ਅੰਮਿ੍ਤਸਰ (19 ਮਾਰਚ, 2015): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੈਲੰਡਰ ਵਿੱਚ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਹਾੜਿਆਂ ਦੇ ਦਿੱਤੇ ਵੇਰਵੇ ‘ਤੇ ਭਾਰਤੀ ਪਾਰਲੀਮੈਂਟ ਵਿੱਚ ਕਾਂਗਰਸ ਵੱਲੋਂ ਇਤਰਾਜ਼ ਜਤਾਏ ਜਾਣ ਅਤੇ ਇਨ੍ਹਾਂ ਸਿੱਖ ਸ਼ਹੀਦਾਂ ਲਈ ਕਾਤਲ ਸ਼ਬਦ ਵਰਤਣ ਦੇ ਸਬੰਧ ਵਿੱਚ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸਿੱਖ ਕਿਸੇ ਦਾ ਕਾਤਲ ਨਹੀਂ ਹੋ ਸਕਦਾ, ਕਿਉਂਕਿ ਕਾਤਲ ਉਹ ਹੁੰਦਾ ਹੈ ਜੋ ਆਪਣੇ ਨਿੱਜੀ ਮੁਫਾਦਾਂ ਖਾਤਰ ਕਿਸੇ ਬੇਗੁਨਾਹ ਦੀ ਹੱਤਿਆ ਕਰਦਾ ਹੈ।
ਪਰ ਆਪਣੇ ਗੁਰੂ ਜਾਂ ਪਾਵਨ ਪਵਿੱਤਰ ਸਥਾਨ ਦੀ ਰਾਖੀ ਲਈ ਕਿਸੇ ਜਾਬਰ ਨੂੰ ਸਬਕ ਸਿਖਾਉਣਾ ਮਾਣ ਮੱਤੀ ਕਾਰਵਾਈ ਹੈ ਅਤੇ ਸਿੱਖਾਂ ਦਾ ਇਤਿਹਾਸ ਅਜਿਹੇ ਬਿਰਤਾਂਤਾਂ ਨੂੰ ਨਿਭਾਉਣ ਵਾਲੇ ਮਰਜੀਵੜਿਆਂ ਨਾਲ ਭਰਿਆ ਹੋਇਆ ਹੈ, ਜਿਨ੍ਹਾਂ ਦਾ ਸਨਮਾਨ ਕਰਨਾ ਕੌਮ ਦਾ ਫਰਜ਼ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੇ ਸ਼ੋ੍ਰਮਣੀ ਕਮੇਟੀ ਦੀ ਜ਼ਿੰਮੇਵਾਰੀ ਵੀ ।
ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਸਿੰਘਾਂ ਦੇ ਸ਼ਹੀਦੀ ਦਿਹਾੜਿਆਂ ਬਾਰੇ ਵਿਵਾਦ ਛੇੜਿਆ ਜਾ ਰਿਹਾ ਹੈ, ਉਨ੍ਹਾਂ ਵੱਲੋਂ ਨਿਭਾਏ ਫਰਜ਼ ਕੌਮ ਦੇ ਸਿਰ ਅਹਿਸਾਨ ਹਨ ਅਤੇ ਸਿੱਖ ਕੌਮ ਵੱਲੋਂ ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: