ਚੰਡੀਗੜ੍ਹ (13 ਮਾਰਚ, 2016): ਦੇਸ਼ ਵਿੱਦੇਸ਼ ਵਿੱਚ ਵੱਸਦੀ ਸਿੱਖ ਨੂੰ ਕੌਮ ਨੂੰ ਦਰਪੇਸ਼ ਅੰਦਰੂਨੀ ਅਤੇ ਬਾਹਰੂਨੀ ਮਸਲਿਆਂ ਨੂੰ ਹੱਲ ਕਰਵਾਉਣ ਲਈ ਗਲੋਬਲ ਸਿੱਖ ਕੌਸਲ ਵਿਸ਼ੇਸ਼ ਯਤਨ ਕਰੇਗੀ। ਗਲੋਬਲ ਸਿੱਖ ਕੌਸਲ ਦੀ ਇੱਥੇ ਹੋਈ ਮੀਟਿੰਗ ਵਿਚ ਕੌਂਸਲ ਦੇ ਪ੍ਰਧਾਨ ਸ. ਗੁਲਬਰਗ ਸਿੰਘ ਬਾਸੀ, ਕਾਰਜਕਾਰੀ ਮੈਂਬਰ ਸ. ਕ੍ਰਿਪਾਲ ਸਿੰਘ ਨਿੱਝਰ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਸ. ਖੁਸ਼ਹਾਲ ਸਿੰਘ ਨੇ ਅੱਜ ਇੱਥੇ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਸਿੱਖਾਂ ਨੂੰ ਸੰਸਾਰ ਪੱਧਰ ‘ਤੇ ਆ ਰਹੀਆਂ ਮੁਸ਼ਕਲਾਂ ਅਤੇ ਸਿੱਖ ਕੌਮ ਦੇ ਅੰਦਰੂਨੀ ਮਾਮਲਿਆਂ ਨੂੰ ਸਿੱਖ ਜੱਥੇਬੰਦੀਆਂ ਅਤੇ ਪੰਥਕ ਸ਼ਖਸ਼ੀਅਤਾਂ ਦੇ ਸਹਿਯੋਗ ਨਾਲ ਹੱਲ ਕਰਨ ਦੇ ਯਤਨ ਕੀਤੇ ਜਾਣਗੇ।
ਸੰਸਥਾ ਚਾਹੁੰਦੀ ਹੈ ਕਿ ਦੇਸ਼ਾਂ-ਵਿਦੇਸ਼ਾਂ ‘ਚ ਸਿੱਖਾਂ ਨੂੰ ਹਵਾਈ ਅਤੇ ਸੜਕੀ ਸਫ਼ਰ ਦੌਰਾਨ ਜੋ ਮੁਸ਼ਕਿਲਾਂ ਝੱਲਣੀਆਂ ਪੈਂਦੀਆਂ ਹਨ, ਉਸ ਲਈ ਇਕ ਵਿਸ਼ੇਸ਼ ਹੈਲਪਲਾਈਨ ਦੀ ਸ਼ੁਰੂਆਤ ਹੋਵੇ, ਤਾਂਕਿ ਕੋਈ ਵੀ ਸਮੱਸਿਆ ਪੇਸ਼ ਆਉਣ ‘ਤੇ ਸਿੱਖ ਉਸ ਹੈਲਪਲਾਈਨ ‘ਤੇ ਫੋਨ ਕਰਕੇ ਮਦਦ ਹਾਸਿਲ ਕਰ ਸਕਣ ।
ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਅਜਿਹੀ ਹੈਲਪਲਾਈਨ/ ਪ੍ਰਣਾਲੀ ਸ਼ੁਰੂ ਕਰਨ ਦੀ ਯੋਜਨਾ ਹੈ, ਇਸ ਲਈ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਨੁਮਾਇੰਦਿਆਂ/ਅਧਿਕਾਰੀਆਂ ਨਾਲ ਰਾਬਤਾ ਬਣਾਇਆ ਜਾਵੇਗਾ ।
ਸ. ਬਾਸੀ ਨੇ ਕਿਹਾ ਕਿ ਵਿਦੇਸ਼ਾਂ ‘ਚ ਇੱਥੋਂ ਪ੍ਰਚਾਰ ਲਈ ਜਾਂਦੇ ਪ੍ਰਚਾਰਕਾਂ ਅੱਗੇ ਵੱਡੀ ਸਮੱਸਿਆ ਇਹ ਹੈ ਕਿ ਉਹ ਉੱਥੋਂ ਦੀ ਜ਼ੁਬਾਨ ‘ਚ ਆਪਣੀ ਗੱਲ ਨੌਜਵਾਨਾਂ ਨੂੰ ਸਮਝਾਉਣ ‘ਚ ਅਸਮਰੱਥ ਹੁੰਦੇ ਹਨ, ਇਸ ਲਈ ਸੰਸਥਾ ਵੱਲੋਂ ਪ੍ਰਚਾਰਕਾਂ ਨੂੰ ਪੰਜਾਬੀ, ਅੰਗ੍ਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਸਿੱਖਾਉਣ ਲਈ ਵੀ ਯਤਨ ਕੀਤੇ ਜਾਣਗੇ ।ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਅਕਾਦਮਿਕ ਪੜ੍ਹਾਈ ਵਾਂਗ ਗੁਰਮਤਿ ਕੋਰਸ ਅਰੰਭੇ ਜਾਣਗੇ, ਜਿਨ੍ਹਾਂ ਦਾ ਪਾਠਕ੍ਰਮ ਬਾਕਾਇਦਾ ਮਡਿਊਲ ਸਿਸਟਮ ਵਾਂਗ ਹੋਵੇਗਾ ।ਇਸਦੇ ਨਾਲ ਨਾਲ ਕੌਸਲ, ਨਾਨਕਸ਼ਾਹੀ ਕੈਲੰਡਰ ਵਰਗੇ ਸਿਧਾਂਤਕ ਮਸਲਿਆਂ ਲਈ ਵੀ ਦੇਸ਼-ਵਿਦੇਸ਼ ਦੇ ਸਿੱਖ ਆਗੂਆਂ ਨਾਲ ਮਿਲ ਕੇ ਅਜਿਹੇ ਮਸਲੇ ਹੱਲ ਕਰਵਾਇਗੀ । ਸਿੱਖ ਆਗੂਆਂ ਨੇ ਜਥੇਦਾਰਾਂ ਦੇ ਫ਼ੈਸਲੇ ਸਿਆਸਤ ਤੋਂ ਪ੍ਰੇਰਿਤ ਹੋਣ ਦੇ ਦੋਸ਼ ਵੀ ਲਾਏ ।
