Site icon Sikh Siyasat News

ਟੰਗੇ ਜੋ ਸਲੀਬਾਂ ‘ਤੇ ਲੱਥਣੇ ਨਹੀਂ: ਅਦਾਲਤਾ ਵੱਲੋਂ ਦਿੱਤੀ ਸਜ਼ਾ ਭੁਗਤਣ ਤੋਂ ਬਾਅਦ ਵੀ 16 ਸਿੱਖ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਹਨ ਬੰਦ

ਅੰਬਾਲਾ (27 ਨਵੰਬਰ, 2014): ਭਾਰਤੀ ਅਦਾਲਤਾਂ ਵੱਲੋਂ ਸੁਣਾਈ ਗਈ ਪੂਰੀ ਸਜ਼ਾ ਭੁਗਤਣ ਬਾਅਦ ਵੀ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਨਾ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਨੇ ਦੂਜੀ ਵਾਰ ਗੁਰਦੁਆਰਾ 10ਵੀਂ ਪਾਤਸ਼ਾਹੀ ਲਖਨੌਰ ਜ਼ਿਲ੍ਹਾ ਅੰਬਾਲਾ ਵਿਖੇ ਭੁੱਖ ਹੜਤਾਲ ਆਰੰਭ ਕੀਤੀ ਹੋਈ ਹੈ।

ਪੰਜਾਬੀ ਅਖਬਾਰ ਅਜੀਤ ਦੇ ਪੱਤਰਕਾਰ ਮੇਜਰ ਸਿੰਘ ਵੱਲੋਂ ਉਮਰ ਕੈਦ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਅੰਦਰ ਕਿੰਨੇ ਸਿੱਖ ਕੈਦੀ ਹਨ ਤੇ ਉਹ ਇਸ ਸਮੇਂ ਕਿਹੜੀਆਂ ਜੇਲ੍ਹਾਂ ਵਿਚ ਹਨ, ਬਾਰੇ ਪੁਛੇ ਜਾਣ ‘ਤੇ ਭਾਈ ਗਰੁਬਖਸ਼ ਸਿੰਘ ਖਾਲਸਾ ਨੇ ਕੁਲ ਅਜਿਹੇ 16 ਕੈਦੀਆਂ ਦੀ ਸੂਚੀ ਦਿੱਤੀ ਜਿਹੜੇ ਉਮਰ ਕੈਦ ਦੀ ਸਰਕਾਰ ਵੱਲੋਂ ਮਿਥੀ ਹੱਦ ਤੋਂ ਕਈ-ਕਈ ਸਾਲ ਵਾਧੂ ਸਜ਼ਾ ਕੱਟ ਚੁੱਕੇ ਹਨ ਤੇ ਇਸ ਸਮੇਂ ਵੀ ਜੇਲ੍ਹਾਂ ਵਿਚ ਹੀ ਹਨ ।


ਭਾਈ ਖ਼ਾਲਸਾ ਵੱਲੋਂ ਮੁਹੱਈਆ ਕੀਤੀ 16 ਸਿੱਖ ਕੈਦੀਆਂ ਵਾਲੀ ਸੂਚੀ ਵਿਚੋਂ ਪੰਜ ਪੰਜਾਬ, 5 ਚੰਡੀਗੜ੍ਹ, ਤਿੰਨ ਤਿਹਾੜ ਜੇਲ੍ਹ ਦਿੱਲੀ, ਇਕ-ਇਕ ਕਰਨਾਟਕ, ਗੁਜ਼ਰਾਤ ਅਤੇ ਰਾਜਸਥਾਨ ਦੀ ਜੇਲ੍ਹ ਵਿਚ ਬੰਦਾ ਹਨ ਙ ਭਾਈ ਗੁਰਬਖਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼ਾਇਦ ਇਹ ਗੱਲ ਸਿੱਖ ਸਿਆਸੀ ਕੈਦੀਆਂ ਨਾਲ ਹੀ ਵਾਪਰ ਰਹੀ ਹੈ ਕਿ ਕਾਨੂੰਨ ਦੁਆਰਾ ਸੁਣਾਈ ਗਈ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦਾ ਕੋਈ ਨਾਂਅ ਨਹੀਂ ਲੈ ਰਿਹਾ।

