Site icon Sikh Siyasat News

ਧਾਰਾ 306 ਅਧੀਨ ਪਰਚਾ ਦਰਜ ਕਰਨ ਦਾ ਭਰੋਸਾ, ਗੁਰਬਖਸ਼ ਸਿੰਘ ਖਾਲਸਾ ਦਾ ਅੱਜ ਹੀ ਹੋਵੇਗਾ ਅੰਤਿਮ ਸੰਸਕਾਰ

ਪਿੰਡ ਠਸਕਾ ਅਲੀ ਵਿਖੇ ਧਰਨੇ 'ਤੇ ਲੋਕਾਂ ਦਾ ਇਕੱਠ

ਕੁਰੂਕਸ਼ੇਤਰ: ਗੁਰਬਖਸ਼ ਸਿੰਘ ਖਾਲਸਾ ਦੇ ਪਿੰਢ ਠਸਕਾ ਅਲੀ ਤੋਂ ਪ੍ਰਾਪਤ ਹੋਈ ਤਾਜ਼ਾ ਜਾਣਕਾਰੀ ਅਨੁਸਾਰ ਪਿੰਡ ਨਾਲ ਲਗਦੀ ਸੜਕ ‘ਤੇ ਸਿੱਖ ਜਥੇਬੰਦੀਆਂ ਵਲੋਂ ਲਾਇਆ ਗਿਆ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ ਅਤੇ ਹੁਣ ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਹੈ। ਕੁਝ ਦੇਰ ਤਕ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ੍ਹੇ ਗੁਰਬਖਸ਼ ਸਿੰਘ ਨੂੰ ਛਾਲ ਮਾਰਨ ਲਈ ਕੁਝ ਪੁਲਿਸ ਮੁਲਾਜ਼ਮਾਂ ਨੂੰ ਜਿੰਮੇਵਾਰ ਦਸਦਿਆਂ ਸਿੱਖ ਜਥੇਬੰਦੀਆਂ ਵਲੋਂ ਉਪਰੋਕਤ ਮੁਲਾਜ਼ਮਾਂ ਖਿਲਾਫ ਐਫ.ਆਈ.ਆਰ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਜਥੇਬੰਦੀਆਂ, ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਦਰਮਿਆਨ ਇਸ ਗੱਲ ‘ਤੇ ਸਮਝੌਤਾ ਹੋਇਆ ਹੈ ਕਿ ਉਪਰੋਕਤ ਮਾਮਲੇ ਵਿਚ ਧਾਰਾ 306 (ਆਤਮਹੱਤਿਆ ਲਈ ਉਕਸਾਉਣਾ) ਅਧੀਨ ਪਰਚਾ ਦਰਜ ਕੀਤਾ ਜਾਵੇਗਾ, ਪਰ ਫਿਲਹਾਲ ਮੁੱਢਲੇ ਤੌਰ ‘ਤੇ ਕਿਸੇ ਮੁਲਾਜ਼ਮ ਦਾ ਨਾਂ ਇਸ ਵਿਚ ਸ਼ਾਮਿਲ ਨਹੀਂ ਕੀਤਾ ਜਾਵੇਗਾ ਅਤੇ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਲਈ ਤਿਆਰ ਹੋ ਗਈਆਂ ਹਨ।

ਜਿਕਰਯੋਗ ਹੈ ਕਿ ਬੀਤੇ ਕੱਲ੍ਹ ਹੋਈ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਅੱਜ ਪਿੰਡ ਠਸਕਾ ਅਲੀ ਵਿਚ ਸਥਿਤੀ ਗੰਭੀਰ ਬਣੀ ਹੋਈ ਸੀ। ਜਿੱਥੇ ਸਥਾਨਕ ਪ੍ਰਸ਼ਾਸਨ ਗੁਰਬਖਸ਼ ਸਿੰਘ ਖਾਲਸਾ ਦਾ ਸੰਸਕਾਰ ਕਰਨ ਲਈ ਜ਼ੋਰ ਪਾ ਰਿਹਾ ਹੈ ਉੱਥੇ ਮੌਕੇ ‘ਤੇ ਪਹੁੰਚੀਆਂ ਸਿੱਖ ਸੰਗਤਾਂ ਅਤੇ ਪਰਿਵਾਰ ਮੰਗ ਕਰ ਰਿਹਾ ਹੈ ਕਿ ਗਰਬਖਸ਼ ਸਿੰਘ ਖਾਲਸਾ ਦੇ ਛਾਲ ਮਾਰਨ ਸਮੇਂ ਮੌਕੇ ‘ਤੇ ਮੋਜੂਦ ਪੁਲਿਸ ਮੁਲਾਜ਼ਮਾਂ ਖਿਲਾਫ ਪਰਚਾ ਦਰਜ ਕੀਤਾ ਜਾਵੇ।

ਤਾਜ਼ਾ ਜਾਣਕਾਰੀ: ਪੁਲਿਸ ਨੇ ਐਫ.ਆਈ.ਆਰ ਵਿਚ ਧਾਰਾ 306 ਦਰਜ ਕਰਨ ਤੋਂ ਕੀਤਾ ਇਨਕਾਰ, ਸਿੱਖ ਜਥੇਬੰਦੀਆਂ ਨੇ ਅੰਤਿਮ ਸੰਸਕਾਰ ਰੋਕਿਆ

ਇਸ ਦੌਰਾਨ ਸਿੱਖ ਸਿਆਸਤ ਨੂੰ ਰਾਤ 9.30 ਵਜੇ ਪ੍ਰਾਪਤ ਹੋਈ ਤਾਜ਼ਾ ਜਾਣਕਾਰੀ ਅਨੁਸਾਰ ਪੁਲਿਸ ਨੇ ਐਫ.ਆਈ.ਆਰ ਵਿਚ ਧਾਰਾ 306 ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਸਿੱਖ ਜਥੇਬੰਦੀਆਂ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਅੰਤਿਮ ਸੰਸਕਾਰ ਕਰਨ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਜਥੇਬੰਦੀਆਂ ਅਤੇ ਨੁਮਾਂਇੰਦਿਆਂ ਵਿਚ ਗੱਲਬਾਤ ਜਾਰੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version