Site icon Sikh Siyasat News

ਤਰਨਤਾਰਨ ‘ਚ ਕੱਢਿਆ ਗਿਆ ਗੁਰਬਾਣੀ ਅਦਬ ਸਤਿਕਾਰ ਮਾਰਚ

ਤਰਨ ਤਾਰਨ: ਸਿੱਖ ਨੌਜਵਾਨਾਂ ਦੀ ਜਥੇਬੰਦੀ ਸਿੱਖ ਯੂਥ ਸੇਵਾ ਦਲ ਵਲੋਂ ਤਰਨ ਤਾਰਨ ‘ਚ ਗੁਰਬਾਣੀ ਅਦਬ ਸਤਿਕਾਰ ਮਾਰਚ ਕੱਢਿਆ ਗਿਆ। ਇਸ ਮਾਰਚ ‘ਚ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਨੇ ਵੀ ਹਿੱਸਾ ਲਿਆ। ਦਰਬਾਰ ਸਾਹਿਬ, ਤਰਨਤਾਰਨ ਸਰਾਂ ਤੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ‘ਚ ਆਰੰਭ ਹੋਏ ਗੁਰਬਾਣੀ ਅਦਬ ਸਤਿਕਾਰ ਮਾਰਚ ਦੀ ਅਗਵਾਈ ਸਿੱਖ ਯੂਥ ਸੇਵਾ ਦਲ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਗੋਪਾਲਾ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾੲੀ ਬਲਵੰਤ ਸਿੰਘ ਗੋਪਾਲਾ ਸਮੇਤ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕੀਤੀ।

ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਭਾਈ ਸੁਖਚੈਨ ਸਿੰਘ ਗੋਪਾਲਾ ਨੇ ਕਿਹਾ ਕਿ ਪੰਜਾਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲੰਮੇਂ ਸਮੇਂ ਤੋ ਹੋ ਰਹੀਆਂ ਨਿਰੰਤਰ ਬੇਅਦਬੀਅਾਂ ਨੂੰ ਠੱਲ੍ਹ ਪਾਉਣ ਦੇ ਲਈ ਅਤੇ ਗੁਰਬਾਣੀ ਪੋਥੀਆਂ, ਸੈਂਚੀਆਂ, ਗੁਟਕਿਆਂ ਅਤੇ ਹੋਰ ਧਾਰਮਿਕ ਸਾਹਿਤ ਦਾ ਸਤਿਕਾਰ ਕਿਵੇਂ ਕਰਨਾ ਹੈ ਇਸ ਪ੍ਰਤੀ ਸੰਗਤਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ‘ਚ ਪੈਦਲ ਮਾਰਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਬਿਨਾਂ ਕਿਸੇ ਇਜਾਜ਼ਤ ਤੋਂ ਆਮ ਦੁਕਾਨਾਂ ‘ਤੇ ਗੁਟਕੇ ਪੋਥੀਆਂ ਸੈਂਚੀਆਂ ਦੀ ਬਿਨਾਂ ਅਦਬ ਸਤਿਕਾਰ ਮਰਿਯਾਦਾ ਤੋਂ ਧੜਾਧੜ ਵਿਕਰੀ ਹੋ ਰਹੀ ਹੈ। ਬਿਨਾਂ ਕਿਸੇ ਡਰ ਤੋਂ ਧੁਰ ਕੀ ਗੁਰਬਾਣੀ ਨੂੰ ਲੋਕਾਂ ਨੇ ਬਿਜਨਸ ਬਣਾ ਲਿਆ ਹੈ ਇਸ ਨੂੰ ਬੰਦ ਕਰਵਾਉਣਾ ਅਤਿ ਜ਼ਰੂਰੀ ਹੈ। ਉਹਨਾਂ ਕਿਹਾ ਕਿ ਗੁਰਬਾਣੀ ਬੇਅਦਬੀ ਦਾ ਇਹ ਵੀ ਵੱਡਾ ਕਾਰਨ ਹੈ ਕਿ ਕੁੱਝ ਸ਼ਰਾਰਤੀ ਅਨਸਰ ਦੁਕਾਨਾਂ ਤੋਂ ਪੋਥੀਆਂ ਅਤੇ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਲਿਜਾ ਕੇ ਬੇਅਦਬੀਆਂ ਕਰ ਰਹੇ ਹਨ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸਿੱਖ ਯੂਥ ਸੇਵਾ ਦਲ ਵਲੋਂ ਤਰਨਤਾਰਨ ‘ਚ ਗੁਰਬਾਣੀ ਅਦਬ ਸਤਿਕਾਰ ਮਾਰਚ ਕੱਢਿਆ ਗਿਆ; ਮਾਰਚ ‘ਚ ਸ਼ਾਮਲ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਕਾਰਜਕਰਤਾ

ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਬਹੁਤਾਂਤ ਗਿਣਤੀ ‘ਚ ਲੋਕਾਂ ਨੇ ਘਰਾਂ ‘ਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ ਕੀਤੇ ਹੋਏ ਹਨ ਪਰ ਕੋੲੀ ਨਿਤਨੇਮ ਸਤਿਕਾਰ ਨਹੀਂ ਕੀਤਾ ਜਾ ਰਿਹਾ, ਬਲਕਿ ਕਈਆਂ ਘਰਾਂ ਵਿੱਚ ਤਾਂ ਸੁੱਖ ਅਾਸਨ ਕਰਨ ਲੲੀ ਵੱਖਰੇ ਸਿੰਘਾਸਨ ਦਾ ਵੀ ਪ੍ਰਬੰਧ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਕੁੱਝ ਭੇਖੀ ਸਿੱਖ ਅਤੇ ਸਰਕਾਰੀ ਰਾਜਨੀਤਿਕ ਬੰਦੇ ਸਾਜਿਸ਼ ਤਹਿਤ ਕਬਰਾਂ, ਮੜ੍ਹੀਅਾਂ-ਮਸਾਣਾਂ, ਜਠੇਰਿਅਾਂ, ਮੰਦਰਾਂ, ਜਗਰਾਤਿਅਾਂ ਅਤੇ ਹੋਰ ਸਿੱਖੀ ਸਿਧਾਂਤਾਂ ਦੇ ਵਿਰੋਧੀ ਥਾਂਵਾਂ ‘ਤੇ ਮਹਾਰਾਜ ਸਾਹਿਬ ਦੇ ਸਰੂਪ ਪ੍ਰਕਾਸ਼ ਕਰਵਾਉਂਦੇ ਹਨ, ਜਿਸ ਤਹਿਤ ਕੲੀ ਜਗ੍ਹਾ ‘ਤੇ ਵੱਡੇ ਝਗੜੇ ਵੀ ਹੋ ਚੁੱਕੇ ਹਨ ਇਸ ਨੂੰ ਹੰਭਲਾ ਮਾਰ ਕੇ ਤੁਰੰਤ ਰੋਕਣ ਦੀ ਲੋੜ ਹੈ। ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਗੁਰਬਾਣੀ ਅਤੇ ਇਤਿਹਾਸਕ ਹਵਾਲਿਅਾਂ ਅਨੁਸਾਰ ਸੰਗਤਾਂ ਨੂੰ ਗੁਰਬਾਣੀ ਦੇ ਸਤਿਕਾਰ ਪ੍ਰਤੀ ਜਾਗਰੂਕ ਕੀਤਾ ਕਿ ਸਤਿਗੁਰਾਂ ਦਾ ਹੁਕਮ ਹੈ “ਜਿਨ ਭੈ ਅਦਬ ਨ ਬਾਣੀ ਧਾਰਾ ਜਾਨਹੁ ਸੋ ਸਿਖ ਨਹੀਂ ਹਮਾਰਾ” ਜੋ ਸਿੱਖ ਗੁਰਬਾਣੀ ਭੈ ਕਰੈ ਬਿਨੁ ਪ੍ਰਯਾਸ ਭਵ ਸਾਗਰ ਤਰੈ ” ਅਾਦਿ।

