ਲੈਸਟਰ: ਸਿੱਖਾਂ ਦਾ ਮਹਾਨ ਸ਼ਾਨਾਮੱਤਾ ਦਿਹਾੜਾ ਹੋਲਾ ਮਹੱਲਾ ਸਿੱਖ ਐਜੂਕੇਸ਼ਨ ਕੌਂਸਲ ਵਲੋਂ 4 ਮਾਰਚ ਦਿਨ ਐਤਵਾਰ ਨੂੰ ਲੈਸਟਰ ਵਿਖੇ ਪੰਚ ਪ੍ਰਧਾਨੀ ਯੂ ਕੇ ਦੀ ਮੇਜ਼ਬਾਨੀ ਅੰਦਰ ਮਨਾਇਆ ਗਿਆ । ਇਸ ਮਹਾਨ ਦਿਹਾੜੇ ਉਪਰ ਨਵੰਬਰ 1984 ਵੇਲੇ ਕੀਤੀ ਗਈ ਸਿੱਖ ਨਸਲਕੁਸ਼ੀ ਨੂੰ ਬਿਆਨ ਕਰਦੀ ਅਤੇ ਮੌਜੂਦਾ ਸਮੇਂ ਤੱਕ ਇਸ ਦੇ ਪਏ ਡੂੰਘੇ ਪ੍ਰਭਾਵਾਂ ਨੂੰ ਦਰਸਾਉਂਦੀ ਦਸਤਾਵੇਜ਼ੀ ਫ਼ਿਲਮ ਵਿਖਾਈ ਗਈ ਅਤੇ ਸ਼ਤਰੰਜ ਦੇ ਮੁਕਾਬਲੇ ਕਰਵਾਏ ਗਏ ।
ਸਿੱਖ ਐਜੂਕੇਸ਼ਨ ਕੌਂਸਲ ਵਲੋਂ ਸ਼ਤਰੰਜ ਦੇ ਇਸ ਕਿਸਮ ਦੇ ਮੁਕਾਬਲੇ ਦੂਸਰੀ ਵਾਰ ਕਰਵਾਏ ਗਏ । ਇਹ ਮੁਕਾਬਲੇ ਸੰਗਤਾਂ ਦੇ ਉਤਸ਼ਾਹ ਅਤੇ ਮੰਗ ਨੂੰ ਵੇਖਦਿਆਂ ਹੋਇਆ ਹਰ ਸਾਲ ਹੋਲੇ ਮਹੱਲੇ ਦਿਹਾੜੇ ਉਪਰ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ । ਭਾਵੇਂ ਕਿ ਮੌਸਮ ਦੇ ਨਾਜ਼ੁਕ ਸਥਿਤੀ ਤੱਕ ਖਰਾਬ ਹੋਣ ਕਾਰਨ ਵੱਡੀ ਗਿਣਤੀ ਵਿੱਚ ਆਉਣ ਵਾਲੀਆਂ ਸੰਗਤਾਂ ਨਾਂ ਪਹੁੰਚ ਸਕੀਆਂ ਪਰ ਫਿਰ ਵੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਿਆਂ ਅੰਦਰ ਗਰਮਜੋਸ਼ੀ ਪ੍ਰਤੱਖ ਝਲਕ ਰਹੀ ਸੀ । 2017 ਦੇ ਮੁਕਾਬਲੇ ਨੂੰ ਜਿੱਤਣ ਵਾਲੇ ਗੁਰਪ੍ਰੀਤ ਸਿੰਘ ਨੇ ਇਸ ਸਾਲ ਵੀ ਬਾਜੀ ਮਾਰਦਿਆਂ ਜਿੱਤ ਨੂੰ ਆਪਣੇ ਨਾਂ ਕੀਤਾ ।
ਹੋਲਾ ਮਹੱਲਾ ਸਮਾਗਮ ਦੀ ਸ਼ੁਰੂਆਤ ਨਿਰਦੇਸ਼ਕ ਟੀਨਾਂ ਕੌਰ ਜੀ ਦੀ ਦਸਤਾਵੇਜ਼ੀ ਫ਼ਿਲਮ “1984 when the sun didn’t rise” ਨਾਲ ਕੀਤੀ ਗਈ । ਇਸ ਵਿੱਚ ਸਿੱਖ ਐਜੂਕੇਸ਼ਨ ਕੌਂਸਲ ਅਤੇ ਪੰਚ ਪ੍ਰਧਾਨੀ ਯੂ ਕੇ ਦੇ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ । ਇਸ ਦਸਤਾਵੇਜ਼ੀ ਫ਼ਿਲਮ ਨੂੰ ਇੰਗਲੈਂਡ ਭਰ ਦੀਆਂ ਯੂਨੀਵਰਸਿਟੀਆਂ ਅਤੇ ਗੁਰੂ ਘਰਾਂ ਵਿਖੇ ਵਿਖਾਉਣ ਦਾ ਸਾਰਾ ਉਪਰਾਲਾ ਲੰਡਨ ਯੂਨੀਵਰਸਿਟੀ ਸਿੱਖ ਸੁਸਾਇਟੀ ਨੈਟਵਰਕ ਨਿਸ਼ਾਨ ਵਲੋਂ ਕੀਤਾ ਗਿਆ ਤੇ ਨਿਰਦੇਸ਼ਕ ਟੀਨਾਂ ਕੌਰ ਸੰਗਤਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਆਪ ਮੌਜੂਦ ਸਨ । ਨਿਸ਼ਾਂਨ ਦੇ ਜਸਪਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਖਾਸ ਦਸਤਾਵੇਜ਼ੀ ਫ਼ਿਲਮ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਮਾਣ ਮਹਿਸੂਸ ਕਰਦੇ ਹਨ । ਉਹਨਾਂ ਨੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਹਿਯੋਗ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ।
ਸਿੱਖ ਐਜੂਕੇਸ਼ਨ ਕੌਂਸਲ ਦੇ ਚੇਅਰਮੈਨ ਡਾਕਟਰ ਪਰਗਟ ਸਿੰਘ ਜੀ ਨੇ ਕਿਹਾ ਕਿ ਉਹ ਪਿਛਲੇ ਸਾਲ ਤੋਂ ਹੋਲੇ ਮਹੱਲੇ ਨੂੰ ਇਸ ਸਾਲ ਵੀ ਜਾਰੀ ਰੱਖਦਿਆਂ ਹੋਇਆਂ ਖੁਸ਼ੀ ਅਤੇ ਤਸੱਲੀ ਮਹਿਸੂਸ ਕਰਦੇ ਹਨ ਕਿ ਉਹ ਇਸ ਮਹਾਨ ਦਿਹਾੜੇ ਉਪਰ ਸਮੁੱਚੇ ਦੇਸ਼ ਭਰ ਤੋਂ ਸਿੱਖ ਸੰਗਤਾਂ ਨੂੰ ਮੁਕਾਬਲੇਬਾਜੀ ਵਾਲੇ ਮਾਹੌਲ ਅੰਦਰ ਇਕੱਤਰ ਕਰਨ ਵਿੱਚ ਕਾਮਯਾਬ ਰਹੇ ਹਨ । ਉਹਨਾਂ ਕਿਹਾ ਕਿ ਸਿੱਖ ਐਜੂਕੇਸ਼ਨ ਕੌਂਸਲ ਇਹ ਸਲਾਨਾਂ ਸਮਾਗਮ ਸਿੱਖ ਸੰਗਤਾਂ ਵਾਸਤੇ ਜੁੜ ਬੈਠਕੇ ਪੰਥਕ ਗੰਭੀਰ ਮਸਲਿਆਂ ਉੱਤੇ ਵਿਚਾਰ ਚਰਚਾ ਕਰਨ ਤੇ ਆਉਣ ਵਾਲੇ ਸਮੇਂ ਨੂੰ ਘੋਖਵੀਂ ਨਜ਼ਰ ਨਾਲ ਵੇਖਣ ਦੇ ਮੌਕੇ ਪ੍ਰਦਾਨ ਕਰ ਰਹੀ ਹੈ ਅਤੇ ਹੋਲੇ ਮਹੱਲੇ ਜਿਹੇ ਮਹਾਨ ਦਿਹਾੜਿਆਂ ਇਸ ਵਿਸ਼ੇ ਉਪਰ ਕੇਂਦਰਿਤ ਕਰਨ ਦੀ ਲੋੜ ਹੈ ।
ਇਹ ਪਹਿਲਾ ਮੌਕਾ ਸੀ ਜਦੋਂ ਕਿ ਪੰਚ ਪ੍ਰਧਾਨੀ ਯੂ ਕੇ ਵਲੋਂ ਸਿੱਖ ਐਜੂਕੇਸ਼ਨ ਕੌਂਸਲ ਦੇ ਕਿਸੇ ਪਰੋਗਰਾਮ ਦੀ ਮੇਜ਼ਬਾਨੀ ਕੀਤੀ ਗਈ । ਉਹਨਾਂ ਦੇ ਬੁਲਾਰੇ ਗੁਰਬਖਸ਼ ਸਿੰਘ ਜੀ ਨੇ ਕਿਹਾ ਕਿ ਇਹ ਸਮਾਗਮ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਕਿ ਸਾਨੂੰ ਸੰਸਾਰ ਪੱਧਰ ਤੇ ਦਰਪੇਸ਼ ਸਮੱਸਿਆਵਾਂ ਨੂੰ ਸੁਚੱਜੇ ਢੰਗ ਨਾਲ ਸਮਝਣ ਅਤੇ ਉਹਨਾਂ ਦੇ ਉਸਾਰੂ ਹੱਲ ਕੱਢਣ ਲਈ ਆਪਣੀ ਦਿਮਾਗੀ ਸਮਰੱਥਾ ਵਧਾਉਣ ਲਈ ਸਹਾਈ ਹੋਵੇਗਾ । ਗੁਰੂ ਸਾਹਿਬ ਜੀ ਵਲੋਂ ਹੋਲੇ ਮਹੱਲੇ ਦੀ ਸਿਰਜਣਾ ਜਥੇਬੰਦਕ ਮੁਕਾਬਲੇਬਾਜੀ ਪਰ ਮਿੱਤਰ ਭਾਵਨਾ ਵਾਲੇ ਮਾਹੌਲ ਨੂੰ ਸਿਰਜਣ ਵਾਸਤੇ ਕੀਤੀ ਸੀ ਅਤੇ ਅਸੀਂ ਸੋਚਦੇ ਹਾਂ ਕਿ ਇਹ ਸਮਾਗਮ ਇੰਗਲੈਂਡ ਦੀਆਂ ਸਿੱਖ ਸੰਗਤਾਂ ਵਾਸਤੇ ਆਪਣੀਆਂ ਦੂਰ ਅੰਦੇਸ਼ੀ ਸੋਝੀ ਵਾਲੀਆਂ ਪਰੰਪਰਾਵਾਂ ਨੂੰ ਮੁੜ ਸੁਰਜੀਤ ਕਰਨ ਅਤੇ ਪੰਥ ਅਤੇ ਦੁਨੀਆਂ ਦੇ ਭਲਾਈ ਵਾਲੀਆਂ ਨਵੀਆਂ ਲੀਹਾਂ ਕਾਇਮ ਕਰੇਗਾ ।