Site icon Sikh Siyasat News

ਗੁਰਦੁਆਰਾ ਸਿੰਘ ਸਭਾ ਮਿਲਪਿਟਸ ਵਿਖੇ ਹੋਵੇਗਾ ਨਕੋਦਰ ਸਾਕੇ ਦੀ ਯਾਦ ‘ਚ ਅਰਦਾਸ ਸਮਾਗਮ

ਸਾਕਾ ਨਕੋਦਰ 1986 ਵਿਚ ਸ਼ਹੀਦ ਹੋਣ ਵਾਲੇ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ - ਸ਼ਹੀਦ ਰਵਿੰਦਰ ਸਿੰਘ, ਸ਼ਹੀਦ ਹਰਮਿੰਦਰ ਸਿੰਘ, ਸ਼ਹੀਦ ਝਲਮਣ ਸਿੰਘ ਅਤੇ ਸ਼ਹੀਦ ਬਲਧੀਰ ਸਿੰਘ

ਚੰਡੀਗੜ੍ਹ: 4 ਫਰਵਰੀ 1986 ਨੂੰ ਪੰਜਾਬ ਪੁਲਸ ਵਲੋਂ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਇਕੱਠੀ ਹੋਈ ਸੰਗਤ ਉੱਤੇ ਗੋਲੀਬਾਰੀ ਕਰਕੇ 4 ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਪੂਰੇ ਵਿਸ਼ਵ ਵਿੱਚ ਵੱਸਦੇ ਸਿੱਖਾਂ ਵਲੋਂ ਇਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਕਾਲੀਫੌਰਨੀਆ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਤੇ ਤਾਲਮੇਲ ਕਰਤਾ ਡਾ.ਪ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਚ 17 ਫਰਵਰੀ,ਦਿਨ ਐਤਵਾਰ ਨੂੰ ਨਕੋਦਰ ਕਾਡ ਦੇ ਸ਼ਹੀਦਾਂ ਦੀ ਯਾਦ ਵਿਚ ਸਵੇਰੇ 10 ਵਜੇ ਵਿਸ਼ੇਸ਼ ਅਰਦਾਸ ਸਮਾਗਮ ਕਰਵਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ, ਸ਼ਹੀਦ ਭਾਈ ਹਰਮਿੰਦਰ ਸਿੰਘ ਜੀ ਚਲੂਪੁਰ, ਸ਼ਹੀਦ ਭਾਈ ਝਿਲਮਣ ਸਿੰਘ ਗੋਰਸੀਆਂ ਤੇ ਸ਼ਹੀਦ ਭਾਈ ਬਲਧੀਰ ਸਿੰਘ ਰਾਮਗੜ੍ਹ ਨੂੰ ਪੰਜਾਬ ਦੀ ਅਕਾਲੀ ਬਰਨਾਲਾ ਸਰਕਾਰ ਦੀ  ਪੁਲੀਸ ਨੇ 4 ਫਰਵਰੀ, 1986 ਨੂੰ ਨਕੋਦਰ ਵਿਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ।

ਸਾਕਾ ਨਕੋਦਰ ਦੇ ਸ਼ਹੀਦਾਂ ਦੀ ਤਸਵੀਰ।

ਇਹ ਚਾਰੇ ਸਿੰਘ ਬਾਕੀ ਸੰਗਤਾਂ ਨਾਲ ਸ਼ਿਵ ਸੈਨਾ ਵਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਪੰਜ ਬੀੜਾਂ ਦੀ ਕੀਤੀ ਗਈ ਬੇਅਦਬੀ ਤੋਂ ਬਾਦ ਸ਼ਾਂਤਮਈ ਢੰਗ ਨਾਲ ਬੀੜਾਂ ਦੀ ਬਚੀ ਹੋਈ ਸਮਗਰੀ ਨੂੰ ਗੋਇੰਦਵਾਲ ਜਲ ਪਰਵਾਹ ਕਰਨ ਵਾਸਤੇ ਹਾਸਲ ਕਰਨ ਲਈ ਮੁਜ਼ਾਹਰੇ ਦੇ ਰੂਪ ਵਿਚ ਜਾ ਰਹੇ ਸਨ ਕਿ ਪੁਲੀਸ ਨੇ ਬਿਨਾ ਕਿਸੇ ਭੜਕਾਹਟ ਦੇ ਅੰਨੇਵਾਹ ਗੋਲੀ ਚਲਾ ਕੇ ਚਾਰ ਸਿੰਘ ਸ਼ਹੀਦ ਕਰ ਦਿੱਤੇ ਸਨ। 33 ਸਾਲ ਬੀਤਣ ਤੋਂ ਬਾਦ ਵੀ ਉਸ ਗੋਲੀਕਾਂਡ ਦੀ ਜਾਂਚ ਰਿਪੋਰਟ ਲੋਕਾਂ ਦੀ ਜਾਣਕਾਰੀ ਲਈ ਜਨਤਕ ਨਹੀਂ ਕੀਤੀ ਗਈ ਜੋ ਜੱਜ ਗੁਰਨਾਮ ਸਿੰਘ ਨੇ ਤਿਆਰ ਕੀਤੀ ਸੀ। ਸ਼ਹੀਦੀ ਸ਼ਮਾਗਮ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਚ ਉਨਾਂ ਚਾਰ ਸਿੰਘਾਂ ਦੀਆਂ ਤਸਵੀਰਾਂ ਵੀ ਲਾਈਆਂ ਜਾਣਗੀਆਂ।

ਇਸ ਤੋਂ ਇਲਾਵਾ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਜਨਮ ਸਮਾਗਮ ਵੀ ਕਰਵਾਏ ਜਾਣਗੇ। ਕੀਰਤਨ, ਕਥਾ ਤੇ ਵੀਚਾਰ ਪ੍ਰਵਾਹ ਚੱਲਣਗੇ ਤੇ ਪੰਥਕ ਬੁਲਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version