ਸਿੱਖ ਖਬਰਾਂ

ਲਾਲਪੁਰਾ ਅਤੇ ਸਿਰਸਾ ਨੂੰ ਗੁਰਮਤਿ ਵਿਰੋਧੀ ਕਾਰਵਾਈਆਂ ਲਈ ਤਲਬ ਕੀਤਾ ਜਾਵੇ: ਪੰਥਕ ਸ਼ਖ਼ਸੀਅਤਾਂ

December 30, 2022 | By

ਚੰਡੀਗੜ੍ਹ –  ਪੰਥਕ ਸ਼ਖ਼ਸੀਅਤਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਵੱਲੋਂ ਅੱਜ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਅਤੇ ਗੁਰੂ ਖਾਲਸਾ ਪੰਥ ਵੱਲੋਂ ਸੰਗਤੀ ਤੌਰ ’ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਣ ਦੀ ਪਰੰਪਰਾ ਲੰਮੇ ਸਮੇਂ ਤੋਂ ਸਥਾਪਤ ਹੈ। ਇਸ ਪੰਥਕ ਪਰੰਪਰਾ ਦੇ ਮੁਕਾਬਲੇ ਸਰਕਾਰੀ ਤੌਰ ’ਤੇ ‘ਵੀਰ ਬਾਲ ਦਿਵਸ’ ਦਾ ਐਲਾਨ ਕਰਨਾ ਬਿਪਰਵਾਦੀ ਸਰਕਾਰ ਵੱਲੋਂ ਸਿੱਖ ਪਰੰਪਰਾਵਾਂ ਨੂੰ ਮਨਮਾਨੇ ਢੰਗ ਨਾਲ ਸਨਾਤਨੀ ਪਰੰਪਰਾ ਵਿਚ ਬਦਲਣ ਦੀ ਕੋਸ਼ਿਸ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਵਿਰੋਧ ਨੂੰ ਨਜ਼ਰ-ਅੰਦਾਜ਼ ਕਰਕੇ ਮੋਦੀ-ਸ਼ਾਹ ਸਰਕਾਰ ਵੱਲੋਂ ‘ਬਾਲ ਵੀਰ ਦਿਵਸ’ ਮਨਾਉਣ ਨਾਲ ਹਕੂਮਤ ਵਲੋਂ ਸਿੱਖ ਪਰੰਪਰਾਵਾਂ ਦੀ ਲੀਹ ਬਦਲਣ ਦੀ ਛੁਪੀ ਭਾਵਨਾ ਤੋਂ ਪਰਦਾ ਚੁੱਕਿਆ ਗਿਆ ਹੈ ਕਿ ਮੋਦੀ ਸਰਕਾਰ ਨੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਇੰਡੀਆ ਪੱਧਰ ’ਤੇ ਮਨਾਉਣ ਦੇ ਨਾਂ ਉੱਤੇ ਸਿਖਾਂ ਨਾਲ ਛਲ ਕਰਕੇ ਖਾਲਸਾਈ ਸ਼ਹੀਦੀ ਪਰੰਪਰਾ ਨੂੰ ਅਰਸ਼ ਤੋਂ ਫਰਸ਼ ’ਤੇ ਸੁੱਟਣ ਦੀ ਚਾਲ ਚੱਲੀ ਹੈ।

ਪੰਥਕ ਸ਼ਖ਼ਸੀਅਤਾਂ ਨੇ ਸਪਸ਼ਟ ਕੀਤਾ ਕਿ ਸਿੱਖ ਪਰੰਪਰਾ ਵਿੱਚ ਸਾਹਿਬਜ਼ਾਦਿਆਂ ਨੂੰ ‘ਬਾਬਾ’ ਕਹਿ ਕੇ ਸੰਬੋਧਨ ਹੋਇਆ ਜਾਂਦਾ ਹੈ, ਕਿਉਂਕਿ ਗੁਰੂ ਘਰ ਵਿੱਚ ਕਿਸੇ ਉੱਚੀ ਸ਼ਖ਼ਸੀਅਤ ਦੀ ਅਵਸਥਾ ਨੂੰ ਸਰੀਰ ਦੀ ਉਮਰ ਦੇ ਹਿਸਾਬ ਨਾਲ ਨਹੀਂ, ਸੁਰਤ ਦੇ ਉੱਚੇ ਸਫਰ ਦੇ ਪ੍ਰਸੰਗ ਵਿੱਚ ਵੇਖਿਆ ਜਾਂਦਾ ਹੈ। ‘ਬਾਬਾ’ ਦੀ ਸਥਾਪਤ ਅਤੇ ਨਿਆਰੀ ਪਰੰਪਰਾ ਨੂੰ ਸਰਕਾਰ ਵੱਲੋਂ ਆਪਣੇ ਤੌਰ ’ਤੇ ‘ਬਾਲ’ ਦੇ ਸੰਬੋਧਨ ਵਿੱਚ ਬਦਲਣਾ, ਮੋਦੀ-ਸ਼ਾਹ ਸਰਕਾਰ ਦੀ ਸਿੱਖ ਪਰੰਪਰਾ ਵਿੱਚ ਘੋਰ ਦਖਲਅੰਦਾਜ਼ੀ ਹੈ। ਅਜਿਹਾ ਕਰਕੇ ਸਰਕਾਰ ਨੇ ਨਿਆਰੀ ਸਿੱਖ ਹਸਤੀ ਨੂੰ ਬਿਪਰਧਾਰਾ ਵਿਚ ਜਜ਼ਬ ਕਰ ਲੈਣ ਦਾ ਯਤਨ ਕੀਤਾ ਹੈ। ਇਹ ਸਰਕਾਰੀ ਚਾਲ ਗੁਰ-ਸੰਗਤ ਅਤੇ ਖਾਲਸਾ ਪੰਥ ਨੂੰ ਪ੍ਰਵਾਨ ਨਹੀਂ ਹੈ ਅਤੇ ਨਾ ਹੀ ਸਿੱਖ ਇਸ ਨੂੰ ਸਫਲ ਹੋਣ ਦੇਣਗੇ।