ਉਹਨਾਂ ਕਿਹਾ ਕਿ ਦਸਾਂ ਪਾਤਸ਼ਾਹੀਅਾਂ ਨੇ ਗੁਰਬਾਣੀ ਦਾ ਪੂਰਨ ਸਤਿਕਾਰ ਕੀਤਾ ਅਤੇ ਸਾਡੇ ਸਿੱਖਾਂ ਦਾ ਵੀ ਮੁੱਢਲਾ ਫ਼ਰਜ ਹੈ ਕਿ ਅਸੀਂ ਸਤਿਕਾਰ ‘ਚ ਢਿੱਲ ਨਾ ਕਰੀਏ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਅਾਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਂਵਾ ਦਾ ਫ਼ਰਜ ਬਣਦਾ ਹੈ ਕਿ ਇਹੋ ਜਿਹੇ ਉਪਰਾਲੇ ਵਿੱਢੇ ਜਾਣ ਜਿਸ ਨਾਲ ਗੁਰਬਾਣੀ ਸਤਿਕਾਰ ਪ੍ਰਤੀ ਹਰੇਕ ਸਿੱਖ ਨੂੰ ਜਾਣੂ ਕਰਵਾਇਆ ਜਾਵੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਿੰਨੀ ਸਿੱਖ ਵਾਸਤੇ ਗੁਰਬਾਣੀ ਪੜ੍ਹਨੀ ਜ਼ਰੂਰੀ ਹੈ, ਓਨਾਂ ਹੀ ਇਸ ਧੁਰ ਕੀ ਬਾਣੀ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਮਾਰਚ ‘ਚ ਇਹ ਨਾਅਰਾ ਸੜਕਾਂ ‘ਤੇ ਗੂੰਜਿਆ “ਸਿੱਖੋ ਸੋਚ ਵਿਚਾਰ ਕਰੋ ਗੁਰਬਾਣੀ ਦਾ ਸਤਿਕਾਰ ਕਰੋ।”

ਇਹ ਮਾਰਚ ਬੋਹੜੀ ਚੌਂਕ, ਚਾਰ ਖੰਭਾ ਚੌਂਕ, ਤਹਿਸੀਲ ਚੌਂਕ ਦੇ ਵੱਖ-ਵੱਖ ਪੜਾਵਾਂ ਚ ਗੁਜਰਦਾ ਹੋਇਆਂ ਦਰਬਾਰ ਸਾਹਿਬ, ਤਰਨਤਾਰਨ ਮੇਨ ਗੇਟ ‘ਤੇ ਸਮਾਪਤ ਹੋਇਆ। ਇਸ ਮੌਕੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਮਾਨ, ਗਿਆਨੀ ਗੁਰਕੀਰਤ ਸਿੰਘ ਨਿਹੰਗ ਦਲ ਪੰਥ ਬਾਬਾ ਬਿਧੀ ਚੰਦ, ਜਨਰਲ ਸਕੱਤਰ ਭਾੲੀ ਮੇਜਰ ਸਿੰਘ ਕੰਗ, ਭਾੲੀ ਹਰਪ੍ਰੀਤ ਸਿੰਘ ਟੋਨੀ, ਗਿਅਾਨੀ ਸੁਖਬੀਰ ਸਿੰਘ ਦਮਦਮੀ ਟਕਸਾਲ, ਭਾੲੀ ਸਿਮਰਨਜੀਤ ਸਿੰਘ ਸੰਘਾ, ਸ਼ਹਿਰੀ ਪ੍ਰਧਾਨ ਭਾੲੀ ਗੁਰਦਿਅਾਲ ਸਿੰਘ , ਭਾੲੀ ਜਸਪਾਲ ਸਿੰਘ, ਭਾੲੀ ਨਿਰਭੈ ਸਿੰਘ, ਭਾੲੀ ਅੰਮ੍ਰਿਤਪਾਲ ਸਿੰਘ ਫੇਲੋਕੇ ਅਤੇ ਗੁਰੂਵਾਲੀ ਲਹੁਕਾ ਨੌਰੰਗਾਬਾਦ ਸੰਗਤਪੁਰਾ ਅਾਦਿ ਪਿੰਡਾਂ ਦੀਅਾਂ ਸੰਗਤਾਂ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version