ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਹਰਿਦੁਆਰ ਸਥਿਤ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁ: ਗਿਆਨ ਗੋਦੜੀ ਸਾਹਿਬ ਦੀ ਪੁਨਰ ਸਥਾਪਨਾ ਲਈ ਬਣੀ ਕਮੇਟੀ ਤੋਂ ਸਬ ਕਮੇਟੀ ਦੇ ਗਠਨ ਵੱਲ ਕਦਮ ਪੁੱਟਿਆ ਗਿਆ ਹੈ। ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਸਾਂਝੇ ਉਪਰਾਲੇ ਵਜੋਂ 14 ਮਈ ਨੂੰ ਮਨਾਏ ਗਏ ਅਰਦਾਸ ਦਿਵਸ ਮੌਕੇ ਪ੍ਰਬੰਧਕਾਂ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਇਹ ਲੜਾਈ ਜੰਗੀ ਪੱਧਰ ‘ਤੇ ਲੜੀ ਜਾਵੇਗੀ ਅਤੇ ਇਸ ਤਹਿਤ 24 ਮਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਵੱਖ-ਵੱਖ ਜਥੇਬੰਦੀਆਂ ਦੀ ਇਕੱਤਰਤਾ ਰੱਖੀ ਗਈ ਸੀ ਤੇ ਇਸ ਇਕਤਰਤਾ ‘ਚ ਇਕ ਕਮੇਟੀ ਦਾ ਗਠਨ ਹੋਇਆ ਸੀ।
ਕਮੇਟੀ ਦੇ ਮੀਟਿੰਗ ਰੂਮ ਵਿੱਚ ਅੱਜ ਇਨ੍ਹਾਂ ਨੁਮਾਇੰਦਿਆਂ ਦੀ ਤਕਰੀਬਨ ਦੋ ਘੰਟੇ ਚੱਲੀ ਗੱਲਬਾਤ ਉਪਰੰਤ ਐਲਾਨ ਕੀਤਾ ਗਿਆ ਕਿ ਹਰਿਦੁਆਰ ਸਥਿਤ ਸਾਧੂ ਮਹੰਤਾਂ, ਅਖਾੜਿਆਂ ਤੇ ਹਿੰਦੂ ਸੰਪਰਦਾਵਾਂ ਨਾਲ ਗੱਲਬਾਤ ਕਰਨ ਹਿੱਤ ਇਕ ਨੌਂ ਮੈਂਬਰੀ ਸਬ-ਕਮੇਟੀ ਦੇ ਗਠਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਸਬ ਕਮੇਟੀ ਵਿੱਚ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਮਨਜੀਤ ਸਿੰਘ ਜੀ.ਕੇ., ਸੁਖਦੇਵ ਸਿੰਘ ਢੀਂਡਸਾ, ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ, ਰਜਿੰਦਰ ਸਿੰਘ ਮਹਿਤਾ, ਹਰਭਜਨ ਸਿੰਘ ਚੀਮਾ ਵਿਧਾਇਕ, ਨਿਰਮਲੇ ਮਹੰਤ ਬਲਵੰਤ ਸਿੰਘ, ਰਘੂਮਣੀ ਜੀ ਉਦਾਸੀਨ ਅਖਾੜਾ ਵੱਡਾ ਅਤੇ ਉਦਾਸੀਨ ਅਖਾੜਾ ਨਵਾਂ ਦੇ ਨੁਮਾਇੰਦਾ ਸ਼ਾਮਿਲ ਹਨ। ਸਬ ਕਮੇਟੀ ਦੇ ਕੋਆਰਡੀਨੇਟਰ ਕਮੇਟੀ ਦੇ ਐਡੀਸ਼ਨਲ ਸਕੱਤਰ ਬਿਜੈ ਸਿੰਘ ਹੋਣਗੇ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਮਾਮਲੇ ਉੱਤੇ ਕੁਝ ਸਿੱਖ ਜਥੇਬੰਦੀਆਂ ਲੰਮੇ ਸਮੇਂ ਤੋਂ ਸਰਗਰਮੀ ਕਰਦੀਆਂ ਆ ਰਹੀਆਂ ਹਨ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ‘ਤੇ ਦੂਰੀ ਹੀ ਬਣਾ ਕੇ ਰੱਖੀ ਜਾ ਰਹੀ ਸੀ। ਦੋਵਾਂ ਕਮੇਟੀਆਂ ਨੇ ਹਾਲ ਵਿੱਚ ਹੀ ਇਸ ਮਾਮਲੇ ‘ਤੇ ਸਰਗਰਮੀ ਸ਼ੁਰੂ ਕੀਤੀ ਹੈ। ਭਾਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਮਾਮਲੇ ਦੀ ਨੁਕਤਾ-ਨਿਗਾਹ ਤੋਂ ਇਸ ਸਰਗਰਮੀ ਨੂੰ ਠੀਕ ਉਪਰਾਲੇ ਵੱਜੋਂ ਵੇਖਿਆ ਜਾ ਰਿਹਾ ਹੈ ਪਰ ਨਾਲ ਹੀ ਇਸ ਗੱਲ ਦੀ ਵੀ ਚਰਚਾ ਹੈ ਕਿ ਜਿੱਥੇ ਦੋਵੇਂ ਕਮੇਟੀਆਂ ਇਸ ਸਰਗਰਮੀ ਨਾਲ ਇਕ ਤਾਂ ਆਪਣੀ ਸਾਖ ਸਿੱਖਾਂ ਵਿੱਚ ਮੁੜ ਬਹਾਲ ਕਰਨ ਦਾ ਯਤਨ ਕਰ ਰਹੀਆਂ ਹਨ ਓਥੇ ਇਸ ਮੁਹਿੰਮ ਦੀ ਸਰਪ੍ਰਸਤੀ ਗਿਆਨੀ ਗੁਰਬਚਨ ਸਿੰਘ ਨੂੰ ਦੇ ਕੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਜਥੇਦਾਰਾਂ ਨੂੰ ਮੁੜ ਖੜ੍ਹਾ ਕਰਨ ਦੇ ਯਤਨ ਵੀ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਸਿੱਖ ਪੰਥ ਨੇ ਅਕਤੂਬਰ 2015 ਵਿੱਚ ਸਿਰਸਾ ਸਾਧ ਨੂੰ ਬਿਨ ਮੰਗਿਆਂ ਮਾਫੀ ਦੇਣ ਕਰਕੇ ਨਕਾਰ ਦਿੱਤਾ ਸੀ।
ਸਬੰਧਤ ਖ਼ਬਰ:
ਗੁ: ਗਿਆਨ ਗੋਦੜੀ ਮੁੜ ਸਥਾਪਨਾ ਮੁੱਦੇ ਤੇ ਗਿਆਨੀ ਗੁਰਬਚਨ ਸਿੰਘ ਵਲੋਂ ਸੱਦੀ ਇੱਕਤਰਤਾ ਦਾ ਸੱਚ (ਰਿਪੋਰਟ) …