ਮੋਦੀ-ਸ਼ਾਹ ਸਰਕਾਰ ਦੇ ‘ਵੀਰ ਬਾਲ ਦਿਵਸ’ ਬਾਰੇ ਚਕਰੈਲ ਸਿੱਖ ਹਿੱਸਿਆਂ ਵੱਲੋਂ ਵਿਖਾਈ ਗਈ ਗੁਰਮਤਿ ਵਿਰੋਧੀ ਸਰਗਰਮੀ ਦੀ ਨਿਖੇਧੀ ਕਰਦਿਆਂ ਪੰਥਕ ਸ਼ਖ਼ਸੀਅਤਾਂ ਨੇ ਕਿਹਾ ਕਿ ਇਕਬਾਲ ਸਿੰਘ ਲਾਲਪੁਰਾ ਵੱਲੋਂ ‘ਵੀਰ ਬਾਲ ਦਿਵਸ’ ਨੂੰ ਸਹੀ ਠਹਿਰਾਉਣ ਲਈ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੀ ਗਲਤ ਵਿਆਖਿਆ ਕਰਕੇ ਅਕਾਲ ਪੁਰਖ ਦੀ ਸਿਫਤ ਸਲਾਹ ਲਈ ਉਚਾਰੇ ਗਏ ਗੁਰਵਾਕਾਂ ਨੂੰ ਨਰਿੰਦਰ ਮੋਦੀ ਦੀ ਸਿਫਤ ਵਿਚ ਬਦਲਣਾ ਰਾਮਰਾਏ ਵੱਲੋਂ ਕੀਤੇ ਬੱਜਰ ਗੁਨਾਹ ਦੇ ਤੁੱਲ ਫਰੇਬੀ ਕਾਰਵਾਈ ਹੈ। ਇਸੇ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਵੱਲੋਂ ਚੰਬਾ (ਹਿਮਾਚਲ) ਵਿਚ ਕਥਿਤ ‘ਵੀਰ ਬਾਲ ਦਿਵਸ’ ਮੌਕੇ ਮਸੂਮ ਬੱਚਿਆਂ ਕੋਲੋਂ ਸਾਹਿਬਜ਼ਾਦਿਆਂ ਦਾ ਸਵਾਂਗ ਰਚਾਉਣ ਅਤੇ ਨਕਲਾਂ ਲਹਾਉਣ ਦੀ ਘੋਰ ਉਲੰਘਣਾ ਨੂੰ ਵਡਿਆਉਣਾ ਗੁਰਮਤਿ ਵਿਰੋਧੀ ਅਪਰਾਧ ਅਤੇ ਪੰਥ ਦੋਖੀ ਕਾਰਵਾਈ ਹੈ। ਗੁਰ-ਸੰਗਤ ਅਤੇ ਖਾਲਸਾ ਪੰਥ ਨੂੰ ਇਹਨਾ ਮਨੁੱਖਾਂ ਵੱਲੋਂ ਕੀਤੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਵੱਲ ਧਿਆਨ ਦੇ ਕੇ ਇਨ੍ਹਾਂ ਨੂੰ ਖਾਲਸਾਈ ਮਰਯਾਦਾ ਅਨੁਸਾਰ ਤਨਖਾਹ ਲਾ ਕੇ ਅਕਾਲ ਤਖਤ ਸਾਹਿਬ ਦੇ ਸਨਮੁਖ ਜਵਾਬਦੇਹ ਬਣਾਉਣਾ ਚਾਹੀਦਾ ਹੈ।

