ਚੰਡੀਗੜ੍ਹ: ਚੀਨ ਵੱਲੋਂ ਪੂਰਬੀ ਲੱਦਾਖ ਵਿਚ ਪੈਂਗੌਂਗ ਝੀਲ ਉੱਤੇ ਫੌਜੀ ਪੱਖ ਤੋਂ ਬਹੁਤ ਮਹੱਤਵਪੂਰਨ ਪੁਲ ਦੀ ਉਸਾਰੀ ਦਾ ਕੰਮ ਤੇਜੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਹ ਉਸਾਰੀ ਬੀਤੇ ਸਮੇਂ ਤੋਂ ਚੱਲ ਰਹੀ ਸੀ ਪਰ ਇੰਡੀਆ ਨੇ ਇਸ ਬਾਰੇ ਕੋਈ ਧੁਖ-ਭੜਾਸ ਨਹੀਂ ਸੀ ਕੱਢੀ। ਲੰਘੇ ਦਿਨੀਂ ‘ਇਨਫੋ ਲੈਬ’ ਨਾਮੀ ਉਪਗ੍ਰਹਿ (ਸੈਟਲਾਈਟ) ਵਲੋਂ ਇਹ ਪੁਲ ਦੀ ਪੁਲਾੜ ਵਿਚੋਂ ਖਿੱਚੀ ਤਸਵੀਰ ਜਾਰੀ ਹੋ ਜਾਣ ਉੱਤੇ ਇਸ ਬਾਰੇ ਇੰਡੀਆ ਦੇ ਖਬਰਖਾਨੇ ਵਿਚ ਚਰਚਾ ਸ਼ੁਰੂ ਹੋ ਗਈ ਹੈ।
ਖਬਰ ਨਸ਼ਰ ਹੋਣ ਤੋਂ ਬਾਅਦ ਦਿੱਲੀ ਦਰਬਾਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਚੀਨ ਵੱਲੋਂ ਇਸ ਪੁਲ ਦੀ ਉਸਾਰੀ ਕੀਤੇ ਜਾਣ ਉੱਤੇ ਇਤਰਾਜ਼ ਪਰਗਟ ਕੀਤੇ ਹਨ। ਉਸਨੇ ਕਿਹਾ ਕਿ ਇਹ ਪੁਲ ਦੀ ਉਸਾਰੀ ਉਸ ਖੇਤਰ ਵਿਚ ਕੀਤੀ ਜਾ ਰਹੀ ਹੈ ਜੋ ਕਿ ਪਿਛਲੇ 60 ਸਾਲਾਂ ਤੋਂ ਚੀਨ ਦੇ ‘ਗੈਰ-ਕਾਨੂੰਨੀ” ਕਬਜ਼ੇ ਹੇਠ ਹੈ। ਬੁਲਾਰੇ ਨੇ ਕਿਹਾ ਕਿ ਦਿੱਲੀ ਵੱਲੋਂ ਚੀਨ ਦੀਆਂ ਇਸ ਖੇਤਰ ਵਿਚ ਕਾਰਵਾਈਆਂ ਬਾਰੇ ਬਰੀਕੀ ਨਾਲ ਨਿਗ੍ਹਾ ਰੱਖੀ ਜਾ ਰਹੀ ਹੈ। ਦੱਸ ਦੇਈਏ ਕਿ ਇੰਡੀਆ ਦਾ ਮੰਨਣਾ ਹੈ ਕਿ ਚੀਨ ਨੇ ਅਕਸਾਈ ਚਿਨ ਖੇਤਰ ਦੇ 38000 ਵਰਗ ਕਿੱਲੋਮੀਟਰ ਤੋਂ ਵੱਧ ਖੇਤਰ ਉੱਤੇ ਕਬਜ਼ਾ ਕੀਤਾ ਹੋਇਆ ਹੈ। ਦਿੱਲੀ ਦਰਬਾਰ ਦੇ ਬੁਲਾਰੇ ਨੇ ਕਿਹਾ ਕਿ ‘ਇੰਡੀਆ ਨੇ ਕਦੀ ਵੀ ਅਜਿਹੇ ਗੈਰਕਾਨੂੰਨੀ ਕਬਜ਼ੇ ਨੂੰ ਮਾਨਤਾ ਨਹੀਂ ਦਿੱਤੀ।
