Site icon Sikh Siyasat News

ਜਥੇਦਾਰ ਮੰਡ ਪੰਥ ਕੋਲੋਂ ਮੁਆਫੀ ਮੰਗਣ ਜਾਂ ਅਸਤੀਫਾ ਦੇਣ: ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ

ਸ੍ਰੀ ਅੰਮ੍ਰਿਤਸਰ ਸਾਹਿਬ: ਨੌਜਵਾਨ ਜਥੇਬੰਦੀ ‘ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ’ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਬਰਗਾੜੀ ਮੋਰਚੇ ਦੀ ਅਸਫਲਤਾ ਤੋਂ ਬਾਅਦ ਬਣੇ ਪੰਥਕ ਹਾਲਾਤਾਂ ਬਾਰੇ ਬੋਲਦਿਆਂ ਕਿਹਾ ਕਿ ਜਿਹੜੀ ਗਲ਼ਤੀ ਭਾਈ ਗੁਰਬਖਸ਼ ਸਿੰਘ ਖ਼ਾਲਸਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਦਾ ਮੋਰਚਾ ਚੁੱਕ ਕੇ ਦੋ ਵਾਰ ਕੀਤੀ ਸੀ, ਓਹੀ ਗਲ਼ਤੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਇਨਸਾਫ਼ ਮੋਰਚੇ ਦੀ ਕਾਹਲ਼ੀ ਨਾਲ਼ ਸਮਾਪਤੀ ਕਰਕੇ ਦੁਬਾਰਾ ਦੁਹਰਾਅ ਦਿੱਤੀ ਹੈ।

ਬਰਗਾੜੀ ਮੋਰਚੇ ’ਚ ਜਥੇਦਾਰ ਮੰਡ ਦਾ ਸਮੁੱਚੇ ਖ਼ਾਲਸਾ ਪੰਥ ਨੇ ਡੱਟ ਕੇ ਸਾਥ ਦਿੱਤਾ ਸੀ ਪਰ ਜਥੇਦਾਰ ਨੇ ਬਿਨਾਂ ਕਿਸੇ ਠੋਸ ਪ੍ਰਾਪਤੀ ਤੋਂ ਭਖੇ ਹੋਏ ਮੋਰਚੇ ਦਾ ਭੋਗ ਪਾ ਦਿੱਤਾ ਜਿਸ ਕਾਰਨ ਸੰਗਤਾਂ ’ਚ ਤੇ ਖ਼ਾਸਕਰ ਨੌਜਵਾਨਾਂ ’ਚ ਉਹਨਾਂ ਦੇ ਫ਼ੈਸਲੇ ਦਾ ਸਖ਼ਤ ਰੋਸ ਹੈ ਤੇ ਪੰਥਕ ਗਲਿਆਰਿਆਂ ’ਚ ਨਿਰਾਸ਼ਾ ਛਾ ਗਈ ਹੈ।

ਭਾਈ ਧਿਆਨ ਸਿੰਘ ਮੰਡ ਬਰਗਾੜੀ ਇਨਸਾਫ ਮੋਰਚੇ ਵਿਚ ਬੋਲਦੇ ਹੋਏ।

ਉਹਨਾਂ ਅੱਗੇ ਕਿਹਾ ਕਿ “ ਮੋਰਚਾ ਚੁੱਕਣ ਤੋਂ ਪਹਿਲਾਂ ਜਥੇਦਾਰ ਨੇ ਪੰਥਕ ਜਥੇਬੰਦੀਆਂ ਦੇ ਆਗੂਆਂ ਨਾਲ਼ ਸਲਾਹ ਕਰਨੀ ਵੀ ਜਰੂਰੀ ਨਹੀਂ ਸਮਝੀ ਤੇ ਜਿੱਤੀ ਹੋਈ ਬਾਜੀ ਹਰਾ ਦਿੱਤੀ ਹੈ। ਜਥੇਦਾਰ ਨੇ ਕਾਂਗਰਸ ਸਰਕਾਰ ਨਾਲ਼ ਅਧੂਰਾ ਸਮਝੌਤਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਯਾਦਾ ਤੇ ਰੁਤਬੇ ਨੂੰ ਸੱਟ ਮਾਰੀ ਹੈ।”

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਅਰਦਾਸ ਕਰਕੇ ਅੱਜ ਜਥੇਦਾਰ ਆਪਣੇ ਬਚਨਾਂ ਤੋਂ ਭਗੌੜਾ ਹੋ ਗਿਆ ਹੈ। ਜਥੇਦਾਰ ਮੰਡ ’ਤੇ ਕੌਮ ਨੇ ਭਰੋਸਾ ਤੇ ਵਿਸ਼ਵਾਸ ਪ੍ਰਗਟਾਇਆ ਸੀ ਜੋ ਹੁਣ ਉਹ ਗੁਆ ਚੁੱਕੇ ਹਨ,ਕਾਰਜਕਾਰੀ ਜਥੇਦਾਰ ਮੰਡ ਨੂੰ ਚਾਹੀਦਾ ਹੈ ਕਿ ਉਹ ਜਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਜਾ ਕੇ ਖ਼ਾਲਸਾ ਪੰਥ ਤੋਂ ਮਾਫ਼ੀ ਮੰਗ ਲੈਣ ਜਾਂ ਫਿਰ ਮੁੱਖ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ਼ ਤਿਹਾੜ ਜੇਲ੍ਹ ’ਚ ਮੁਲਾਕਾਤ ਕਰਕੇ ਉਹਨਾਂ ਨੂੰ ਆਪਣਾ ਅਸਤੀਫ਼ਾ ਸੌਂਪ ਦੇਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version