Site icon Sikh Siyasat News

ਸ਼੍ਰੋਮਣੀ ਕਮੇਟੀ ਤੇ ਸਰਕਾਰ ਨੇ ਵਿਸਾਰਿਆ ਗੁਰੂ ਨਾਨਕ ਪਾਤਸ਼ਾਹ ਦੇ ਬਾਬਿਆਂ ਦਾ ਪਿੰਡ

ਅੰਮ੍ਰਿਤਸਰ: ਸਾਲ 2019 ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲ ਪ੍ਰਕਾਸ਼ ਦਿਹਾੜਾ ਮਨਾਏ ਜਾਣ ਦੀਆਂ ਤਿਆਰੀਆਂ ਵਜੋਂ ਸ਼੍ਰੋਮਣੀ ਕਮੇਟੀ ਵਲੋਂ ਭੇਜੀ ਇੱਕ ਲਿਸਟ ਅਨੁਸਾਰ ਪੰਜਾਬ ਸਰਕਾਰ ਨੇ ਗੁਰੂ ਨਾਨਕ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ 46 ਪਿੰਡਾਂ ਦੀ ਨਿਸ਼ਾਨਦੇਹੀ ਕਰ ਲਈ ਹੈ। ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਵਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਨਵੰਬਰ 2019 ਤੀਕ ਉਹ ਗੁਰੂ ਨਾਨਕ ਪਾਤਸ਼ਾਹ ਨਾਲ ਸੰਬੰਧਤ ਸਾਰੇ ਹੀ ਅਜਿਹੇ ਅਸਥਾਨਾਂ ਨਾਲ ਸਿੱਖ ਜਗਤ ਨੂੰ ਜੋੜਨ ਲਈ ਉਪਰਾਲੇ ਕਰੇਗੀ। ਕਮੇਟੀ ਅਤੇ ਸਰਕਾਰ ਦੇ ਅਜਿਹੇ ਦਾਅਵਿਆਂ ਦੇ ਉਲਟ ਮਾਝੇ ਦਾ ਇੱਕ ਅਸਥਾਨ ਅਜਿਹਾ ਵੀ ਹੈ ਜੋ ਐਨਾ ਕੁ ਅਣਗੌਲਿਆ ਹੈ ਕਿ ਇਸ ਗੁਰ ਅਸਥਾਨ ਨਾਲ ਸਬੰਧਤ ਪਿੰਡ ਦਾ ਮੁੱਢਲਾ ਨਾਮ ਸਿਰਫ ਇੱਕ ਬੋੋਰਡ ਤੀਕ ਹੀ ਸੀਮਤ ਹੈ।

ਗੁਰੁਦਆਰਾ ਡੇਰਾ ਸਾਹਿਬ ਦਾ ਇਤਿਹਾਸ ਦੱਸਦਾ ਬੋਰਡ।

ਗੁਰਦੁਆਰਾ ਸ੍ਰੀ ਡੇਰਾ ਸਾਹਿਬ ਦੇ ਦੀਵਾਨ ਹਾਲ ਦਾ ਦ੍ਰਿਸ਼

ਤਰਨਤਾਰਨ ਤੋਂ ਦੱਖਣ ਪੂਰਬ ਵੱਲ੍ਹ ਕੋਈ 20 ਕਿਲੋਮੀਟਰ ਦੀ ਵਿੱਥ ‘ਤੇ ਸਥਿਤ ਪਿੰਡ ਪੱਠੇ ਵਿੰਡ ਪੁਰ, ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਯੋਗ ਪਿਤਾ ਬਾਬਾ ਮਹਿਤਾ ਕਾਲੂ ਜੀ ਦਾ ਜਨਮ ਅਸਥਾਨ ਹੈ। ਮਹਿਤਾ ਕਾਲੂ ਜੀ ਇਥੋਂ ਹੀ ਪੜ੍ਹੇ ਅਤੇ ਪਟਵਾਰੀ ਦੀ ਨੌਕਰੀ ਕਰਦਿਆਂ ਰਾਏ ਬੁਲਾਰ ਦੇ ਪ੍ਰੇਮ ਕਰਕੇ ਰਾਏ ਭੋਇਂ ਦੀ ਤਲਵੰਡੀ ਚਲੇ ਗਏ। ਗੁਰਦੁਆਰਾ ਸਾਹਿਬ ਦੇ ਮੁਖ ਦਰਵਾਜੇ ਦੇ ਨਾਲ ਲੱਗਾ ਬੋਰਡ ਇਹ ਵੀ ਦੱਸਦਾ ਹੈ ਕਿ ਜੁਆਨੀ ਦੀ ਅਵਸਥਾ ਵਿੱਚ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਨੂੰ ਜਾਂਦੇ ਸਮੇਂ ਇਸ ਅਸਥਾਨ ਤੇ ਆਏ ਸਨ, ਬੇਦੀ ਵਿਰੋਧ ਕਰਨ ਲੱਗੇ।ਗੁਰੂ ਸਾਹਿਬ ਨੇ ਕਿਹਾ ਮਾਣ ਨਾ ਕਰੋ, ਪੱਠੇ ਵਿੰਡਪੁਰ, ਸਮਾਂ ਆਣ ਤੇ ਛੱਡ ਜਾਉਗੇ।ਸਾਡੀ ਸੱਚ ਦੀ ਜੋਤ ਸਦਾ ਹੀ ਰਹੇਗੀ।

ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਭਾਈ ਮਹਿਤਾ ਕਲਿਆਣ ਦਾਸ ਜੀ ਦਾ ਜਨਮ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ।