ਪੰਜਾਬ ਵਿਚ ਪਿਛਲੇ ਦੋ ਦਹਾਕੇ ਤੋਂ ਖਾੜਕੂ ਲਹਿਰ ਦੇ ਖਾਤਮੇ ਅਤੇ ਅਮਨ-ਸ਼ਾਂਤੀ ਬਹਾਲ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੋ-ਢਾਈ ਦਹਾਕਿਆਂ ਤੋਂ ਉਮਰ ਕੈਦ ਦੀ ਸਜ਼ਾ ਵਾਲੇ ਸਿੱਖ ਨਜ਼ਰਬੰਦ ਵੀਹ ਸਾਲਾਂ ਤੋਂ ਵੀ ਵੱਧ ਸਮਾਂ ਕੈਦ ਕੱਟਣ ਦੇ ਬਾਵਜੂਦ ਜੇਲ੍ਹ ਦੀਆਂ ਸ਼ਲਾਖਾਂ ਪਿੱਛੇ ਹੀ ਰਹਿ ਰਹੇ ਹਨ।

ਆਮ ਅਪਰਾਧਾਂ ਵਿਚ ਉਮਰ ਕੈਦ ਦੀ ਸਜ਼ਾ ਵਾਲੇ ਵੱਧ ਤੋਂ ਵੱਧ 10 ਸਾਲ ਜੇਲ੍ਹ ਵਿਚ ਰਹਿੰਦੇ ਹਨ, ਪਰ ਸਿੱਖ ਸਿਆਸੀ ਕੈਦੀਆਂ ਨਾਲ ਵਿਤਕਰੇ ਦਾ ਇਹ ਆਲਮ ਲਗਾਤਾਰ ਜਾਰੀ ਹੈ । ਹਰੇਕ ਕੈਦੀ ਨੂੰ ਹਰ ਸਾਲ ਚੰਗਾ ਆਚਰਣ ਦਿਖਾਉਣ ਉੱਪਰ ਕੈਦ ‘ਚ ਮਾਫੀ ਦਿੱਤੀ ਜਾਂਦੀ ਹੈ ਙ ਰਾਜ ਸਰਕਾਰਾਂ ਵੀ ਧਾਰਮਿਕ ਗੁਰੂਆਂ ਦੇ ਦਿਹਾੜਿਆਂ ਉੱਪਰ ਕੈਦ ਮੁਆਫ਼ ਕਰਨ ਦਾ ਐਲਾਨ ਕਰਦੀਆਂ ਰਹਿੰਦੀਆਂ ਹਨ । ਇਨ੍ਹਾਂ ਸਹੂਲਤਾਂ ਦਾ ਸੁਖ ਹਰ ਤਰ੍ਹਾਂ ਦੇ ਸਜ਼ਾ ਕੱਟ ਰਹੇ ਅਪਰਾਧੀਆਂ ਨੂੰ ਮਿਲਦਾ ਹੈ, ਪਰ ਸਿੱਖ ਕੈਦੀਆਂ ਵੱਲੋਂ ਚੰਗਾ ਆਚਰਣ ਦਿਖਾਏ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀ ਕੈਦ ‘ਚ ਕਟੌਤੀ ਕਰਨੀ ਤਾਂ ਦੂਰ ਸਗੋਂ ਕੈਦ ਦਾ ਪੂਰਾ ਸਮਾਂ ਕੱਟਣ ਬਾਅਦ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ।

