ਹੈਦਰਾਬਾਦ: ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੀ ਸਾਂਝੀ ਰਾਜਧਾਨੀ ਹੈਦਰਾਬਾਦ ‘ਚ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ‘ਤੇ ਇਹ ਦੋਸ਼ ਲਾਇਆ ਗਿਆ ਕਿ ਇਹ ਸਿਨੇਮਾ ਹਾਲ ‘ਚ ‘ਜਨ ਗਨ ਮਨ’ ਗੀਤ ਚੱਲਣ ਵੇਲੇ ਖੜ੍ਹੇ ਨਹੀਂ ਹੋਏ।
ਦਾ ਇੰਡੀਅਨ ਐਕਸਪ੍ਰੈਸ ਮੁਤਾਬਕ ਐਤਵਾਰ ਨੂੰ ਤਿੰਨੋਂ ਵਿਦਿਆਰਥੀਆਂ ਨੂੰ ਜ਼ਮਾਨਤ ‘ਤੇ ਛੱਡਾ ਵੀ ਦਿੱਤਾ ਗਿਆ। ਇਸਤੋਂ ਪਹਿਲਾਂ ਉਨ੍ਹਾਂ ਨੂੰ ਸਾਰੀ ਰਾਤ ਹਵਾਲਾਤ ‘ਚ ਰੱਖਿਆ ਗਿਆ ਸੀ। ਉਨ੍ਹਾਂ ਦੇ ਖਿਲਾਫ ਸਾਈਬਰਾਬਾਦ ਦੇ ਰਾਜੇਂਦਰ ਨਗਰ ਥਾਣੇ ‘ਚ ਰਾਸ਼ਟਰੀ ਪ੍ਰਤੀਕਾਂ ਦੇ ਸਨਮਾਨ ਨਾਲ ਸਬੰਧਤ ਕਾਨੂੰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਤਿੰਨੋ ਅਲ-ਹਬੀਬ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨੋ ਇਕ ਮਾਲ ‘ਚ ਸਥਿਤ ਇਕ ਸਿਨੇਮਾ ਹਾਲ ‘ਚ ਫਿਲਮ ਦੇਖਣ ਗਏ ਸੀ।
ਹਾਲਾਂਕਿ ਵਿਦਿਆਰਥੀਆਂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਕਿਹਾ ਕਿ ਉਹ ਫਿਲਮ ਦੇਖਣ ਦੇਰੀ ਨਾਲ ਪੁੱਜੇ ਸੀ ਉਦੋਂ ਸਿਨੇਮਾ ਹਾਲ ਦੀਆਂ ਬੱਤੀਆਂ ਬੰਦ ਹੋ ਚੁਕੀਆਂ ਸੀ। ਹਨ੍ਹੇਰੇ ‘ਚ ਉਹ ਆਪਣੇ ਕੁਰਸੀ ਲੱਭ ਕੇ ਹਾਲੇ ਬੈਠੇ ਹੀ ਸੀ ਕਿ ‘ਜਨ ਗਨ ਮਨ’ ਸ਼ੁਰੂ ਹੋ ਗਿਆ। ਵਿਦਿਆਰਥੀਆਂ ਮੁਤਾਬਕ ਉਹ ਖੜ੍ਹ ਵੀ ਗਏ ਸੀ ਪਰ ਪਿੱਛਿਓਂ ਕਿਸੇ ਨੇ ਉਨ੍ਹਾਂ ਦੇ ਨਾਂ ਪੁੱਛਿਆ। ਵਿਦਿਆਰਥੀਆਂ ਮੁਤਾਬਕ ਇਸਤੋਂ ਬਾਅਦ ਪੁਲਿਸ ਨੂੰ ਇਸ ਗੱਲ ਦੀ ਸ਼ਿਕਾਇਤ ਕਰ ਦਿੱਤੀ ਗਈ। ਵਿਦਿਆਰਥੀਆਂ ਨੂੰ ਸ਼ੱਕ ਹੈ ਕਿ ਨਾਂ ਪੁੱਛਣ ਵਾਲਾ ਬੰਦਾ ਖੁਦ ਪੁਲਿਸ ਵਾਲਾ ਸੀ। ਜਦਕਿ ਰਜਿੰਦਰ ਨਾਗਰ ਥਾਣੇ ਦੇ ਇੰਸਪੈਕਟਰ ਵੀ. ਉਮੇਂਦਰ ਨੇ ਵਿਦਿਆਰਥੀਆਂ ਦੇ ਇਸ ਸ਼ੱਕ ਨੂੰ ਖਾਰਜ ਕੀਤਾ ਹੈ। ਇੰਸਪੈਕਟਰ ਮੁਤਾਬਕ ਕਈ ਲੋਕਾਂ ਨੇ ਸਿਨੇਮਾ ਹਾਲ ਦੇ ਪ੍ਰਬੰਧਕਾਂ ਨੂੰ ਸ਼ਿਕਾਇਤ ਕੀਤੀ ਸੀ। ਇੰਸਪੈਕਟਰ ਮੁਤਾਬਕ ਸਿਨੇਮਾ ਹਾਲ ਦੇ ਪ੍ਰਬੰਧਕ ਨੇ ਹੀ ਸ਼ਿਕਾਇਤ ਦਰਜ ਕਰਵਾਈ ਜਿਸਤੇ ਕਾਰਵਾਈ ਕੀਤੀ ਗਈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: