ਜਲੰਧਰ: ਬਾਦਲ ਦਲ ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਵਿਰੁੱਧ ਪੁਲਿਸ ਸਪਲੀਮੈਂਟਰੀ ਚਲਾਨ ਪੇਸ਼ ਕਰਨ ਦੀ ਮੰਗ ਕੀਤੀ ਹੈ। ਬੀਤੇ ਕੱਲ੍ਹ (5 ਨਵੰਬਰ, 2017) ਜਲੰਧਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਫਾਜ਼ਿਲਕਾ ਅਦਾਲਤ ਦੀ ਉਸ ਹੁਕਮ ਦੀ ਕਾਪੀ ਵੀ ਦਿਖਾਈ, ਜਿਸ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਧਾਰਾ 319 ਤਹਿਤ ਤਲਬ ਕੀਤਾ ਗਿਆ ਹੈ।
ਬੀਬੀ ਜਗੀਰ ਕੌਰ ਨੇ ਸੂਬਾ ਸਰਕਾਰ ’ਤੇ ਖਹਿਰਾ ਦੀ ਮਦਦ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਨਸ਼ਿਆਂ ਦੇ ਮਾਮਲੇ ਵਿੱਚ ਇੰਨੇ ਗੰਭੀਰ ਦੋਸ਼ਾਂ ਤਹਿਤ ਖਹਿਰਾ ਨੂੰ ਸੰਮਨ ਕੀਤਾ ਗਿਆ ਹੈ ਤਾਂ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰ ਰਹੀ ਤੇ ਨਾ ਹੀ ਉਨ੍ਹਾਂ ਵਿਰੁੱਧ ਚਲਾਨ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਹ ਜਾਂਚ ਵੀ ਕਰਨੀ ਚਾਹੀਦੀ ਹੈ ਕਿ ਸੁਖਪਾਲ ਸਿੰਘ ਖਹਿਰਾ ਦੀਆਂ ਤਾਰਾਂ ਵਿਦੇਸ਼ਾਂ ਵਿੱਚ ਕਿੱਥੇ-ਕਿੱਥੇ ਜੁੜੀਆਂ ਹੋਈਆਂ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਨਜ਼ਦੀਕੀ ਗੁਰਦੇਵ ਸਿੰਘ ਦੇਬੀ ਫੜਿਆ ਗਿਆ ਸੀ, ਉਸ ਨੂੰ ਅਦਾਲਤ ਨੇ ਸਜ਼ਾ ਵੀ ਸੁਣਾ ਦਿੱਤੀ ਹੈ।
ਬੀਬੀ ਜਗੀਰ ਕੌਰ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਨੈਤਿਕਤਾ ਦੇ ਅਧਾਰ ’ਤੇ ਹਰੇਕ ਤੋਂ ਅਸਤੀਫ਼ਾ ਮੰਗਦੇ ਸਨ ਪਰ ਹੁਣ ਉਨ੍ਹਾਂ ਦੀ ਨੈਤਿਕਤਾ ਕਿੱਥੇ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਕੁਲਵੰਤ ਸਿੰਘ ਮੰਨਣ, ਰਣਜੀਤ ਸਿੰਘ ਕਾਹਲੋਂ, ਸਵਰਣ ਸਿੰਘ ਜੋਸ਼ ਹਾਜ਼ਰ ਸਨ।
ਸਬੰਧਤ ਖ਼ਬਰ:
ਫਾਜ਼ਿਲਕਾ ਦੀ ਇਕ ਅਦਾਲਤ ਵਲੋਂ ਨਸ਼ਾ ਤਸਕਰੀ ਮਾਮਲੇ ‘ਚ ਸੁਖਪਾਲ ਖਹਿਰਾ ਨੂੰ ਸੰਮਨ ਜਾਰੀ …