ਤਲਵੰਡੀ ਸਾਬੋ (22 ਨਵੰਬਰ, 2014): ਸ਼੍ਰੋਮਣੀ ਕਮੇਟੀ ਵੱਲੋਂ ਲਾਗੂ ਮੌਜੂਦਾ ਕੈਲੰਡਰ ਮੁਤਾਬਿਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਦਿਹਾੜਾ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇੱਕੋ ਦਿਨ ਆ ਜਾਣ ‘ਤੇ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੇ ਕੈਲੰਡਰ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਨਾਨਕਸ਼ਾਹੀ ਦਿੱਤੇ ਬਿਆਨ ਪ੍ਰਤੀ ਤਖ਼ਤ ਦਮਦਮਾ ਸਾਹਿਬ ਤਲਵਡੀ ਸਾਬੋ ਦੇ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਪ੍ਰਤੀਕ੍ਰਮ ਪ੍ਰਗਟਾਉਂਦਿਆਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਸਿੱਖ ਕੌਮ ਨੂੰ ਇਹ ਦੱਸਣ ਕਿ ਉਹ ਸੋਧ ਨਾਨਕਸ਼ਾਹੀ ਕੈਲੰਡਰ ਵਿੱਚ ਜਾਂ ਬਿਕਰਮੀ ਕੈਲੰਡਰ ਵਿੱਚ ਕਰਵਾਉਣਾ ਚਾਹੁੰਦੇ ਹਨ।
ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਗਿਆਨ ਗੁਰਬਚਨ ਸਿੰਘ ਕੌਮ ਨੂੰ ਭੰਬਲਭੂਸੇ ਵਿੱਚ ਨਾ ਪਾਉਣ, ਸਗੋਂ ਉਹ ਇਹ ਦੱਸਣ ਦੀ ਖੇਚਲ ਕਰਨ ਕਿ ਉਹ ਕਿਸ ਕੈਲੰਡਰ ਨੂੰ ਨਾਨਕਸ਼ਾਹੀ ਮੰਨਦੇ ਹਨ, ਜਿਸ ਵਿੱਚ ਉਹ ਸੋਧਾਂ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀ ਵੰਡ ਦਾ ਨਾਮ ਹੀ ਕੈਲੰਡਰ ਹੈ।
ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਕੈਲੰਡਰ ਵਿੱਚ ਸੋਧਾਂ ਸੰਭਵ ਦੀ ਗੱਲ ਕਹਿ ਰਹੇ ਹਨ ਪਰ ਉਹ ਇਹ ਸਪੱਸ਼ਟ ਕਰਨ ਕਿ ਸੋਧਾਂ ਕਿਸ ਕੈਲੰਡਰ ਵਿੱਚ ਕੀਤੀਆਂ ਜਾਣਗੀਆਂ। ਜੇਕਰ ਉਹ ਬਿਕਰਮੀ ਕੈਲੰਡਰ ਵਿੱਚ ਸੋਧਾਂ ਕਰਨ ਬਾਰੇ ਕਹਿੰਦੇ ਹਨ ਤਾਂ ਇਹ ਸੋਧਾਂ ਨਹੀਂ, ਸਗੋਂ ਸਿੱਖ ਕੌਮ ਨਾਲ ਧੋਖਾ ਕਰਨ ਵਾਲੀ ਗੱਲ ਹੈ।
ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਜੇਕਰ ਲੋੜ ਹੈ ਤਾਂ ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਕੁਝ ਸੋਧਾਂ ਕਰਕੇ ਉਸ ਨੂੰ ਲਾਗੂ ਕੀਤਾ ਜਾ ਸਕਦਾ ਹੈ ਪਰ ਇਸ ਤੋਂ ਪਹਿਲਾਂ ਮੂਲ ਨਾਨਕਸ਼ਾਹੀ ਕੈਲੰਡਰ ਦਾ ਨਿਰਮਾਣ ਕਰਨ ਵਾਲੇ ਪੁਰੇਵਾਲ ਨਾਲ ਸਲਾਹ ਮਸ਼ਵਰਾ ਜ਼ਰੂਰ ਕਰ ਲੈਣਾ ਚਾਹੀਦਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਬਿਕਰਮੀ ਕੈਲੰਡਰ ਵਿੱਚ ਨਹੀਂ, ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਕੀਤੀਆਂ ਜਾਣ।