ]
ਜੰਗ ਹੋਈ
ਦਿੱਲੀ ਦੇ ਦਿਲੀ ਅਰਮਾਨ ਲੈ ਕੇ
ਅੱਗ ਦੇ ਸ਼ਾਹੀ ਫੁਰਮਾਨ ਲੈ ਕੇ
ਟੈਂਕ ਤੋਪਾਂ ਤੇ ਜੰਗੀ ਸਮਾਨ ਲੈ ਕੇ
ਨਾਲੇ ਅਕਲਾਂ ਜੋਰਾਂ ਦਾ ਮਾਣ ਲੈ ਕੇ
ਲ਼ੱਥੀਆਂ ਰਾਤ ਜਿਉਂ ਆਣ ਫੌਜਾਂ
ਮੌਤ ਰਾਣੀ ਕਰੇਗੀ ਖੂਬ ਮੌਜਾਂ
ਚੱਪ ਚੱਪ ਜਾਂ ਧਰਤ ਇਥੇ ਰੰਗ ਲਹੂ ਦੇ ਰੰਗ ਹੋਈ।
ਜੰਗ ਹੋਈ ਵੇ ਲੋਕਾ ਇਕ ਜੰਗ ਹੋਈ।
….
ਮੱਲੀਆਂ ਸੜਕਾਂ ਰਾਹ ਤੇ ਡੰਡੀਆਂ ਨੇ
ਨਾਲੇ ਸੱਥਾਂ ਚੁਰਾਹੇ ਤੇ ਮੰਡੀਆਂ ਨੇ
ਲੱਗੀਆਂ ਆਣ ਸੰਗੀਨਾਂ ਨਾਲ ਘੰਡੀਆਂ ਨੇ
ਫੜਣੀ ਗਰਮੀ ਰੱਤਾਂ ਹੁਣ ਠੰਡੀਆਂ ਨੇ
ਗਏ ਪੰਜਾਬ ਦੇ ਸਾਹਾਂ ਤੇ ਬੈਠ ਪਹਿਰੇ
ਉਹ ਚਾਹੁੰਦੇ ਨੇ ਸਮੇਂ ਦੀ ਚਾਲ ਠਹਿਰੇ
ਕਹਿੰਦੇ ਮੇਟ ਕੇ ਇਤਿਹਾਸ ਬਣਾ ਦੇਣਾ, ਦੋਵਾਂ ਕੱਲ੍ਹਾਂ ਤੋਂ ਡਾਢੀ ਮੰਗ ਹੋਈ।
ਸੁਣ ਮੀਰੀ ਪੀਰੀ ਵਾਲ਼ਿਆ ਵੇ
ਤੂੰ ਬਿਰਦ ਸਦਾ ਹੀ ਪਾਲ਼ਿਆ ਵੇ
ਤੇਰਾ ਆਸਰਾ ਓਟ ਤਕਾ ਲਿਆ ਵੇ
ਠੂਠਾ ਜਿੰਦ ਦਾ ਦਰ ਆਣ ਟਿਕਾ ਲਿਆ ਵੇ
ਮਨਜੂਰ ਹੈ ਸਾਨੂੰ ਇਹਦਾ ਭੱਜਣਾ ਏ
ਬਸ ਤੂੰ ਪਰਦਾ ਸਾਡਾ ਕੱਜਣਾ ਵੇ
ਇਸ ਵਾਰੀ ਕਰਦੇ ਅਰਦਾਸ ਪੂਰੀ ਕਈ ਵਾਰ ਨਿਮਾਣਿਆ ਤੋਂ ਭੰਗ ਹੋਈ।
….
ਕਹਿੰਦੇ ਫੌਜਾਂ ਫਰਜ ਨਿਭਾ ਲਿਆ ਵੇ
ਬੇਬਸਾਂ ਨੂੰ ਕਤਾਰ ਬਣਾ ਲਿਆ ਵੇ
ਸਭ ਮਸ਼ਕਾਂ ਬੰਨ੍ਹ ਬੈਠਾ ਲਿਆ ਵੇ
ਫਿਰ ਮੌਤ ਦਾ ਮਜਮਾ ਲਾ ਲਿਆ ਵੇ
ਲਹੂ ਵਿਚ ਡੁੱਬੀਆਂ ਲਾਸ਼ਾਂ ਵੇ
ਤੇ ਹੋਈਆਂ ਚੁਪ ਅਰਦਾਸਾਂ ਵੇ
ਸ਼ਹੀਦਾਂ ਦਿਆ ਸਰਤਾਜਾ ਵੇ, ਤੇਰੀ ਯਾਦ ਸ਼ਹੀਦੀਏਂ ਰੰਗ ਹੋਈ।
….
ਸੱਚ ਆਇਆ ਪਾੜ ਕੇ ਬਾਹਰ ਪੜਦਾ
ਨਾ ਜੋਰ ਲੜੇ ਨਾ ਹਥਿਆਰ ਲੜਦਾ
ਜੰਗ ਤੇ ਸਦਾ ਕਿਰਦਾਰ ਲੜਦਾ
ਜੋ ਜਿੱਤਾਂ ਹਾਰ ਵਿਸਾਰ ਲੜਦਾ
ਜਦੋਂ ਮੌਤ ਦੇ ਕੇਸੀਂ ਓਹਨਾਂ ਫੁੱਲ ਗੁੰਦੇ
ਵੈਰੀਆਂ ਮੰਨ ਲੀਤਾ ਕੀ ਜਰਨੈਲ ਹੁੰਦੇ
ਸਭਰਾਵਾਂ ਪਿਛੋ ਇਕ ਹੋਰ ਦੀ ਵੇ ਅੱਜ ਮੇਚ ਮੌਤ ਨੂੰ ਵੰਗ ਹੋਈ।
ਜੰਗ ਹੋਈ ਵੇ ਲੋਕਾ ਇਕ ਜੰਗ ਹੋਈ।
– ਸੇਵਕ ਸਿੰਘ