ਨਵੀਂ ਦਿੱਲੀ: ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਲਈ ਜਾਨ ਕੁਰਬਾਨ ਕਰਨ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਸਬੰਧੀ ਸਿੱਖ ਵਿਦਵਾਨ ਅਜਮੇਰ ਸਿੰਘ ਵਲੋਂ ਲ਼ਿਖੀ ਕਿਤਾਬ “ਸ਼ਹੀਦ ਜਸਵੰਤ ਸਿੰਘ ਖਾਲੜਾ ਸੋਚ ਸੰਘਰਸ਼ ਤੇ ਸ਼ਹਾਦਤ” ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ 10 ਦਸੰਬਰ ਨੂੰ ਕੀਤੇ ਸਮਾਗਮ ਦੌਰਾਨ ਰਿਲੀਜ਼ ਕੀਤੀ।
ਕੌਮਾਂਤਰੀ ਪ੍ਰਸਿੱਧੀ ਵਾਲੀ ਖਾਲਸਾ ਏਡ ਸੰਸਥਾ ਵਲੋਂ ਕਿਸਾਨ ਅੰਦੋਲਨ ਵਿਖੇ ਲਾਏ ਸਟਾਲ ਵਿਖੇ ਕੀਤੇ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ‘ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ’ ਦੀ ਭਾਵਨਾ ਨੂੰ ਰੂਪਮਾਨ ਕਰਦਿਆਂ ਕਿਤਾਬ ਰਿਲੀਜ਼ ਕਰਨ ਦੀ ਪ੍ਰਚਲਤ ਰਵਾਇਤ ਤੋਂ ਹਟ ਕੇ ਹਰਿਆਣਵੀ ਹਿੰਦੂ ਕਿਸਾਨ, ਸਿੱਖ, ਮੁਸਲਮਾਨ, ਬੀਬੀ ਅਤੇ ਨੌਜਵਾਨ ਵਲੋਂ ਰਿਲੀਜ਼ ਕੀਤੀ ਗਈ। ਇਨ੍ਹਾਂ ਪੰਜ ਜਣਿਆਂ ਦੀ ਚੋਣ ਕਿਸਾਨ ਮੋਰਚੇ ਵਿੱਚ ਮੌਕੇ ਉੱਤੇ ਲੋਕ ਸਮੂਹ ਵਿਚੋਂ ਹੀ ਕੀਤੀ ਗਈ।
ਵਿਲੱਖਣ ਅੰਦਾਜ਼ ਦੀ ਪੰਜਾਬੀ ਗਾਇਕੀ ਵਾਲੇ ਕਲਾਕਾਰ ਰੱਬੀ ਸ਼ੇਰਗਿੱਲ, ਕਿਸਾਨ ਮੋਰਚਾ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਲੱਖਾ ਸਿਧਾਣਾ, ਫਿਲਮੀ ਅਦਾਕਾਰ ਤੇ ਸ਼ੰਭੂ ਕਿਸਾਨ ਮੋਰਚਾ ਦੇ ਸੰਚਾਲਕ ਦੀਪ ਸਿੱਧੂ ਤੋਂ ਇਲਾਵਾ ਖਾਲਸਾ ਏਡ ਦੇ ਤਜਿੰਦਰਪਾਲ ਸਿੰਘ ਪ੍ਰਿੰਸ ਅਤੇ ਮੁਸਲਿਮ ਵਕੀਲ ਮੋਬਿਨ ਫਾਰੂਕੀ ਕਿਤਾਬ ਰਿਲੀਜ ਸਮਾਗਮ ਦੇ ਮੋਹਰੀਆਂ ‘ਚੋਂ ਸਨ।