ਭਾਈ ਗੁਰਬਖਸ਼ ਸਿੰਘ ਵੱਲੋਂ ਪਿਛਲੇ ਸਾਲ 14 ਨਵੰਬਰ ਨੂੰ ਭੁੱਖ ਹੜਤਾਲ ਰੱਖਣ ਮੌਕੇ ਸਜ਼ਾ ਪੂਰੀ ਹੋਣ ਬਾਅਦ ਵੀ ਸਿੱਖ ਕੈਦੀਆਂ ਨੂੰ ਰਿਹਾਅ ਨਾ ਕੀਤੇ ਜਾਣ ਦਾ ਮਾਮਲਾ ਉੱਠਿਆ ਸੀ। 44 ਦਿਨਾਂ ਬਾਅਦ ਇਹ ਭੁੱਖ ਹੜਤਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੇ ਭਰੋਸੇ ਨਾਲ ਖ਼ਤਮ ਹੋ ਗਈ ਸੀ, ਉਸ ਤੋਂ ਬਾਅਦ 4 ਕੈਦੀਆਂ ਨੂੰ ਪੰਜਾਬ ਸਰਕਾਰ ਨੇ ਪੈਰੋਲ ਉੱਪਰ ਰਿਹਾਈ ਤਾਂ ਦਿੱਤੀ ਪਰ ਕਿਸੇ ਵੀ ਕੈਦੀ ਦੀ ਮੁਕੰਮਲ ਤੌਰ ‘ਤੇ ਰਿਹਾਈ ਨਹੀਂ ਕੀਤੀ ਗਈ।

ਭਾਈ ਗੁਰਬਖਸ਼ ਸਿੰਘ ਨੇ ਪੰਜਾਬ ਅੰਦਰ ਕਿਸੇ ਵੀ ਥਾਂ ਭੁੱਖ ਹੜਤਾਲ ‘ਤੇ ਬੈਠਣ ਦੀ ਮਨਾਹੀ ਤੋਂ ਬਾਅਦ ਗੁਰਦੁਆਰਾ 10ਵੀਂ ਪਾਤਸ਼ਾਹੀ ਲਖਨੌਰ (ਅੰਬਾਲਾ) ਵਿਖੇ ਮੁੜ 14 ਨਵੰਬਰ ਤੋਂ ਭੁੱਖ ਹੜਤਾਲ ਆਰੰਭ ਕੀਤੀ ਹੋਈ ਹੈ।  ਆਮ ਲੋਕਾਂ ਵਿਚ ਇਹ ਗੱਲ ਜਾਨਣ ਦੀ ਬੜੀ ਉਤਸੁਕਤਾ ਹੈ ਕਿ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਜੇਲ੍ਹਾਂ ‘ਚ ਬੰਦ ਇਹ ਸਿੱਖ ਕੈਦੀ ਕੌਣ ਹਨ ।

‘ਅਜੀਤ’ ਦੇ ਇਸ ਪੱਤਰਕਾਰ ਨੇ ਭਾਈ ਗੁਰਬਖਸ਼ ਸਿੰਘ ਨਾਲ ਗੱਲਬਾਤ ਕਰਕੇ 16 ਸਿੱਖ ਕੈਦੀਆਂ ਦਾ ਪਤਾ ਲਗਾਇਆ ਹੈ, ਜਿਨ੍ਹਾਂ ਨੂੰ 20-20 ਸਾਲ ਜਾਂ ਇਸ ਤੋਂ ਵੀ ਵੱਧ ਸਮਾਂ ਕੱਟਣ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ ।

