ਤਰਨ ਤਾਰਨ ( 4 ਅਕਤੂਬਰ, 2015): ਪੰਜਾਬ ਦੇ ਸਾਬਕਾ ਡੀਜੀਪੀ (ਜੇਲਾਂ) ਸ਼ਸ਼ੀਕਾਂਤ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਵੱਲੋਂ ਬੜੀ ਬੇਰਿਹਮੀ ਨਾਲ ਕਤਲ ਕੀਤਾ ਗਿਆ ਸੀ।
ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਨਵੀ ਬਣੀ ਪੰਜਾਬ ਲੋਕ ਲਹਿਰ ਪਾਰਟੀ ਦੀ ਕਾਨਫਰੰਸ ਦੌਰਾਨ ਕੀਤਾ। ਇਹ ਪਾਰਟੀ ਡਾ. ਗੁਰਦਰਸ਼ਨ ਸਿੰਘ, ਸ੍ਰ. ਗੁਰਤੇਜ ਸਿੰਘ ਆਈਏਐੱਸ, ਸ਼੍ਰੀ ਸ਼ਸ਼ੀਕਾਂਤ ਅਤੇ ਹੋਰਾਂ ਵੱਲੋਂ ਬਣਾਈ ਗਈ ਹੈ।ਸਾਬਕਾ ਪੁਲਿਸ ਮੁਖੀ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਲਾੜਾ ਨੂੰ 1995 ਵਿੱਚ ਪੁਲਿਸ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਸਤੰਬਰ 1995 ਵਿੱਚ ਅੰਮ੍ਰਿਤਸਰ ਉਨ੍ਹਾਂ ਦੇ ਘਰੋਂ ਪੰਜਾਬ ਪੁਲਿਸ ਵੱਲੋਂ ਚੁੱਕਿਆ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।ਭਾਈ ਖਾਲੜਾ ਨੇ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਪੰਜਾਬ ਪੁਲਿਸ ਅਤੇ ਭਾਰਤੀ ਸੁਰੱਖਿਆ ਦਸਤਿਆਂ ਵੱਲੋਂ ਪੰਜਾਬ ਵਿੱਚ ਕੀਤੇ ਮਨੁੱਖੀ ਹੱਕਾਂ ਦੇ ਘਾਣ ਨੂੰ ਨੰਗਾ ਕੀਤਾ ਸੀ।
ਭਾਰਤੀ ਸੁਰੱਖਿਆ ਦਸਤਿਆਂ ਵੱਲੋਂ ਆਮ ਸਿੱਖਾਂ ਨਾਗਕਿਰਾਂ ਨੂੰ ਜਬਰੀਦਸਤੀ ਚੁੱਕ ਕੇ ਝੂਠੇ ਮੁਕਾਬਲ਼ਿਆਂ ਅਤੇ ਤਸ਼ੱਦਦ ਕੇਂਦਰਾਂ ਵਿੱਚ ਤਸੀਹੇ ਦੇ ਕੇ ਮਾਰਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੀ ਲਾਸ਼ਾਂ ਨੂੰ ਅਣਪਛਾਤੀਆਂ ਕਹਿ ਕੇ ਸਾੜ ਦਿੱਤਾ ਗਿਆ ਸੀ।
ਸ਼ਸ਼ੀਕਾਂਤ ਨੇ ਪੰਜਾਬ ਵਿੱਚ ਨਸ਼ਿਆਂ ਦੀ ਕਾਰੋਬਾਰ ਅਤੇ ਵਰਤੋਂ ਦਾ ਮੁੱਦਾ ਚੁੱਕਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਨਸ਼ਿਆਂ ਦੇ ਬੇਰੋਕ ਕਾਰੋਬਾਰ ਬਾਰੇ ਆਵਾਜ਼ ਉਠਾਈ ਸੀ ਅਤੇ ਸਾਲ 2007 ਵਿੱਚ ਨਸ਼ਿਆਂ ਦੇ ਵਾਪਾਰ ਵਿੱਚ ਸ਼ਾਮਲ ਰਾਜਸੀ ਲੀਡਰਾਂ ਦੀ ਸਮੂਲੀਅਤ ਬਾਰੇ ਸਰਕਾਰ ਨੂੰ ਰਿਪੋਰਟ ਦਿੱਤੀ ਸੀ।