ਸ਼ਹੀਦ ਭਾਈ ਖਾਲੜਾ ਦੀ ਜੀਵਨੀ ਦੇ ਵਿਭਿੰਨ ਮਹੱਤਵਪੂਰਨ ਪਹਿਲੂਆਂ ਨੂੰ ਉਜਾਗਰ ਕਰਦੀ ਇਸ ਕਿਤਾਬ ਨੂੰ ਰਿਲੀਜ ਕਰਨ ਲਈ ਮਨੁੱਖੀ ਹੱਕਾਂ ਲਈ ਲੜੇ ਜਾ ਰਹੇ ਮੌਜੂਦਾ ਦੌਰ ਦੇ ਵੱਡੇ ਅਤੇ ਮਹੱਤਵ ਪੂਰਨ ਸੰਘਰਸ਼ ਕਿਸਾਨ ਮੋਰਚਾ ਸਿੰਘੂ ਬਾਰਡਰ ਨੂੰ ਚੁਣਿਆ ਜਾਣਾ ਮਹੱਤਵਪੂਰਨ ਹੈ।
ਇਸ ਮੌਕੇ ਬੋਲਦਿਆਂ ਸਿੱਖ ਚਿੰਤਕ ਡਾ ਕੰਵਲਜੀਤ ਸਿੰਘ ਨੇ ਸਿੱਖ ਸ਼ਹਾਦਤ ਦੇ ਦਾਰਸ਼ਨਿਕ ਪੱਖ ਤੇ ਚਾਨਣਾ ਪਾਉਦਿਆਂ ਕਿਹਾ ਕਿ ਸਿੱਖ ਸ਼ਹੀਦ ਪ੍ਰਚੰਡ ਰੂਹਾਨੀ ਪ੍ਰਤੀਤ ਸੱਤਿਆ ਨਾਲ ਸ਼ਹਾਦਤ ਨੂੰ ਸੁਚੇਤ ਤੌਰ ਤੇ ਚੁਣਦਾ ਹੈ, ਇਸ ਜਾਗ੍ਰਿਤੀ ਨਾਲ ਸਰਸ਼ਾਰ ਤਾਂ ਹੋਇਆ ਜਾ ਸਕਦਾ ਹੈ ਪਰ ਕੋਈ ਦੁਨਿਆਵੀ ਵਿਚਾਰ ਇਸਨੂੰ ਭਰਮਾ ਨਹੀਂ ਸਕਦਾ ।
ਕਿਤਾਬ ਦੇ ਲੇਖਕ ਸਰਦਾਰ ਅਜਮੇਰ ਸਿੰਘ ਨੇ ਸ਼ਹੀਦ ਜਸਵੰਤ ਸਿੰਘ ਦੀ ਸ਼ਹਾਦਤ ਦੀ ਅਜੋਕੇ ਦੌਰ ਵਿਚ ਪ੍ਰਸੰਗਿਕਤਾ ਦਰਸਾਉਂਦੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਿਆ ਸਿੱਖੀ ਦੀ ਗੁਰੂ ਅਰਜਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਨੀ ਸਿੰਘ ਦੁਆਰਾ ਸਥਾਪਤ ਰਵਾਇਤ ਨੂੰ ਸ਼ਾਨਦਾਰ ਤਰੀਕੇ ਨਾਲ ਨਿਭਾਇਆ। ਉਹਨਾਂ ਕਿਹਾ ਕਿ ਖਾਲੜਾ ਸਾਹਿਬ ਨੇ ਕੇਵਲ ਮਨੁੱਖੀ ਹੱਕਾਂ ਦੀ ਉਲੰਘਣਾ ਵਿਰੁੱਧ ਉਠਣ ਵਾਲੀ ਅਵਾਜ਼ ਨੂੰ ਜੁਲਮ ਨਾਲ ਬੰਦ ਕਰਨ ਦੀ ਕਵਾਇਦ ਵਜੋਂ ਸੀਮਤ ਕਰਕੇ ਨਹੀਂ ਵੇਖਿਆ ਬਲਕਿ ਜਾਲਮ ਵਲੋਂ ਇਸ ਆਵਾਜ਼ ਨੂੰ ਝੂਠ ਬੋਲ ਕੇ ਬੰਦ ਕਰਨ ਦੀ ਕਪਟ ਭਰੀ ਚਾਲ ਵਜੋਂ ਵੀ ਵੇਖਿਆਙ ਜਿੱਥੇ ਉਹਨਾਂ ਨੇ ਜਾਲਮ ਨੂੰ ਵੰਗਾਰਿਆ ਉਥੇ ਉਸਦੇ ਕਪਟ ਨੂੰ ਵੀ ਬੇਨਕਾਬ ਕੀਤਾ।