ਆਮ ਕਰਕੇ ਜੇਲ੍ਹ ‘ਚ ਚੰਗੇ ਆਚਰਣ ਵਾਲੇ ਉਮਰ ਕੈਦ ਦੀ ਸਜ਼ਾ ਵਾਲੇ ਕੈਦੀਆਂ ਦੀ 12 ਸਾਲ ਬਾਅਦ ਰਿਹਾਈ ਹੋ ਜਾਂਦੀ ਹੈ।  ਗੰਭੀਰ ਅਪਰਾਧਾਂ ਦੇ ਮਾਮਲੇ ‘ਚ ਇਹ ਕੈਦ 14 ਸਾਲ ਤੱਕ ਵੀ ਕੱਟੀ ਜਾਂਦੀ ਹੈ, ਪਰ ਖਾੜਕੂ ਲਹਿਰਾਂ ਪ੍ਰਤੀ ਸਰਕਾਰ ਦਾ ਵਤੀਰਾ ਵੱਖਰਾ ਹੋਣ ਕਾਰਨ ਇਸ ਲਹਿਰ ਦੇ ਪ੍ਰਭਾਵ ਹੇਠ ਕਿਸੇ ਜੁਰਮ ‘ਚ ਉਮਰ ਕੈਦ ਭੋਗਣ ਵਾਲੇ ਵਿਅਕਤੀਆਂ ਦੀ ਸਜ਼ਾ ਹੱਦ ਸਰਕਾਰਾਂ ਮਿਥਦੀਆਂ ਹੀ ਨਹੀਂ ਜਾਂ ਉਨ੍ਹਾਂ ਦੀ ਸਜ਼ਾ ਮਾਫੀ ਬਾਰੇ ਸਿਫ਼ਾਰਸ਼ ਹੀ ਨਹੀਂ ਕਰਦੀਆਂ ਙ ਇਸ ਕਰਕੇ ਅਜਿਹੇ ਕੈਦੀ ਸਜ਼ਾ ਪੂਰੀ ਹੋਣ ਬਾਅਦ ਵੀ ਜੇਲ੍ਹਾਂ ‘ਚ ਬੰਦ ਰਹਿਣ ਲਈ ਮਜਬੂਰ ਹੁੰਦੇ ਹਨ।

ਭਾਈ ਖ਼ਾਲਸਾ ਵੱਲੋਂ ਮੁਹੱਈਆ ਕੀਤੀ ਸੂਚੀ ਵਿਚ ਸ਼ਾਮਿਲ ਉਮਰ ਕੈਦ ਤੋਂ ਵੱਧ ਸਜ਼ਾ ਭੁਗਤ ਰਹੇ ਵਿਅਕਤੀਆਂ ਦਾ ਵੇਰਵਾ ਇਸ ਪ੍ਰਕਾਰ ਹੈ :-

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਕਾਲਗੜ੍ਹ ਦਾ ਸ: ਲਾਲ ਸਿੰਘ 1992 ‘ਚ ਗੁਜਰਾਤ ਵਿਚ ਫੜਿਆ ਗਿਆ ਸੀ।  8 ਜਨਵਰੀ, 1997 ਨੂੰ ਉਸ ਨੂੰ ਅਹਿਮਦਾਬਾਦ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਙ 22 ਸਾਲ ਬੀਤ ਗਏ ਹਨ, ਪਰ ਉਸ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਗਿਆ।  ਲਾਲ ਸਿੰਘ ਇਸ ਵੇਲੇ ਕੇਂਦਰੀ ਜੇਲ੍ਹ ਨਾਭਾ ਵਿਚ ਹੈ ਤੇ ਚੰਗੇ ਆਚਰਣ ਕਾਰਨ ਕਈ ਵਾਰ ਪੈਰੋਲ ਉੱਪਰ ਆ ਚੁੱਕਾ ਹੈ ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿਚ ਪਰਮਜੀਤ ਸਿੰਘ ਭਿਉਰਾ ਅਤੇ ਜਗਤਾਰ ਸਿੰਘ ਹਵਾਰਾ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਙ ਇਹ ਦੋਵੇਂ ਜਣੇ ਵੀ 18 ਸਾਲ ਦੇ ਕਰੀਬ ਜੇਲ੍ਹ ਕੱਟ ਚੁੱਕੇ ਹਨ ਤੇ ਇਸ ਵੇਲੇ ਤਿਹਾੜ ਜੇਲ੍ਹ ਦਿੱਲੀ ‘ਚ ਹਨ।

ਪਿਛਲੇ 20 ਸਾਲ ਤੋਂ ਲਗਾਤਾਰ ਜੇਲ੍ਹ ‘ਚ ਬੰਦ ਲਖਵਿੰਦਰ ਸਿੰਘ ਉਰਫ਼ ਲੱਖਾ ਦੀ ਵੀ ਅਜਿਹੀ ਹੀ ਕਹਾਣੀ ਹੈ ।ਰੋਪੜ ਜ਼ਿਲ੍ਹੇ ਦੇ ਪਿੰਡ ਕਾਂਸਲ ਨਾਲ ਸੰਬੰਧਿਤ ਲੱਖਾ ਉਪਰ 31.8.1995 ਨੂੰ ਚੰਡੀਗੜ੍ਹ ‘ਚ ਦਰਜ ਕਤਲ ਤੇ ਇਰਾਦਾ ਕਤਲ ਦੇ ਮਾਮਲੇ ‘ਚ 27 ਜੁਲਾਈ, 2007 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਙ ਸਜ਼ਾ ਸੁਣਾਏ ਜਾਣ ਸਮੇਂ ਤੱਕ ਹੀ ਉਹ ਉਮਰ ਕੈਦ ਜਿੰਨੀ ਸਜ਼ਾ ਭੁਗਤ ਚੁੱਕਾ ਸੀ, ਪਰ ਅਜੇ ਵੀ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਹੈ।
ਇਸੇ ਮਾਮਲੇ ਵਿਚ ਹੀ ਫੇਜ਼ ਚਾਰ ‘ਚ ਰਹਿੰਦੇ ਤੇ ਗੁਰੂ ਨਾਨਕ ਨਗਰ ਪਟਿਆਲਾ ਦੇ ਪੱਕੇ ਵਾਸੀ ਗੁਰਮੀਤ ਸਿੰਘ ਮੀਤਾ ਨੂੰ , ਵੀ ਉਮਰ ਕੈਦ ਦੀ ਸਜ਼ਾ ਹੋਈ ਸੀ । ਮੀਤਾ ਵੀ ਪਿਛਲੇ 20 ਸਾਲ ਤੋਂ ਜੇਲ੍ਹ ਵਿਚ ਬੈਠਾ ਹੈ ਤੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਹੈ।

ਪਟਿਆਲਾ ਜ਼ਿਲ੍ਹੇ ਦੇ ਪਿੰਡ ਉਕਾਸੀ ਜੱਟਾਂ ਥਾਣਾ ਰਾਜਪੁਰਾ ਸਦਰ ਦਾ ਸ਼ਮਸ਼ੇਰ ਸਿੰਘ ਵੀ ਚੰਡੀਗੜ੍ਹ ਦੀ ਉਕਤ ਵਾਰਦਾਤ ਵਿਚ ਹੀ ਨਾਮਜ਼ਦ ਕੀਤਾ ਗਿਆ ਸੀ ਙ ਉਹ 1995 ਤੋਂ ਹੀ ਬੁੜੈਲ ਜੇਲ੍ਹ ‘ਚ ਬੰਦ ਹੈ ਤੇ 2007 ‘ਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ।