ਆਗੂਆਂ ਨੇ ਦੱਸਿਆ ਕਿ ਅਖੰਡ ਕੀਰਤਨੀ ਜਥੇ ਦੇ ਆਰ.ਪੀ. ਸਿੰਘ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੀਦਾਰ ਸਿੰਘ ਨਲਵੀ, ਮੱਧ ਪ੍ਰਦੇਸ਼ ਛੱਤੀਸਗੜ੍ਹ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜੀਵਨਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਸਿੱਖ ਮਿਸ਼ਨਰੀ ਕਾਲਜ, ਚੌਤਾ (ਰੋਪੜ) ਦੇ ਮਨਿੰਦਰ ਸਿੰਘ, ਸੰਸਾਰ ਸਿੱਖ ਸੰਗਠਨ ਦੇ ਜਨਰਲ ਕਰਤਾਰ ਸਿੰਘ ਗਿੱਲ, ਦਲ ਖ਼ਾਲਸਾ ਦੇ ਸਤਿਨਾਮ ਸਿੰਘ ਪਾਉਂਟਾ ਸਾਹਿਬ, ਗੁਰਮਤਿ ਪ੍ਰਚਾਰ ਟਰੱਸਟ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਦੇ ਮਹਿੰਦਰ ਸਿੰਘ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਬੀਰ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੀ ਕਾਰਜਕਾਰਣੀ ਦੇ ਮੈਂਬਰ ਸ. ਗੁਰਪ੍ਰੀਤ ਸਿੰਘ, ਸ. ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਬੀਰ ਸਿੰਘ ਮਚਾਕੀ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਹਰਪਾਲ ਸਿੰਘ ਚੀਮਾ, ਸ੍ਰੀ ਗੁਰੂ ਸਿੰਘ ਸਭਾ ਸ਼ਿਮਲਾ ਦੇ ਗੁਰਸਾਗਰ ਸਿੰਘ, ਪੰਜਾਬ ਡਿਜ਼ੀਟਲ ਲਾਇਬ੍ਰੇਰੀ ਦੇ ਸ. ਦਵਿੰਦਰਪਾਲ ਸਿੰਘ, ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਰਾਜਿੰਦਰ ਸਿੰਘ ਖ਼ਾਲਸਾ, ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਦੇ ਡਾ. ਬੀਰਇੰਦਰਾ ਕੌਰ, ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ ਦੇ ਹਰਪਾਲ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਸੰਧੂ ਸਮੇਤ ਹੋਰ ਦਰਜਨਾਂ ਸਿੱਖ ਸੰਸਥਾਂਵਾਂ ਦੇ ਪ੍ਰਤੀਨਿਧਾਂ ਦੀ ਸਰਬ ਸਾਂਝੀ ਰਾਇ ਨਾਲ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਲਈ ਕੌਾਸਲ ਦੇ ਮੈਂਬਰ ਨਾਮਜ਼ਦ ਕੀਤਾ ਗਿਆ ।