Site icon Sikh Siyasat News

ਅੱਖੋਂ ਅੰਨ੍ਹੇ ਬਜ਼ੁਰਗ ਮੁਸਲਿਮ ਜੋੜੇ ਤੋਂ ਹਿੰਦੂ ਭੀੜ ਨੇ ਕੁੱਟਮਾਰ ਕਰਕੇ ਜਬਰਨ ‘ਜੈ ਸ੍ਰੀ ਰਾਮ’ ਕਹਾਇਆ

ਪ੍ਰਤੀਕਾਤਮਕ ਤਸਵੀਰ

ਕੋਲਕੱਤਾ: “ਮੇਰਾ ਕਸੂਰ ਸਿਰਫ ਇਹ ਸੀ ਕਿ ਮੈਂ ਮੁਸਲਿਮ ਹਾਂ ਅਤੇ ਮੈਂ ਹਿੰਦੂਆਂ ਦੇ ਇਲਾਕੇ ਵਿਚ ਵੜ੍ਹ ਗਿਆ ਸੀ” ਇਹ ਸ਼ਬਦ 67 ਸਾਲਾ ਅਬਦੁਲ ਬਸ਼ਰ ਦੇ ਹਨ ਜੋ ਅੱਖਾਂ ਤੋਂ ਅੰਨਾ ਹੈ ਤੇ ਭੀਖ ਮੰਗ ਕੇ ਜ਼ਿੰਦਗੀ ਬਤੀਤ ਕਰ ਰਿਹਾ ਹੈ। ਬਸ਼ਰ ਅਤੇ ਉਸਦੀ ਅੰਨੀ ਜੀਵਨ ਸਾਥਣ 61 ਸਾਲਾਂ ਦੀ ਬੀਦਾਨਾ ਬੀਬੀ ਕੋਲੋਂ ਹਿੰਦੂ ਭੀੜ ਨੇ ਡਰਾ ਧਮਕਾ ਕੇ ਜ਼ਬਰਨ “ਜੈ ਸ੍ਰੀ ਰਾਮ” ਅਤੇ “ਜੈ ਮਾ ਤਾਰਾ” ਦੇ ਨਾਅਰੇ ਲਗਵਾਏ। ਇਹ ਘਟਨਾ ਰਾਮ ਨੌਮੀ ਵਾਲੇ ਦਿਨ ਪੱਛਮੀ ਬੰਗਾਲ ਦੇ ਗੁਰਦਵਾਨ ਜ਼ਿਲ੍ਹੇ ਦੇ ਆਂਦਲ ਵਿਚ ਵਾਪਰੀ। ਬਸ਼ਰ ਅਤੇ ਉਸਦੀ ਪਤਨੀ ਤੋਂ ਜਬਰਦਸਤੀ ਨਾਅਰੇ ਲਗਵਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ।

ਵੀਡੀਓ ਵਿਚੋਂ ਲਈ ਗਈ ਬਸ਼ਰ ਅਤੇ ਬੀਦਾਨਾ ਦੀ ਤਸਵੀਰ

ਗੌਰਤਲਬ ਹੈ ਕਿ ਪੱਛਮੀ ਬੰਗਾਲ ਦੇ ਇਸੇ ਜ਼ਿਲ੍ਹੇ ਵਿਚ ਰਾਮ ਨੌਮੀ ਮੌਕੇ ਫਿਰਕੂ ਫਸਾਦ ਵੀ ਹੋਏ ਸਨ। ਬਸ਼ਰ ਦਾ ਕਹਿਣਾ ਹੈ ਕਿ ਜਦੋਂ ਉਹ ਭੀਖ ਮੰਗਣ ਨਿਕਲਿਆ ਤਾਂ ਉਸ ਨੂੰ ਇਹ ਫਸਾਦ ਹੋਣ ਬਾਰੇ ਕੁਝ ਨਹੀਂ ਪਤਾ ਸੀ।

ਬਸ਼ਰ ਅਨੁਸਾਰ ਜਦੋਂ ਉਹ ਭੀਖ ਮੰਗ ਰਿਹਾ ਸੀ ਤਾਂ ਕੁਝ ਲੋਕ ਉਸ ਕੋਲ ਆਏ ਤੇ ਉਸਦੇ ਸਿਰ ‘ਤੇ ਪਾਈ ਟੋਪੀ ਨੂੰ ਉਤਾਰ ਦਿੱਤਾ ਤੇ ਇਹ ਕਹਿ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਕਿ ਉਹ ਮੁਸਲਮਾਨ ਹੈ ਤੇ ਹਿੰਦੂਆਂ ਦੇ ਇਲਾਕੇ ਵਿਚ ਕਿਉਂ ਆਇਆ। ਬਸ਼ਰ ਨੇ ਕਿਹਾ ਕਿ ਉਪਰੋਕਤ ਲੋਕਾਂ ਨੇ ਉਸਦੀ ਅਤੇ ਉਸਦੀ ਪਤਨੀ ਦੀ ਕੁੱਟਮਾਰ ਕੀਤੀ। ਬਸ਼ਰ ਨੇ ਕਿਹਾ ਕਿ ਉਸਦੀ ਪਤਨੀ ਉਨ੍ਹਾਂ ਨੂੰ ਤਰਸ ਕਰਨ ਲਈ ਅਪੀਲਾਂ ਕਰਦੀ ਰਹੀ ਪਰ ਕਿਸੇ ਨੇ ਉਨ੍ਹਾਂ ‘ਤੇ ਤਰਸ ਨਹੀਂ ਕੀਤਾ।

ਬਸ਼ਰ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਉਸਨੂੰ “ਜੈ ਸ਼੍ਰੀ ਰਾਮ” ਅਤੇ “ਜੈ ਮਾ ਤਾਰਾ” ਦਾ ਨਾਅਰਾ ਲਾਉਣ ਲਈ ਕਿਹਾ। ਬਸ਼ਰ ਅਨੁਸਾਰ ਉਸਨੇ ਉਹਨਾਂ ਲੋਕਾਂ ਨੂੰ ਕਿਹਾ ਕਿ ਭਗਵਾਨ ਅਤੇ ਅੱਲਾਹ ਇਕ ਹੀ ਹਨ ਤੇ ਸਭ ਨੂੰ ਆਪਣਾ ਧਰਮ ਮੰਨਣ ਦੀ ਅਜ਼ਾਦੀ ਹੈ। ਬਸ਼ਰ ਨੇ ਕਿਹਾ ਕਿ ਉਸਨੂੰ ਆਪਣੀ ਜਾਨ ਬਚਾਉਣ ਲਈ ਮਜ਼ਬੂਰੀ ਵਿਚ ਉਹ ਨਾਅਰੇ ਲਾਉਣੇ ਪਏ।

ਇੰਡੀਅਨ ਐਕਸਪ੍ਰੈਸ ਅਖਬਾਰ ਅਨੁਸਾਰ ਆਂਦਲ ਪੁਲਿਸ ਥਾਣੇ ਦੇ ਇੰਚਾਰਜ ਨੇ ਕਿਹਾ ਕਿ ਉਸਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸਨੇ ਕਿਹਾ ਕਿ ਇਸ ਸਬੰਧੀ ਪੁਲਿਸ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version