ਬਹੁਤ ਹੀ ਚਰਚਿਤ ਪ੍ਰੋ: ਦੇਵਿੰਦਰਪਾਲ ਸਿੰਘ ਭੁੱਲਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਆਲਪੁਰੇ ਦਾ ਵਾਸੀ ਹੈ ਤੇ ਉਸ ਨੂੰ 1995 ਵਿਚ ਜਰਮਨ ਤੋਂ ਫੜ ਕੇ ਲਿਆਂਦਾ ਗਿਆ ਸੀ ਙ ਪ੍ਰੋ: ਭੁੱਲਰ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਹੋਈ ਸੀ।  ਪਰ ਸਜ਼ਾ ਉਪਰ ਅਮਲ ‘ਚ ਲੰਬੀ ਦੇਰੀ ਕਾਰਨ ਅਤੇ ਉਨ੍ਹਾਂ ਦੀ ਸਿਹਤ ‘ਚ ਬੇਹੱਦ ਨਿਘਾਰ ਕਾਰਨ ਉਨ੍ਹਾਂ ਦੀ ਸਜ਼ਾ ਉਮਰ ਕੈਦ ‘ਚ ਤਬਦੀਲ ਕਰ ਦਿੱਤੀ ਗਈ । ਪ੍ਰੋ: ਭੁੱਲਰ ਵੀ 20 ਸਾਲ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਹੈ।

ਸ: ਦਿਆ ਸਿੰਘ ਲਾਹੌਰੀਆ 19 ਸਾਲ ਤੋਂ ਜੇਲ੍ਹ ਵਿਚ ਹੈ।  ਉਸ ਉਪਰ ਰਾਜਸਥਾਨ ‘ਚ ਮਿਰਧਾ ਨੂੰ ਅਗਵਾ ਕਰਨ ਸਮੇਤ ਹੋਰ ਕਈ ਕੇਸ ਸਨ।  ਮਿਰਧਾ ਬਾਰੇ ਇਹ ਚਰਚਾ ਸੀ ਕਿ ਉਸ ਨੂੰ ਪ੍ਰੋ: ਭੁੱਲਰ ਨੂੰ ਰਿਹਾਅ ਕਰਵਾਉਣ ਲਈ ਅਗਵਾ ਕੀਤਾ ਸੀ  ।ਉਹ ਪਿਛਲੇ 19 ਸਾਲ ਤੋਂ ਤਿਹਾੜ ਜੇਲ੍ਹ ‘ਚ ਬੰਦ ਹੈ।

ਬਾਬਾ ਗੁਰਬਖਸ਼ ਸਿੰਘ ਦਾ ਕਹਿਣਾ ਹੈ ਕਿ ਉਹ ਤਾਂ ਕਾਨੂੰਨ ਅਨੁਸਾਰ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਨ ਜਦ ਉਮਰ ਕੈਦ ਵਾਲੇ ਹੋਰ ਅਨੇਕ ਤਰ੍ਹਾਂ ਦੇ ਅਪਰਾਧੀਆਂ ਨੂੰ 12 ਜਾਂ 14 ਸਾਲ ਬਾਅਦ ਰਿਹਾਅ ਕਰ ਦਿੱਤਾ ਜਾਂਦਾ ਹੈ, ਫਿਰ ਸਿੱਖ ਕੈਦੀਆਂ ਨਾਲ ਵਿਤਕਰਾ ਕਿਉਂ? ਉਨ੍ਹਾਂ ਕਿਹਾ ਕਿ ਸਾਰੇ ਇਨਸਾਫ਼ ਪਸੰਦ ਲੋਕਾਂ ਨੂੰ ਇਸ ਜਾਇਜ਼ ਮੰਗ ਦਾ ਸਮਰਥਨ ਕਰਨਾ ਚਾਹੀਦਾ ਹੈ।

