ਗੁੜਗਾਂਓਂ: ਭਾਰਤ ਵਿਚ ਘੱਟਗਿਣਤੀਆਂ ਦੇ ਧਾਰਮਿਕ ਹੱਕਾਂ ‘ਤੇ ਹਿੰਦੁਤਵੀ ਬਹੁਗਿਣਤੀ ਦੇ ਹਮਲੇ ਲਗਾਤਾਰ ਤਿੱਖੇ ਹੁੰਦੇ ਜਾ ਰਹੇ ਹਨ ਜਿਸ ਦੇ ਚਲਦਿਆਂ ਬੀਤੇ ਕੱਲ੍ਹ ਗੁੜਗਾਓਂ ਵਿਚ ਹਿੰਦੁਤਵੀਆਂ ਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਵੱਖ-ਵੱਖ ਥਾਵਾਂ ‘ਤੇ ਖੁੱਲ੍ਹੇ ਵਿਚ ਨਮਾਜ਼ ਪੜ੍ਹਨ ਤੋਂ ਜ਼ਬਰਨ ਰੋਕ ਦਿੱਤਾ।
ਹਿੰਦੁਤਵੀਆਂ ਦੇ ਟੋਲੇ ਸ਼ਹਿਰ ਵਿਚ ਸ਼ੁਕਰਵਾਰ ਵਾਲੇ ਦਿਨ ਨਮਾਜ਼ ਪੜ੍ਹੇ ਜਾਣ ਵਾਲੀਆਂ ਵੱਖ-ਵੱਖ ਛੇ ਥਾਵਾਂ ‘ਤੇ ਗਏ ਤੇ ਮੁਸਲਮਾਨਾਂ ਨੂੰ ਜਮਾਜ਼ ਪੜ੍ਹਨ ਤੋਂ ਰੋਕ ਦਿੱਤਾ ਤੇ ਖੁੱਲ੍ਹੇ ਵਿਚ ਨਮਾਜ਼ ਨਾ ਪੜ੍ਹਨ ਦੇਣ ਦੀ ਗੱਲ ਕਹੀ।
ਨਹਿਰੂ ਯੁਵਾ ਸੰਗਠਨ ਵੈਲਫੇਅਰ ਸੋਸਾਇਟੀ ਚੈਰੀਟੇਬਲ ਟਰਸਟ ਦੇ ਪ੍ਰਧਾਨ ਵਾਜਿਦ ਖਾਨ ਨੇ ਕਿਹਾ ਕਿ ਪੁਲਿਸ ਮੁਖੀ ਨਾਲ ਭਾਈਚਾਰੇ ਦੀ ਹੋਈ ਮੀਟਿੰਗ ਵਿਚ ਉਨ੍ਹਾਂ ਨੂੰ ਸ਼ਹਿਰ ਦੀਆਂ ਵੱਖ-ਵੱਖ 34 ਥਾਵਾਂ ‘ਤੇ ਨਮਾਜ਼ ਨਾ ਪੜ੍ਹਨ ਲਈ ਕਿਹਾ ਗਿਆ, ਪਰ ਮੁਸਲਮਾਨ ਭਾਈਚਾਰੇ ਨੇ ਤਿੰਨ ਥਾਵਾਂ ‘ਤੇ ਨਮਾਜ਼ ਨਾ ਪੜ੍ਹਨ ਨੂੰ ਪ੍ਰੜਾਨ ਕਰ ਲਿਆ ਹੈ ਕਿਉਂਕਿ ਉਨ੍ਹਾਂ ਥਾਵਾਂ ‘ਤੇ ਟ੍ਰੈਫਿਕ ਵਿਚ ਵਿਘਨ ਪੈਂਦਾ ਸੀ।
ਖਾਨ ਨੇ ਕਿਹਾ ਕਿ ਸਹਾਰਾ ਮਾਲ ਨਜ਼ਦੀਕ ਨਮਾਜ਼ ਪੜ੍ਹਨ ਤੋਂ ਮੁਸਲਮਾਨਾਂ ਨੂੰ ਪਹਿਲਾਂ ਪੁਲਿਸ ਨੇ ਰੋਕਿਆ। ਬਾਅਦ ਵਿਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਵਿਚ ਸਹਿਮਤੀ ਹੋਣ ਤੋਂ ਬਾਅਦ ਉੱਥੇ ਇਕ ਟੋਲਾ ਆ ਗਿਆ ਤੇ ਉਨ੍ਹਾਂ ਨੂੰ ਨਮਾਜ਼ ਬੰਦ ਕਰਕੇ ਉੱਥੋਂ ਜਾਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਦੋਂ ਇਸ ਟੋਲੇ ਦੀਆਂ ਫੋਟੋਆਂ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਖੋਹ ਕੇ ਤੋੜ ਦਿੱਤਾ।
ਖਾਨ ਨੇ ਕਿਹਾ ਕਿ ਇਫਕੋ ਚੋਂਕ ਵਿਖੇ ਵੀ ਹਿੰਦੁਤਵੀਆਂ ਦੇ ਟੋਲੇ ਨੇ ਨਮਾਜ਼ ਵਿਚ ਵਿਘਨ ਪਾਇਆ ਤੇ ਨਮਾਜ਼ ਬੰਦ ਕਰਨ ਲਈ ਨਾਅਰੇ ਲਾਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਅੱਜ ਪੁਲਿਸ ਮੁਖੀ ਨੂੰ ਮਿਲਣਗੇ।
ਸਾਈਬਰ ਪਾਰਕ ਨਜ਼ਦੀਕ ਖੁੱਲ੍ਹੇ ਪਲਾਟ ਵਿਚ ਨਮਾਜ਼ ਅਦਾ ਕਰਨ ਵਾਲੇ ਇਕ ਮੁਸਲਮਾਨ ਵਸ਼ਿੰਦੇ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਇੱਥੇ ਨਮਾਜ਼ ਪੜ੍ਹਦੇ ਆ ਰਹੇ ਹਨ ਤੇ ਉਸ ਨਾਲ ਕਿਸੇ ਨੂੰ ਤੰਗੀ ਨਹੀਂ ਸੀ। ਹੁਣ 8 ਤੋਂ 10 ਬੰਦਿਆਂ ਦਾ ਇਕ ਟੋਲਾ ਆ ਕੇ ਉਨ੍ਹਾਂ ਨੂੰ ਨਮਾਜ਼ ਪੜ੍ਹਨੀ ਬੰਦ ਕਰਨ ਲਈ ਕਹਿੰਦਾ ਹੈ।
ਗੁੜਗਾਂਓਂ ਪੁਲਿਸ ਦੇ ਅਧਿਕਾਰੀ ਰਵਿੰਦਰ ਕੁਮਾਰ ਨੇ ਕਿਹਾ ਕਿ ਸ਼ਹਿਰ ਸੇ ਸਾਰੇ ਐਸ.ਐਚ.ਓ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕਰਕੇ ਸਬੰਧਿਤ ਥਾਵਾਂ ‘ਤੇ ਮੁਲਾਜ਼ਮ ਤਾਇਨਾਤ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਅਮਨ ਕਾਨੂੰਨ ਦੀ ਸਥਿਤੀ ਵਿਚ ਕੋਈ ਗੜਬੜ ਨਾ ਹੋਵੇ।
ਗੁੜਗਾਂਓਂ ਦੇ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਨੇ ਕਿਹਾ ਕਿ ਸਾਰੀਆਂ ਸਬੰਧਿਤ ਥਾਵਾਂ ‘ਤੇ ਪੁਖਤਾ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ਤੇ ਨਮਾਜ਼ ਰੋਕਣ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਸੰਯੁਕਤ ਹਿੰਦੂ ਸੰਘਰਸ਼ ਸਮਿਤੀ ਦੇ ਨਾਂ ਹੇਠ ਹਿੰਦੁਤਵੀ ਜਥੇਬੰਦੀਆਂ ਵਲੋਂ ਬਣਾਏ ਗਏ ਸੰਗਠਨ ਵਲੋਂ ਸ਼ਹਿਰ ਦੀਆਂ ਖੁੱਲ੍ਹੀਆਂ ਥਾਵਾਂ ਵਿਚ ਨਮਾਜ਼ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਸੰਗਠਨ ਵਿਚ ਅਖਿਲ ਭਾਰਤੀਆ ਹਿੰਦੂ ਕਰਾਂਤੀ ਦਲ, ਬਜਰੰਗ ਦਲ, ਸ਼ਿਵ ਸੈਨਾ, ਸਵਦੇਸ਼ੀ ਜਾਗਰਨ ਮੰਚ ਅਤੇ ਗੁਰੂਗਰਾਮ ਸੰਸਕ੍ਰਿਤਿਕ ਗੌਰਵ ਸਮਿਤੀ ਸ਼ਾਮਿਲ ਹਨ।
ਅੰਗਰੇਜੀ ਵਿਚ ਖ਼ਬਰ ਪੜ੍ਹਨ ਲਈ ਕਲਿਕ ਕਰੋ: Hindutva Groups Prevent Muslims from Offering Namaz at Various Places in Gurgaon (Haryana)