Site icon Sikh Siyasat News

ਵੱਖਰੀ ਹਰਿਆਣਾ ਕਮੇਟੀ ਮਾਮਲਾ, ਆਪਸੀ ਖ਼ਾਨਾਜੰਗੀ ਨਾਲ ਕੌਮ ਦੇ ਆਜ਼ਾਦੀ ਦੇ ਸੰਘਰਸ਼ ਨੂੰ ਡਾਹਢੀ ਸੱਟ ਵੱਜੇਗੀ: ਦਲ ਖਾਲਸਾ

ਅੰਮ੍ਰਿਤਸਰ(18 ਜੁਲਾਈ 2014): ਦਲ ਖਾਲਸਾ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ ਅਤੇ ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਦੇ ਅਕਾਲੀਆਂ ਅਤੇ ਹਰਿਆਣਾ ਦੇ ਸਿੱਖਾਂ ਵਿਚਾਲੇ ਜਿਸਮਾਨੀ ਟਕਰਾਅ ਦੀ ਸੰਭਾਵਨਾ ਬਣ ਰਹੀ ਹੈ। ਉਹਨਾਂ ਕਿਹਾ ਕਿ ਕੌਮ ਅੰਦਰ ਆਪਸੀ ਖਾਨਾਜੰਗੀ ਦੀ ਜੋ ਤਸਵੀਰ ਉਭਰ ਕੇ ਸਾਹਮਣੇ ਆਈ ਹੈ ਉਹ ਬਹੁਤ ਮੰਦਭਾਗੀ ਹੈ ਅਤੇ ਇਸ ਨਾਲ ਕੌਮੀ ਆਜ਼ਾਦੀ ਸੰਘਰਸ਼ ਨੂੰ ਡਾਢੀ ਸੱਟ ਵਜੇਗੀ। ਉਹਨਾਂ ਕਿਹਾ ਕਿ ਜੇਕਰ ਆਪਸੀ ਹਿੰਸਕ ਟਕਰਾਅ ਹੁੰਦਾ ਹੈ ਤਾਂ ਕੌਮ ਲਈ ਉਵੇਂ ਹੀ ਨਾਮੋਸ਼ੀ ਹੋਵੇਗੀ ਜਿਵੇਂ ਅਕਾਲ ਤਖਤ ਸਾਹਿਬ ਉਤੇ 6 ਜੂਨ ਨੂੰ ਸਿੱਖਾਂ ਦੇ ਦੋ-ਧਿਰਾਂ ਵਿਚਾਲੇ ਝੜਪ ਨਾਲ ਹੋਈ ਸੀ।

ਉਨ੍ਹਾਂ ਦਾ ਮੰਨਣਾ ਹੈ ਕਿ ਵੱਖਰੀ ਕਮੇਟੀ ਦੇ ਬਨਣ ਦੇ ਮੁੱਦੇ ਉਤੇ ਹਊਮੇ ਵੱਸ ਹੋ ਕੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ, ਹਰਿਆਣਾ ਦੇ ਸਿੱਖਾਂ ਨਾਲ ਜਿਸਮਾਨੀ ਟਕਰਾਅ ਕਰਨ ਲਈ ਪੈਂਤੜੇਬਾਜੀ ਤਿਆਰ ਕਰ ਚੁੱਕਾ ਹੈ।

ਜਥੇਬੰਦੀ ਉਹਨਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਬਿਆਨ ਕਿ ਉਹ ਹਰਿਆਣੇ ਦੇ 8 ਗੁਰਦੁਆਰਿਆਂ ਦੀ ਚਾਬੀ ਨਵ-ਗਠਿਤ ਵੱਖਰੀ ਕਮੇਟੀ ਦੇ ਸੇਵਾਦਾਰਾਂ ਦੇ ਹੱਥ ਨਹੀ ਦੇਣਗੇ ਉਤੇ ਟਿਪਣੀ ਕਰਦਿਆਂ ਕਿਹਾ ਕਿ ਜਥੇਦਾਰ ਮੱਕੜ ਦਾ ਬਿਆਨ ਇਹ ਪ੍ਰਭਾਵ ਛੱਡਦਾ ਹੈ ਕਿ ਲੜਾਈ ਕੇਵਲ ਗੋਲਕ ਦੀ ਹੀ ਹੈ।

ਉਹਨਾਂ ਬਣੇ ਹੋਏ ਹਾਲਾਤਾਂ ਉਤੇ ਚਿੰਤਾ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਬਾਦਲ ਸਾਹਿਬ ਇਸ ਵਿਸਫੋਟਕ ਸਥਿਤੀ ਲਈ ਪੂਰੀ ਤਰਾਂ ਜ਼ਿਮੇਵਾਰ ਹਨ। ਉਹਨਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਉਚ-ਅਹੁਦੇ ਉਤੇ ਬੈਠੇ ਹਨ, ਜਿਨਾਂ ਦਾ ਰੋਲ ਅਜਿਹੇ ਨਾਜ਼ੁਕ ਮੌਕਿਆਂ ਉਤੇ ਦੋਨਾਂ ਧਿਰਾਂ ਨੂੰ ਸਮਝਾਉਣ ਅਤੇ ਤਾੜਣਾ ਕਰਨ ਦਾ ਬਣਦਾ ਹੈ, ਪਰ ਅਫਸੋਸ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਖੁਦ ਇਕ ਧਿਰ ਬਣ ਕੇ ਬੈਠ ਗਏ ਹਨ। ਉਹਨਾਂ ਕਿਹਾ ਜਥੇਦਾਰ ਸਾਹਿਬ ਨੇ ਸਿੱਖੀ ਸਿਧਾਂਤਾਂ ਅਤੇ ਕੌਮ ਦੀ ਸਮੂਹਿਕ ਭਾਵਨਾਵਾਂ ਅਨੁਸਾਰ ਆਪਣਾ ਰੋਲ ਨਹੀ ਨਿਭਾਇਆ ਹੈ। ਉਹਨਾਂ ਅਫਸੋਸ ਪ੍ਰਗਟਾਉਦਿਆਂ ਕਿਹਾ ਕਿ ਕੌਮ ਅੰਦਰ ਕੋਈ ਵੀ ਅਜਿਹੀ ਸ਼ਖਸ਼ੀਅਤ ਦਿਖਾਈ ਨਹੀ ਦੇ ਰਹੀ ਜੋ ਆਪਣਾ ਪ੍ਰਭਾਵ ਵਰਤ ਕੇ ਕਿਸੇ ਵੀ ਸੰਭਾਵਿਤ ਟਕਰਾਅ ਨੂੰ ਟਾਲ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version