ਉੱਤਰ ਪ੍ਰਦੇਸ਼ ਦੀ ਬਰੇਲੀ ਜੇਲ੍ਹ ਵਿਚ ਬੰਦ ਸ: ਵਰਿਆਮ ਸਿੰ ਸਾਢੇ 24 ਸਾਲ ਤੋਂ ਜੇਲ੍ਹ ‘ਚ ਬੰਦ ਹੈ ਙ ਵਰਿਆਮ ਸਿੰਘ ਪਿੰਡ ਬਾੜੀਵਾੜਾ ਥਾਣਾ ਬਾਂਦਾ ਜ਼ਿਲ੍ਹਾ ਸਾਹਜਹਾਨਪੁਰ ਉੱਤਰ ਪ੍ਰਦੇਸ਼ ਦਾ ਵਾਸੀ ਹੈ। ਉਹ 14 ਮਈ, 1990 ਤੋਂ ਜੇਲ੍ਹ ਵਿਚ ਹੈ ਤੇ 10 ਜਨਵਰੀ, 1994 ਨੂੰ ਪੀਲੀਭੀਤ ਦੇ ਸੈਸ਼ਨ ਜੱਜ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਙ ਇਕ ਹਿਸਾਬ ਨਾਲ ਵਰਿਆਮ ਸਿੰਘ ਦੋ ਕੈਦਾਂ ਜਿੰਨੀ ਸਜ਼ਾ ਭੁਗਤ ਕੇ ਵੀ ਜੇਲ੍ਹ ‘ਚ ਹੀ ਹੈ ।

ਕਰਨਾਟਕ ਸੂਬੇ ਦੀ ਗੁਲਬਰਗ ਜੇਲ੍ਹ ‘ਚ ਬੰਦ ਗੁਰਦੀਪ ਸਿੰਘ ਖੇੜਾ ਟਾਡਾ ਕਾਨੂੰਨ ਤਹਿਤ 1990 ਤੋਂ ਜੇਲ੍ਹ ਵਿਚ ਬੰਦ ਹੈ ਤੇ ਉਸ ਦੀ ਸਜ਼ਾ 24 ਸਾਲ ਦੇ ਕਰੀਬ ਹੋ ਚੁੱਕੀ ਹੈ ।  ਉਸ ਨੂੰ ਵੀ ਉਮਰ ਕੈਦ ਦੀ ਸਜ਼ਾ ਹੋਈ ਸੀ।

ਰਾਜਸਥਾਨ ਦੀ ਬੀਕਾਨੇਰ ਜੇਲ੍ਹ ‘ਚ ਬੰਦ ਗੁਰਮੀਤ ਸਿੰਘ ਫੌਜੀ ਨੂੰ ਵੀ ਜੇਲ੍ਹ ‘ਚ ਬੈਠਿਆਂ 20 ਸਾਲ ਲੰਘ ਗਏ ਹਨ, ਪਰ ਉਸ ਦੀ ਉਮਰ ਕੈਦ ਹੀ ਪੂਰੀ ਨਹੀਂ ਹੋ ਰਹੀ।  ਉਹ 1995 ਵਿਚ ਕਿਸੇ ਕਤਲ ਦੇ ਮਾਮਲੇ ‘ਚ ਫੜਿਆ ਸੀ ਤੇ ਉਮਰ ਕੈਦ ਹੋਈ ਸੀ।

ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਸਮਾਣਾ ਦੇ ਪਿੰਡ ਅਤਲਾ ਦਾ ਦਿਲਬਾਗ ਸਿੰਘ 19 ਸਾਲ ਜੇਲ੍ਹ ਕੱਟ ਚੁੱਕਾ ਹੈ, ਪਰ ਅਜੇ ਵੀ ਜੇਲ੍ਹ ਦੀਆਂ ਸਲਾਖਾਂ ਪਿਛੇ ਹੈ ਙ ਉਸ ਨੂੰ 1992 ‘ਚ ਹੋਈ ਇਕ ਵਾਰਦਾਤ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਇਸ ਸਮੇਂ ਉਹ ਨਾਭਾ ਜੇਲ੍ਹ ‘ਚ ਬੰਦ ਹੈ ।

ਫ਼ਿਰੋਜ਼ਪੁਰ ਜ਼ਿਲ੍ਹੇ ‘ਚ ਪੈਂਦੇ ਥਾਣਾ ਮੱਲਾਵਾਲਾ ਦੇ ਪਿੰਡ ਯਾਰੇ ਸਾਹ ਵਾਲਾ ਦਾ ਵਾਸੀ ਸਵਰਨ ਸਿੰਘ 15 ਸਾਲ ਦੀ ਸਜ਼ਾ ਕੱਟ ਚੁੱਕਾ ਹੈ ਤੇ 12 ਅਕਤੂਬਰ 1990 ‘ਚ ਦਰਜ ਹੋਏ ਕੇਸ ਵਿਚ 30 ਮਈ, 2000 ਨੂੰ ਉਸ ਨੂੰ ਉਮਰ ਕੈਦ ਹੋਈ ਸੀ ਙ ਉਹ ਇਸ ਵੇਲੇ ਫ਼ਿਰੋਜ਼ਪੁਰ ਜੇਲ੍ਹ ‘ਚ ਬੰਦ ਹੈ।

ਪਟਿਆਲਾ ਜ਼ਿਲ੍ਹੇ ਦੇ ਥਾਣਾ ਖੇੜੀ ਗੰਡੀਆ ‘ਚ ਪੈਂਦੇ ਪਿੰਡ ਸੂਰੋਂ ਦਾ ਸੁਬੇਗ ਸਿੰਘ ਪਿਛਲੇ 20 ਸਾਲ ਤੋਂ ਜੇਲ੍ਹ ‘ਚ ਬੰਦ ਹੈ । ਉਸ ਨੂੰ ਕਤਲ ਆਦਿ ਦੇ ਦੋਸ਼ਾਂ ਹੇਠ ਉਮਰ ਕੈਦ ਦੀ ਸਜ਼ਾ ਹੋਈ ਸੀ।  ਪਰ ਉਸ ਦੀ ਰਿਹਾਈ ਬਾਰੇ ਕਦੇ ਸਰਕਾਰ ਨੇ ਵਿਚਾਰ ਹੀ ਨਹੀਂ ਕੀਤਾ।  ਉਹ ਇਸ ਵੇਲੇ ਕੇਂਦਰੀ ਜੇਲ੍ਹ ਲੁਧਿਆਣਾ ਵਿਚ ਹੈ।

ਤਰਨਤਾਰਨ ਜ਼ਿਲ੍ਹੇ ਦੀ ਤਹਿਸੀਲ ਪੱਟੀ ‘ਚ ਪੈਂਦੇ ਪਿੰਡ ਚੂਸਲੇਵੜ ਦੇ ਹਰਦੀਪ ਸਿੰਘ ਨੂੰ 1 ਨਵੰਬਰ, 1991 ਨੂੰ ਹੋਈ ਕਤਲ ਦੀ ਵਾਰਦਾਤ ਵਿਚ ਦੋਸ਼ੀ ਪਾਏ ਜਾਣ ‘ਤੇ 5 ਫਰਵਰੀ, 1997 ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ।  ਉਹ ਹੁਣ ਤੱਕ ਕੁਲ 21 ਸਾਲ ਦੇ ਕਰੀਬ ਕੈਦ ਕੱਟ ਚੁੱਕਾ ਹੈ ਪਰ ਉਸ ਦੀ ਉਮਰ ਕੈਦ ਲੰਮੇਰੀ ਹੀ ਹੋਈ ਜਾਂਦੀ ਹੈ।

ਜ਼ਿਲ੍ਹਾ ਅੰਮਿ੍ਤਸਰ ਦਾ ਵਾਸੀ ਬਾਜ ਸਿੰਘ 1993 ‘ਚ ਗਿ੍ਫ਼ਤਾਰ ਕੀਤਾ ਗਿਆ ਸੀ । ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਉਹ ਪਿਛਲੇ 20 ਸਾਲਾਂ ਤੋਂ ਕੇਂਦਰੀ ਜੇਲ੍ਹ ਅੰਮਿ੍ਤਸਰ ਦਾ ਪੱਕਾ ਹੀ ਵਸਨੀਕ ਬਣ ਗਿਆ ਹੈ ਤੇ ਉਸ ਦੀ ਰਿਹਾਈ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version