January 16, 2015 | By ਸਿੱਖ ਸਿਆਸਤ ਬਿਊਰੋ
ਤਲਵੰਡੀ ਸਾਬੋ (15 ਜਨਵਰੀ, 2015): ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ 17 ਜਨਵਰੀ ਨੂੰ ਹੋ ਰਹੀ ਮੀਟਿੰਗ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਉਣ ਦੀਆਂ ਸੰਭਾਵਨਾਵਾ ਅਤੇ ਹੋਰ ਪੰਥ ਦੇ ਭੱਖਦੇ ਮੁੱਦਿਆਂ ਤੇ ਵਿਚਾਰ ਕਰਨ ਅਤੇ ਅਗਲੀ ਰਣਨੀਤੀ ਘੜਨ ਲਈ ਨਾਨਕਸ਼ਾਹੀ ਕੈਲੰਡਰ ਅਤੇ ਗਿਆਨੀ ਨੰਦਗੜ੍ਹ ਦੀਆਂ ਹਮਾਇਤੀ ਪੰਥਕ ਧਿਰਾਂ ਦੀ ਇੱਕ ਮੀਟਿੰਗ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਰਿਹਾਇਸ਼ ‘ਤੇ ਹੋਈ।
ਵੱਖ-ਵੱਖ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਨਾਨਕਸ਼ਾਹੀ ਕੈਲੰਡਰ ਦੀ ਹੋਂਦ ਬਚਾਉਣ ਲਈ ਆਵਾਜ਼ ਬੁਲੰਦ ਕਰ ਰਹੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ ਪੰਥਕ ਧਿਰਾਂ ਇਸਨੂੰ ਕਦੇ ਵੀ ਪ੍ਰਵਾਨ ਨਹੀਂ ਕਰਨਗੀਆਂ।
ਇਸ ਮੌਕੇ ਸੰਬੋਧਨ ਕਰਦਿਆਂ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸਰਕਾਰ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਜਥੇਦਾਰ ਨੰਦਗੜ੍ਹ ਨੂੰ ਅਹੁਦੇ ਤੋਂ ਹਟਾਉਣਾ ਚਾਹੁੰਦੀ ਹੈ ਪ੍ਰੰਤੁ ਸਿੱਖ ਸੰਗਤ ਅਜਿਹਾ ਨਹੀਂ ਹੋਣ ਦੇਵੇਗੀ।
ਇਸ ਮੌਕੇ ਏਕਨੂਰ ਖਾਲਸਾ ਫੌਜ ਦੇ ਬਲਜਿੰਦਰ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਗੁਰਿੰਦਰਪਾਲ ਸਿੰਘ ਧਨੌਲਾ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।
ਇਸ ਮੀਟਿੰਗ ਵਿੱਚ ਪਰਮਿੰਦਰ ਸਿੰਘ ਬਲਿਆਂਵਾਲੀ ਜ਼ਿਲ੍ਹਾ ਪ੍ਰਧਾਨ, ਭਾਈ ਮਹਿੰਦਰ ਸਿੰਘ ਖਾਲਸਾ, ਪ੍ਰਿੰਸੀਪਲ ਚਮਕੌਰ ਸਿੰਘ, ਏਕਨੁਰ ਖਾਲਸਾ ਫੌਜ ਦੇ ਬਲਜੀਤ ਸਿੰਘ ਗੰਗਾ, ਗੁਰਿੰਦਰਪਾਲ ਸਿੰਘ ਧਨੌਲਾ, ਗਿਆਨੀ ਜਗਤਾਰ ਸਿੰਘ ਜਾਚਕ, ਸੁਰਜੀਤ ਸਿੰਘ ਨੰਦਗੜ੍ਹ ਅਕਾਲੀ ਦਲ(1920), ਸੁਖਦੇਵ ਸਿੰਘ ਕਿੰਗਰਾ ਪ੍ਰਧਾਨ, ਬਾਬੂ ਸਿੰਘ ਮੋਰਜੰਡ, ਸਰਵਣ ਸਿੰਘ ਰਤੀਆ, ਮਹਿੰਦਰ ਸਿੰਘ ਝੱਬਰ ਤੇ ਹਰਪਾਲ ਸਿੰਘ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਦੇ ਆਗੂ ਤੇ ਨੁਮਾਇੰਦੇ ਮੌਜੂਦ ਸਨ।
Related Topics: Bhai Panthpreet Singh Khalsa, Jathedar Balwant Singh Nandgarh, Nanakshahi Calendar, Shiromani Gurdwara Parbandhak Committee (SGPC)