ਚੀਨ ਨੇ ਪੁਲ ਦੀ ਉਸਾਰੀ ਨੂੰ ਆਪਣੀ ਪ੍ਰਭੂਸੱਤਾ ਦਾ ਮਸਲਾ ਦੱਸਿਆ ਹੈ। ਬੀਤੇ ਦਿਨ ਪੱਤਰਕਾਰਾਂ ਨਾਲ ਰੋਜਾਨਾ ਗੱਲਬਾਤ ਮੌਕੇ ਜਦੋਂ ਇਕ ਖਬਰ ਅਦਾਰੇ ਨੇ ਚੀਨੀ ਵਿਦੇਸ਼ ਵਜ਼ਾਰਤ ਦੇ ਨੁਮਾਇੰਦੇ ਨੂੰ ਇੰਡੀਆ ਵੱਲੋਂ ਪ੍ਰਗਟਾਏ ਗਏ ਇਤਰਾਜ਼ਾ ਬਾਰੇ ਟਿੱਪਣੀ ਕਰਨ ਲਈ ਕਿਹਾ ਤਾਂ ਉਸ ਨੇ ਜਵਾਬ ਦਿੱਤਾ “ਮੈਨੂੰ ਤੁਹਾਡੇ ਵੱਲੋਂ ਦੱਸੀ ਗਈ ਸਥਿਤੀ ਦਾ ਇਲਮ ਨਹੀਂ ਹੈ। ਮੈਂ ਇਸ ਗੱਲ ਉੱਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਚੀਨ ਵੱਲੋਂ ਆਪਣੇ ਖਿੱਤੇ ਵਿਚ ਸਾਧਨ-ਸਮਰੱਥਾ ਦੀ ਉਸਾਰੀ ਮੁਕੰਮਲ ਤੌਰ ਉੱਤੇ ਚੀਨ ਦੀ ਪ੍ਰਭੂਸੱਤਾ ਵਿਚ ਆਉਂਦੀ ਹੈ ਅਤੇ ਇਸ ਦਾ ਨਿਸ਼ਾਨਾ ਚੀਨ ਦੀ ਖੇਤਰੀ ਪ੍ਰਭੂਸੱਤਾ ਅਤੇ ਸੁਰੱਖਿਆ ਅਤੇ ਨਾਲ ਦੀ ਨਾਲ ਚੀਨ-ਇੰਡੀਆ ਸਰਹੱਦੀ ਇਲਾਕੇ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਬਣਾਈ ਰੱਖਣਾ ਹੈ”।
ਜ਼ਿਕਰਯੋਗ ਹੈ ਕਿ ਬੀਤੇ ਸਾਲ ਤੋਂ ਚੀਨ ਅਤੇ ਇੰਡੀਆ ਦਰਮਿਆਨ ਸਰਹੱਦੀ ਤਣਾਅ ਬਣਿਆ ਹੋਇਆ ਹੈ ਅਤੇ ਦੋਵਾਂ ਏਸ਼ੀਆਈ ਤਾਕਤਾਂ ਦਰਮਿਆਨ 13 ਗੇੜ ਦੀ ਫੌਜੀ ਪੱਧਰੀ ਗੱਲਬਾਤ ਨਾਕਾਮ ਰਹੀ ਹੈ। ਚੀਨ ਜਿੱਥੇ ਪਹਿਲਾਂ ਮਸਲੇ ਨੂੰ ਸਰਹੱਦ ਦਾ ਮਸਲਾ ਦੱਸਦਾ ਸੀ ਓਥੇ ਹੁਣ ਚੀਨ ਨੇ ਸਖਤ ਰੁਖ ਅਪਨਾਉਂਦਿਆਂ ਇਸ ਨੂੰ ਸਿੱਧਾ ਚੀਨ ਦੀ ਪ੍ਰਭੂਸੱਤਾ ਦਾ ਮਸਲਾ ਕਹਿਣਾ ਸ਼ੁਰੂ ਕਰ ਦਿੱਤਾ ਹੈ। ਹਾਲੀਆ ਖਬਰਾਂ ਮੁਤਾਬਿਕ ਦੋਵਾਂ ਮੁਲਕਾਂ ਦਰਮਿਆਨ 14ਵੇਂ ਗੇੜ ਦੀ ਫੌਜ ਪੱਧਰੀ ਗੱਲਬਾਤ 12 ਜਨਵਰੀ ਨੂੰ ਹੋਵੇਗੀ।