ਅਸ਼ਵਨੀ ਸ਼ਰਮਾ ਪੰਜਾਬ ਭਾਜਪਾ ਦੇ ਮੁੜ ਪ੍ਰਧਾਨ ਬਣੇ - ਪੰਜਾਬ ਹਿਤੈਸ਼ੀ ਮੁਹਿੰਮਕਾਰੀ ਅਵਾਜ਼ - Punjabi Online Newspaper

ਪੰਥਕ ਸ਼ਖ਼ਸੀਅਤਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖ ਕੇ ਗੁਰਦੁਆਰਾ ਸਾਹਿਬਾਨ ਵਿਚ ਹੋਣ ਵਾਲੀਆਂ ਵਿਚਾਰਾਂ ਉੱਤੇ ਕਿੰਤੂ-ਪ੍ਰੰਤੂ ਕਰਨੀ ਅਤੇ ਤਖਤ ਸਾਹਿਬ ਤੋਂ ਇਹਨਾ ਵਿਚਾਰਾਂ ਦਾ ਦਾਇਰਾ ਸੀਮਤ ਕਰਨ ਬਾਰੇ ਹੁਕਮ ਜਾਰੀ ਕਰਨ ਲਈ ਕਹਿਣਾ ਭਾਜਪਾ ਵੱਲੋਂ ਸਿੱਖ ਮਸਲਿਆਂ ਵਿਚ ਕੀਤੀ ਜਾ ਰਹੀ ਦਖਲਅੰਦਾਜ਼ੀ ਹੈ। ਉਹਨਾਂ ਭਾਜਪਾ ਦੇ ਪ੍ਰਧਾਨ ਦੀ ਟਿੱਪਣੀ ਨੂੰ ਖਾਲਸੇ ਦੇ ਮੀਰੀ ਪੀਰੀ ਦੀ ਸੁਮੇਲਤਾ ਦੇ ਸਿਧਾਂਤ ਵਿਚ ਮਿਥ ਕੇ ਕੀਤੀ ਗਈ ਦਖਲ ਅੰਦਾਜ਼ੀ ਕਰਾਰ ਦਿੰਦਿਆ ਤਕੀਦ ਕੀਤੀ ਕਿ ਅਗੇ ਤੋਂ ਕੋਈ ਵੀ ਰਾਜਨੀਤਕ ਖਾਲਸਾਈ ਸਿਧਾਂਤਾਂ ਦਾ ਅਪਮਾਨ ਕਰਨ ਦਾ ਹੀਆ ਨਾ ਕਰੇ।

 

ਪੰਥਕ ਸ਼ਖ਼ਸੀਅਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿਚ ਜਾਣ ਤੋਂ ਰੋਕਣ ਦਾ ਸਖਤ ਨੋਟਿਸ ਲੈਂਦਿਆਂ ਇਸ ਨੂੰ ਸੱਤਾ ਦੇ ਨਸ਼ੇ ਵਿੱਚ ਗੁਰੂ ਘਰ ਦੀ ਮਰਯਾਦਾ ਦੇ ਉਲਟ ਕਾਰਵਾਈ ਕਰਾਰ ਦਿੱਤਾ ਅਤੇ ਨਸੀਅਤ ਦਿੱਤੀ ਕਿ ਅੱਗੇ ਤੋਂ ਕੋਈ ਵੀ ਸੱਤਾਧਾਰੀ ਅਜਿਹੇ ਹੰਕਾਰ ਦਾ ਪ੍ਰਗਟਾਵਾ ਕਰਨ ਦਾ ਹੀਆ ਨਾ ਕਰੇ। ਉਹਨਾਂ ਕਿਹਾ ਸੱਤਾਧਾਰੀਆਂ ਨੂੰ ਗੁਰੂ ਘਰ ਆਉਣ ਲੱਗਿਆਂ ਹੰਕਾਰ ਛੱਡ ਕੇ ਨਿਮਾਣੇ ਸ਼ਰਧਾਲੂ ਬਣ ਕੇ ਆਉਣਾ ਚਾਹੀਦਾ ਹੈ ਅਤੇ ਸੰਗਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਦੀ ਵੀ ਇਹ ਜਿੰਮੇਵਾਰੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਰਾਜਨੀਤਕ ਮਨੁੱਖ ਦੇ ਗੁਰੂ ਘਰ ਵਿਖੇ ਆਉਣ ਮੌਕੇ ਮਰਯਾਦਾ ਵਿੱਚ ਵਿਘਨ ਨਾ ਪਵੇ ਅਤੇ ਗੁਰ-ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , , ,