ਮੋਹਾਲੀ/ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਪਣੀਆਂ ਪਿਛਲੇ 9 ਸਾਲਾਂ ਦੀਆਂ “ਪ੍ਰਾਪਤੀਆਂ” ਪੰਜਾਬ ਦੇ ਲੋਕਾਂ ਨੂੰ ਦੱਸਣ ਲਈ 50 ਗੱਡੀਆਂ ਰਵਾਨਾ ਕੀਤੀਆਂ ਹਨ ਜਿਹੜੀਆਂ ਕਿ ਐਲ.ਈ.ਡੀ. (ਟੀ.ਵੀ. ਸਕਰੀਨ) ਨਾਲ ਲੈਸ ਹਨ।
ਲੋਕ ਸੰਪਰਕ ਮੰਤਰੀ ਬਿਕਰਮ ਮਜੀਠੀਆ ਨੇ ਇਨ੍ਹਾਂ 50 ਗੱਡੀਆਂ ਨੂੰ ਸੈਕਟਰ 78 ਸਥਿਤ ਸਟੇਡੀਅਮ, ਮੋਹਾਲੀ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ। ਮੀਡੀਆ ਨਾਲ ਗੱਲ ਕਰਦਿਆਂ ਮਜੀਠੀਆ ਨੇ ਦੱਸਿਆ ਕਿ ਇਹ ਗੱਡੀਆਂ ਸਾਰੇ ਸੂਬੇ ਵਿਚ ਘੁੰਮਣਗੀਆਂ ਅਤੇ ਲੋਕਾਂ ਨੂੰ ਜਾਗਰੂਕ ਕਰਨਗੀਆਂ ਕਿ ਸਰਕਾਰ ਨੇ ਉਨ੍ਹਾਂ ਲਈ ਕਿਹੜੇ ਕਿਹੜੇ ਕੰਮ ਕੀਤੇ ਹਨ ਅਤੇ ਕਿਹੜੀਆਂ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਮੁਕੰਮਲ ਪੈਕੇਜ ਤਿਆਰ ਕੀਤਾ ਗਿਆ ਹੈ ਇਨ੍ਹਾਂ ਪ੍ਰਚਾਰ ਗੱਡੀਆਂ ਵਿਚ, ਪੰਜਾਬੀ ਐਨੀਮੇਟਰ ਫਿਲਮ “ਚਾਰ ਸਾਹਿਬਜ਼ਾਦੇ” ਵੀ ਇਨ੍ਹਾਂ ਗੱਡੀਆਂ ਰਾਹੀਂ ਦਿਖਾਈ ਜਾਏਗੀ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਫਿਲਮ ‘ਚਾਰ ਸਾਹਿਬਜ਼ਾਦੇ’ ਨੂੰ ਦਿਖਾਉਣ ਦੇ ਅਧਿਕਾਰ 4 ਕਰੋੜ ਰੁਪਏ ਵਿਚ ਖਰੀਦੇ ਸਨ। ਹਾਲਾਂ ਇਸ ਬਾਰੇ ਹੋਰ ਜਾਣਕਾਰੀ ਨਹੀਂ ਹਾਸਲ ਕੀਤੀ ਜਾ ਸਕੀ ਕਿ ਪੰਜਾਬ ਸਰਕਾਰ ਜਾਂ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਕੋਲੋਂ ਇਸ ਫਿਲਮ ਸਬੰਧੀ ਅਧਿਕਾਰ ਖਰੀਦੇ ਹਨ ਕਿ ਨਹੀਂ।
ਮਜੀਠੀਆ ਨੇ ਕਿਹਾ, “ਅਸੀਂ ਸਰਕਾਰ ਦੀਆਂ ਸਕੀਮਾਂ / ਯੋਜਨਾਵਾਂ ਤਹਿਤ ਆਏ ਸਮਾਜਿਕ-ਆਰਥਕ ਬਦਲਾਅ ਨੂੰ ਫਿਲਮਾਂ ਰਾਹੀਂ ਦਿਖਾਵਾਂਗੇ”।