ਬੋਰਡ ਅੱਗੇ ਦੱਸਦਾ ਹੈ ਕਿ “ਸਮਾਂ ਪੈਣ ਤੇ ਗੁਰੂ ਹਰਿਗੋਬਿੰਦ ਪਾਤਸ਼ਾਹ, ਗੁਰਦੁਆਰਾ ਚੋਹਲਾ ਸਾਿਹਬ ਤੋਂ ਗੁ:ਰੋੜੀ ਸਾਹਿਬ ਆਏ ਤਾਂ 300 ਕਦਮ ਚੱਲ ਕੇ ਇਸ ਅਸਥਾਨ ਤੇ ਨਮਸਕਾਰ ਕਰਕੇ ਜੋਤ ਪ੍ਰਗਟ ਕੀਤੀ। ਮੀਰੀ ਪੀਰੀ ਦੇ ਮਾਲਕ ਨੇ ਪੱਠੇਵਿੰਡ ਪੁਰ ਦਾ ਨਾਮ ਡੇਰਾ ਸਾਹਿਬ ਰੱਖਿਆ ਤੇ ਇਸ ਦਾ ਨਾਮ ਡੇਰਾ ਸਾਹਿਬ ਕਰਕੇ ਹੀ ਪਿੰਡ ਦਾ ਨਾਮ ਡੇਰਾ ਸਾਹਿਬ-ਲੁਹਾਰ ਵਜੋਂ ਜਾਣਿਆਂ ਜਾਂਦਾ ਹੈ।ਪਿੰਡ ਦੇ ਬਜੁਰਗਾਂ ਦਾ ਕਹਿਣਾ ਹੈ ਕਿ ਪਹਿਲਾਂ ਇਹ ਸਾਰਾ ਇਲਾਕਾ ਪਿੰਡ ਲੁਹਾਰ ਵਜੋਂ ਹੀ ਜਾਣਿਆਂ ਜਾਂਦਾ ਸੀ।

ਗੁਰੂ ਹਰਿਗੋਬਿੰਦ ਸਾਹਿਬ ਵਲੋਂ ਅਸਥਾਨ ਨੂੰ ਨਾਮ ਡੇਰਾ ਸਾਹਿਬ ਦਿੱਤੇ ਜਾਣ ਨਾਲ ਪਿੰਡ ਵਿਚੋਂ ਲੰਘਦੀ ਮੁੱਖ ਸੜਕ ਦਾ ਚੜ੍ਹਦਾ ਪਾਸਾ ਪਿੰਡ ਲੁਹਾਰ ਤੇ ਲਹਿੰਦਾ ਪਾਸ ਡੇਰਾ ਸਾਹਿਬ ਹੋ ਗਿਆ।ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਇਸ ਅਸਥਾਨ ਤੇ ਕਾਰਸੇਵਾ ਸਰਹਾਲੀ ਵਾਲੇ ਮਹਾਂ ਪੁਰਖਾਂ ਦੇ ਉਪਰਾਲੇ ਸਦਕਾ ਇੱਕ ਵਿਸ਼ਾਲ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਹੋਈ ਹੈ। ਗੁਰੂ ਸਾਹਿਬ ਦਾ ਯਾਦਗਾਰੀ ਖੂਹ ਸੰਭਾਲਿਆ ਗਿਆ ਤੇ ਹੁਣ ਸੰਗਤਾਂ ਦੀ ਰਿਹਾਇਸ਼ ਲਈ ਸਰਾਂ ਵੀ ਤਿਆਰ ਹੋ ਰਹੀ ਹੈ।

ਪਿੰਡ ਦੇ ਬਜੁਰਗ ਅੱਜ ਵੀ ਇਹੀ ਸੁਨੇਹਾ ਦਿੰਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਦੇ ਪੁਰਖਿਆਂ ਦੇ ਪਿੰਡ ਨੂੰ ਸੰਸਾਰ ਦੇ ਨਕਸ਼ੇ ਤੇ ਲਿਆਂਦਾ ਜਾਵੇ। ਦੂਸਰੇ ਪਾਸੇ ਇੱਕ ਹਕੀਕਤ ਇਹ ਵੀ ਹੈ ਕਿ ਸਿੱਖ ਗੁਰਦੁਆਰਾ ਐਕਟ 1925 ਅਨੁਸਾਰ ਇਹ ਗੁਰਦੁਆਰਾ ਐਕਟ ਦੀ ਸੈਕਸ਼ਨ ਧਾਰਾ 87 ਅਧੀਨ ਆਉਂਦਾ ਹੈ। ਪ੍ਰਬੰਧ ਲੋਕਲ ਕਮੇਟੀ ਪਾਸ ਹੈ ਤੇ ਹਰ ਮਹੀਨੇ ਗੁਰਦੁਆਰਾ ਸਾਹਿਬ ਦੀ ਗੋਲਕ ਗਿਣਤੀ ਮੌਕੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਇੰਸਪੈਕਟਰ ਦੀ ਹਾਜਰੀ ਜਰੂਰੀ ਰਹਿੰਦੀ ਹੈ।

ਕਾਰਸੇਵਾ ਵਾਲੇ ਬਾਬਾ ਲੱਖਾ ਸਿੰਘ (ਕਾਰਸੇਵਾ ਸਰਹਾਲੀ) ਵਾਲਿਆਂ ਨੇ ਦੱਸਿਆ ਹੈ ਕਿ ਨਵੰਬਰ 2019 ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲ ਪ੍ਰਕਾਸ਼ ਪੁਰਬ ਮਨਾਉਣ ਲਈ ਵਿਸ਼ਾਮ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version