Site icon Sikh Siyasat News

ਜੱਥੇਦਾਰ ਨੰਦਗੜ੍ਹ ਵੱਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਲਿਆ ਹਿੱਸਾ

ਬਠਿੰਡਾ (5 ਜਨਵਰੀ, 2015): ਸ਼੍ਰੋਮਣੀ ਕਮੇਟੀ, ਸੰਤ ਸਮਾਜ ਅਤੇ ਬਾਦਲ ਦਲੀਆਂ ਨਾਲ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਟਕਰਾਅ ਦੇ ਚਲਦਿਆਂ ਤਖਤ ਸ਼੍ਰੀ ਦਮਦਮਾ ਸਾਹਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੇ ਸ੍ਰੀ ਗੁਰੂ ਗਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਮਨਾਉਣ ਲਈ ਆਪਣੀ ਰਿਹਾਇਸ਼ ‘ਤੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਦੀਵਾਨ ਸਜ਼ਾਏ ਗਏ ।

ਜਥੇਦਾਰ ਨੰਦਗੜ੍ਹ  ਨਾਨਕਸ਼ਾਹੀ ਕੈਲੰਡਰ ਜਾਰੀ ਕਰਦੇ ਹੋਏ

ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਨਾਨਕਸ਼੍ਹਾੀ ਕੈਲੰਡਰ ਦੀਆਂ ਹਮਾਇਤੀ ਧਿਰਾਂ, ਪੰਥਕ ਹਸਤੀਆਂ ਅਤੇ ਵਿਦਵਾਨਾਂ ਨੇ ਹਾਜ਼ਰੀ ਭਰੀ।ਪ੍ਰਸਿੱਧ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਇਸ ਮੌਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਸਿੱਖ ਨਿਸ਼ਨਿਆਂ ਤੌਂ ਭਟਕ ਗਈ ਹੈ।

ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਕਰਵਾਏ ਧਾਰਮਿਕ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਿਸ਼ਾਨੇ ’ਤੇ ਰਹੇ। ਦੂਜੇ ਪਾਸੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਸਮਾਗਮਾਂ ’ਤੇ ਗੁਪਤ ਨਜ਼ਰ ਰੱਖੀ।

ਸਮਾਗਮਾਂ ਵਿੱਚ ਪੁੱਜਣ ਵਾਲਿਆਂ ਦੀ ਗਿਣਤੀ ਦਾ ਸਰਕਾਰੀ ਜਾਇਜ਼ਾ ਵੀ ਚੱਲਦਾ ਰਿਹਾ। ਸ਼੍ਰੋਮਣੀ ਕਮੇਟੀ ਨੇ ਇਸ ਸਮਾਗਮ ਤੋਂ ਦੂਰੀ ਬਣਾਈ ਰੱਖੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਮੈਂਬਰ ਨਹੀਂ ਪੁੱਜਾ।

ਜਥੇਦਾਰ ਨੰਦਗੜ੍ਹ ਦੀ ਰਿਹਾਇਸ਼ ਲਾਗਲੇ ਪਾਰਕ ਵਿੱਚ ਹੋਏ ਧਾਰਮਿਕ ਸਮਾਗਮ ਵਿੱਚ ਅਕਾਲੀ ਦਲ ਦੇ ਵਿਰੋਧੀ ਆਗੂਆਂ ਨੇ ਜਥੇਦਾਰ ਨੰਦਗੜ੍ਹ ਨੂੰ ਪੂਰਨ ਹਮਾਇਤ ਦਿੱਤੀ।

ਇਸ ਮੌਕੇ ਜਥੇਦਾਰ ਨੰਦਗੜ੍ਹ ਨੇ ਐਲਾਨ ਕੀਤਾ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ’ਤੇ ਪਹਿਰਾ ਦੇਣਗੇ ਅਤੇ ਬਿਕਰਮੀ ਕੈਲੰਡਰ ਨੂੰ ਨਹੀਂ ਮੰਨਣਗੇ। ਉਨ੍ਹਾਂ ਆਖਿਆ ਕਿ ਆਰ.ਐਸ.ਐਸ ਸਿੱਖ ਕੌਮ ਦੀ ਵੱਖਰੀ ਹਸਤੀ ਮਿਟਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸੰਤ ਭਿੰਡਰਾਂਵਾਲੇ ਦੀ ਤਸਵੀਰ ਵਾਲਾ ਨਾਨਕਸ਼ਾਹੀ ਕੈਲੰਡਰ ਰਿਲੀਜ਼ ਕੀਤਾ।

ਉਨ੍ਹਾਂ ਆਖਿਆ ਕਿ ਉਹ ਛੇ ਮਹੀਨੇ ਪਹਿਲਾਂ ਹੀ ਅਸਤੀਫ਼ਾ ਦੇਣ ਦਾ ਮਨ ਬਣਾ ਚੁੱਕੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਹੁਣ ਉਨ੍ਹਾਂ ਨੂੰ ਪੰਥਕ ਮੱੁਦਿਆਂ ’ਤੇ ਕੰਮ ਕਰਨ ਨਹੀਂ ਦਿੱਤਾ ਜਾਵੇਗਾ। ਹੁਣ ਉਨ੍ਹਾਂ ਨੂੰ ਕੌਮ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ ਇਸ ਲਈ ਉਹ ਹੁਣ ਅਸਤੀਫ਼ਾ ਨਹੀਂ ਦੇਣਗੇ।

ਇਸ ਮੌਕੇ ਰਾਗੀ ਜਥੇ ਨੇ ਸ਼ਬਦ ਕੀਰਤਨ ਕੀਤਾ ਅਤੇ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇ ਆਖਿਆ ਕਿ ਪੰਥਕ ਸਰਕਾਰ ਆਪਣੇ ਨਿਸ਼ਾਨੇ ਤੋਂ ਥਿੜਕ ਗਈ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਅਤੇ ਸਾਬਕਾ ਐਮ.ਪੀ ਭਾਈ ਧਿਆਨ ਸਿੰਘ ਮੰਡ ਸਾਬਕਾ ਐੱਮ.ਪੀ ਨੇ ਆਖਿਆ ਕਿ ਕੇਂਦਰ ਜਾਂ ਰਾਜ ਸਰਕਾਰ ਨਾਨਕਸ਼ਾਹੀ ਕੈਲੰਡਰ ਨੂੰ ਦਬਾਅ ਨਹੀਂ ਸਕਦੀ ਹੈ।
ਸਿੱਖ ਨੇਤਾ ਗੁਰਿੰਦਰਪਾਲ ਸਿੰਘ ਧਨੌਲਾ ਨੇ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ’ਤੇ ਸਰਬੱਤ ਖ਼ਾਲਸਾ ਬੁਲਾਉਣ ਦੀ ਗੱਲ ਕਹੀ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਖ਼ਾਲਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਨਿਸ਼ਾਨਾ ਬਣਾਇਆ। ਸਮਾਗਮਾਂ ਨੂੰ ਅਕਾਲੀ ਦਲ ਦਿੱਲੀ (ਸਰਨਾ ਗਰੁੱਪ) ਦੇ ਪ੍ਰਧਾਨ ਜਸਵਿੰਦਰ ਸਿੰਘ ਬਲੀਏਵਾਲ, ਅਕਾਲੀ ਦਲ ਦੇ ਭਾਈ ਬਲਦੇਵ ਸਿੰਘ ਸਿਰਸਾ ਤੇ ਸੁਖਪ੍ਰੀਤ ਸਿੰਘ ਉਦੋਕੇ ਆਦਿ ਨੇ ਸੰਬੋਧਨ ਕੀਤਾ।

ਇਸ ਮੌਕੇ ਦਸਤਾਰ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪ੍ਰਗਟ ਸਿੰਘ ਭੋਡੀਪੁਰਾ, ਏਕਨੂਰ ਖ਼ਾਲਸਾ ਫ਼ੌਜ ਦੇ ਬਲਜੀਤ ਸਿੰਘ ਗੰਗਾ,ਟਿਕਾਣਾ ਭਾਈ ਜਗਤਾ ਦੇ ਮੈਨੇਜਰ ਭਾਈ ਭਰਪੂਰ ਸਿੰਘ, ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਛੋਟਾ ਸਿੰਘ,ਗੁਰਤਿੰਦਰ ਸਿੰਘ ਰਿੰਪੀ ਮਾਨ,ਨਾਨਕਸ਼ਾਹੀ ਤਾਲਮੇਲ ਕਮੇਟੀ ਦੇ ਭਾਈ ਕ੍ਰਿਪਾਲ ਸਿੰਘ,ਸੁਖਦੇਵ ਸਿੰਘ ਕਿੰਗਰਾ ਆਦਿ ਹਾਜ਼ਰ ਸਨ। ਆਗੂਆਂ ਨੇ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ’ਤੇ ਸਰਬੱਤ ਖ਼ਾਲਸਾ ਸੱਦਣ ਦੀ ਮੰਗ ਉਠਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version