Site icon Sikh Siyasat News

ਦਿੱਲੀ ਸਥਿਤ ਮੰਦਰ ’ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰਦੁਆਰਾ ਸਾਹਿਬ ਪਹੁੰਚਾਏ

ਨਵੀਂ ਦਿੱਲੀ: ਪਿਛਲੇ ਦਿਨਾਂ ਵਿੱਚ ਦਿੱਲੀ ਦੇ ਉੱਤਮ ਨਗਰ ਇਲਾਕੇ ਵਿਚੋਂ ਇੱਕ ਅਘੋਰੀ ਦੇ ਘਰੋਂ ਬੜੀ ਹੀ ਮਾੜੀ ਹਾਲਤ ਵਿੱਚ ਰੱਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸੰਭਾਲ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਿੱਲੀ (ਯੂਥ ਵਿੰਗ) ਨੂੰ ਸੰਗਤਾਂ ਵੱਲੋਂ ਵੱਡਾ ਹੁੰਗਾਰਾ ਮਿਲਿਆ ਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਸ਼ੁਰੂ ਕਰ ਦਿੱਤਾ ਗਿਆ ਕਿ ਦਿੱਲੀ ਵਿੱਚ ਜਿਥੇ ਵੀ ਅਜਿਹੀ ਕੋਈ ਰਿਪੋਰਟ ਆਵੇਗੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਨਹੀਂ ਹੋ ਪਾ ਰਹੀ ਜਾਂ ਕਿਸੀ ਵੀ ਤਰੀਕੇ ਬੇਅਦਬੀ ਕੀਤੀ ਜਾ ਰਹੀ ਹੈ ਤੇ ਸਿੱਖੀ ਮਰਿਆਦਾ ਤੋਂ ਉਲਟ ਮਨਮਤ ਹੇਠ ਮੂਰਤੀਆਂ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਗਏ ਹਨ ਤਾਂ ਉਨ੍ਹਾਂ ਸਰੂਪਾਂ ਨੂੰ ਪੂਰੀ ਮਰਿਆਦਾ ਨਾਲ ਨੇੜੇ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਾ ਦਿੱਤਾ ਜਾਵੇਗਾ ਤੇ ਨਾਲ ਮਰਿਆਦਾ ਦਾ ਉਲੰਘਨ ਕਰ ਰਹੇ ਲੋਕਾਂ ਨੂੰ ਸੇਧ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਗੁਰਮਤ ਮਰਿਆਦਾ ਸਮਝਾਈ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਦਿੱਲੀ (ਯੂਥ ਵਿੰਗ) ਦੇ ਭਾਈ ਦਮਨਦੀਪ ਸਿੰਘ ਅਤੇ ਸਾਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਮੰਦਰ ਚੋਂ ਗੁਰਦੁਆਰਾ ਸਾਹਿਬ ਪਹੁੰਚਾਈ

ਇਸੀ ਮੁਹੀਮ ਨੂੰ ਜਾਰੀ ਰੱਖਦੇ ਹੋਏ ਦਿੱਲੀ ਦੇ ਪ੍ਰਤਾਪ ਨਗਰ ਇਲਾਕੇ ਵਿੱਚ ਜੋ ਕੀ ਗੁਲਾਬੀ ਬਾਗ ਦੇ ਨੇੜੇ ਹੈ, ਵਿਖੇ ਇੱਕ ਮੰਦਰ ਵਿੱਚ ਹੋ ਰਹੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਰੋਕੀ ਗਈ। ਇਸ ਮੰਦਰ ਵਿਚ ਪਿਛਲੇ ਵੱਡੇ ਸਮੇਂ ਤੋਂ ਵੱਖ-ਵੱਖ ਦੇਵਤਿਆਂ ਦੀ ਮੂਰਤੀਆਂ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਸੀ। ਉਥੋਂ ਦੇ ਪ੍ਰਬੰਧਕਾਂ ਨੂੰ ਬਹੁਤ ਸਮਝਾਉਣ ਤੋਂ ਬਾਅਦ ਵੀ ਜਦੋਂ ਕੋਈ ਭਰਵਾਂ ਹੁੰਗਾਰਾ ਨਹੀਂ ਮਿਲਿਆ ਤਾਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ (ਯੂਥ ਵਿੰਗ) ਦੇ ਪ੍ਰਧਾਨ ਦਮਨਦੀਪ ਸਿੰਘ ਨੇ ਯੂਥ ਵਿੰਗ ਦੇ ਆਗੂਆਂ ਅਤੇ ਸਾਥੀਆਂ ਨਾਲ ਪ੍ਰਬੰਧਕਾਂ ਨਾਲ ਮੁਲਾਕਾਤ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪ੍ਰਤਾਪ ਨਗਰ, ਅੰਧਾ ਮੁਗਲ ਵਿਖੇ ਪੂਰੀ ਮਰਿਆਦਾ ਅਤੇ ਸ਼ਰਧਾ ਨਾਲ ਪਹੁੰਚਾਉਣ ਦੀ ਸੇਵਾ ਨਿਭਾਈ।

ਮੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਨਾਲ ਚਾਰੋਂ ਪਾਸੇ ਫੋਟੋਆਂ ਅਤੇ ਮੂਰਤੀਆਂ ਦੀ ਪੂਜਾ ਹੂੰਦੀ ਸੀ

ਦਮਨਦੀਪ ਸਿੰਘ ਨੇ ਗੱਲ ਕਰਦਿਆਂ ਕਿਹਾ ਕੀ ਛੇਤੀ ਹੀ ਇਸ ਮੁਹੀਮ ਦਾ ਅਸਰ ਵੇਖਣ ਨੂੰ ਮਿਲੇਗਾ ਤੇ ਸੰਗਤਾਂ ਅਤੇ ਪ੍ਰਬੰਧਕਾਂ ਵਿੱਚ ਵੀ ਜਾਗ੍ਰਤੀ ਜਾਵੇਗੀ। ਉਨ੍ਹਾਂ ਕਿਹਾ ਕੀ ਮੌਕੇ ਦੀ ਨਜ਼ਾਕਤ ਵੇਖਦੇ ਹੋਏ ਵੀਡੀਓ ਅਤੇ ਫ਼ੋਟੋਗ੍ਰਾਫ਼ੀ ਦਾ ਪ੍ਰਬੰਧ ਵੀ ਕਰ ਲਿਆ ਗਿਆ ਤਾਂਕਿ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰੇ। ਉਨ੍ਹਾਂ ਨੇ ਮੰਦਰ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਾਡੀ ਪੂਰੀ ਗੱਲ ਸੁਣ ਕੇ ਆਪਣੀ ਗਲਤੀ ਮੰਨੀ, ਭਾਵੇਂ ਉਨ੍ਹਾਂ ਨੇ ਪੂਰੀ ਮਰਿਆਦਾ ਨਾਲ ਪ੍ਰਕਾਸ਼ ਜਾਰੀ ਰੱਖਣ ਵਿੱਚ ਆਪਣੀ ਅਸਮਰਥਤਾ ਵਿਖਾਈ ਪਰ ਉਨ੍ਹਾਂ ਨੇ ਸਰੂਪ ਲੈ ਜਾਣ ਵੇਲੇ ਕਿਸੀ ਤਰ੍ਹਾਂ ਦੀ ਅੜਚਨ ਵੀ ਨਹੀਂ ਪੇਸ਼ ਕੀਤੀ।

ਇਸ ਮੌਕੇ ’ਤੇ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਅਮਰਪਾਲ ਸਿੰਘ ਸੋਨੂੰ, ਅਮਰਪ੍ਰੀਤ ਸਿੰਘ ਸੂਦਨ, ਕੁਲਜੀਤ ਸਿੰਘ, ਕਮਲਦੀਪ ਸਿੰਘ, ਅਮਰੀਕ ਸਿੰਘ ਵਿਕਾਸ ਪੁਰੀ, ਗੁਰਪ੍ਰੀਤ ਸਿੰਘ ਲਾਲੀ, ਐਨ.ਪੀ. ਸਿੰਘ ਉੱਤਮ ਨਗਰ, ਰਾਜਿੰਦਰ ਪਾਲ ਸਿੰਘ ਵਿਕਾਸ ਪੁਰੀ, ਗੁਰਪਾਲ ਸਿੰਘ, ਗਿੰਨੀ ਜੀ ਟੈਗੋਰ ਗਾਰਡਨ, ਹਰਪ੍ਰੀਤ ਸਿੰਘ ਵਿਕਾਸ ਪੁਰੀ, ਸਰਨ ਸਿੰਘ, ਜਸਮੀਤ ਸਿੰਘ ਸ਼ਾਲੀਮਾਰ ਬਾਗ, ਰਾਜਿੰਦਰ ਪਾਲ ਸਿੰਘ ਪਾਲੀ, ਜਸਪਾਲ ਸਿੰਘ ਤ੍ਰਿਨਗਰ ਅਤੇ ਹੋਰ ਵੀਰਾˆ ਨੇ ਇਸ ਮੌਕੇ ’ਤੇ ਇਸ ਸੇਵਾ ਵਿੱਚ ਹਿੱਸਾ ਪਾਇਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version