ਕੁਰੂਕਸ਼ੇਤਰ: ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮ੍ਰਿਤਕ ਦੇਹ ਦੇ ਅੰਤਿਮ ਸਸਕਾਰ ਲਈ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਦੀ ਸਥਾਨਕ ਪ੍ਰਸ਼ਾਸਨ ਨਾਲ ਸਹਿਮਤੀ ਹੋ ਗਈ ਹੈ ਅਤੇ ਅੱਜ ਉਨ੍ਹਾਂ ਦੇ ਪਿੰਡ ਠਸਕਾ ਅਲੀ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਬਖਸ਼ ਸਿੰਘ ਖਾਲਸਾ ਨੂੰ ਪਾਣੀ ਦੀ ਟੈਂਕੀ ਤੋਂ ਛਾਲ ਮਾਰਨ ਲਈ ਮਜ਼ਬੂਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਮੰਨੇ ਜਾਣ ਤੋਂ ਬਾਅਦ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਅੰਤਿਮ ਸਸਕਾਰ ਲਈ ਰਾਜ਼ੀ ਹੋ ਗਈਆਂ ਹਨ।
ਭਾਈ ਬਲਜੀਤ ਸਿੰਘ ਦਾਦੂਵਾਲ ਨੇ ਦੱਸਿਆ ਕਿ ਸਰਕਾਰ ਵਲੋਂ ਇਹ ਗੱਲ ਲਿਖਤੀ ਦੇਣ ਤੋਂ ਬਾਅਦ ਕਿ ਕੁਰੂਕਸ਼ੇਤਰ ਦੇ ਐਸ.ਪੀ ਅਭਿਸ਼ੇਕ ਗਰਗ, ਡੀਐਸਪੀ ਧੀਰਜ ਕੁਮਾਰ ਦਾ ਤਬਾਦਲਾ, ਝਾਂਸਾ ਤੇ ਇਸਮਾਈਲਾਬਾਦ ਦੇ ਐਸਐਚਓ ਦੀ ਬਰਖਾਸਤਗੀ ਅਤੇ ਭਾਰਤੀ ਪੈਨਲ ਕੋਡ ਦੀ ਧਾਰਾ 306 ਅਧੀਨ ਦੋਵਾਂ ਖਿਲਾਫ ਐਫ.ਆਈ.ਆਰ ਦਰਜ ਕੀਤੀ ਜਾਵੇਗੀ, ਗੁਰਬਖਸ਼ ਸਿੰਘ ਖਾਲਸਾ ਦਾ ਅੰਤਿਮ ਸਸਕਾਰ ਕਰਨ ਦਾ ਫੈਂਸਲਾ ਕੀਤਾ ਗਿਆ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਅਨੁਸਾਰ ਹਰਿਆਣਾ ਦੀ ਭਾਜਪਾ ਸਰਕਾਰ ਵਿਚ ਅਸਾਂਧ ਹਲਕੇ ਤੋਂ ਐਮ.ਐਲ.ਏ ਅਤੇ ਪਾਰਟੀ ਵਿਚ ਇਕੋ ਇਕ ਸਿੱਖ ਚਿਹਰੇ ਬਖਸ਼ੀਸ਼ ਸਿੰਘ ਵਿਰਕ ਅਤੇ ਕੁਰੂਕਸ਼ੇਤਰ ਦੇ ਡੀਸੀ ਐਸ ਐਸ ਫੂਲੀਆ ਵਲੋਂ ਸਿੱਖ ਨੁਮਾਂਇੰਦਿਆਂ ਨਾਲ ਲਗਾਤਾਰ ਮੁਲਾਕਾਤਾਂ ਤੋਂ ਬਾਅਦ ਇਹ ਫੈਂਸਲਾ ਹੋਇਆ ਹੈ। ਸਰਕਾਰ ਵਲੋਂ ਡੀ.ਸੀ ਨੇ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਦੀ ਘਟਨਾ ਦੀ ਜਾਂਚ ਲਈ ਐਸ.ਡੀ.ਐਮ ਸ਼ਾਹਬਾਦ ਨੂੰ ਮੈਜੀਸਟਰੀਅਲ ਜਾਂਚ ਲਈ ਹੁਕਮ ਜਾਰੀ ਕੀਤੇ ਹਨ।
ਇਸ ਦੌਰਾਨ ਡੀ.ਸੀ ਵਲੋਂ ਇਹ ਵੀ ਯਕੀਨ ਦਵਾਇਆ ਗਿਆ ਕਿ ਸ਼ੁਕਰਵਾਰ ਨੂੰ ਸੰਗਤਾਂ ਦੇ ਇਕੱਠ ਵਿਚ ਸ਼ਾਮਿਲ ਹੋਣ ਲਈ ਆ ਰਹੇ ਜਿਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਨ੍ਹਾਂ ਨੂੰ ਛੇਤੀ ਹੀ ਰਿਹਾਅ ਕਰ ਦਿੱਤਾ ਜਾਵੇਗਾ।
ਜਦੋਂ ਇਹ ਐਲਾਨ ਕੀਤੇ ਗਏ ਉਸ ਸਮੇਂ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਯੂਨਾਈਟਿਡ ਅਕਾਲੀ ਦਲ ਦੇ ਹੋਰ ਆਗੂ ਵੀ ਮੌਕੇ ‘ਤੇ ਮੋਜੂਦ ਸਨ।
ਸਿੱਖ ਸਿਆਸਤ ਨਿਊਜ਼ ਨਾਲ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਪ੍ਰੋ. ਮਹਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਫੈਂਸਲੇ ਨਾਲ ਸੰਤੁਸ਼ਟ ਨਹੀਂ ਹੈ ਕਿਉਂ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰ ਉਨ੍ਹਾਂ ਕਿਹਾ ਕਿ ਪਰਿਵਾਰ ਅਤੇ ਹੋਰ ਆਗੂਆਂ ਵਲੋਂ ਲਏ ਗਏ ਸਮੂਹਿਕ ਫੈਂਸਲੇ ਦਾ ਉਹ ਵਿਰੋਧ ਨਹੀਂ ਕਰਨਗੇ।
ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਦੀ ਘਟਨਾ ਬਾਰੇ ਚਸ਼ਮਦੀਦਾਂ ਦੇ ਬਿਆਨ ਸੁਣੋ: