Site icon Sikh Siyasat News

ਪੰਥ ਦੇ ਸਿਰਮੌਰ ਲਿਖਾਰੀ ਗਿਆਨੀ ਬਿਸ਼ਨ ਸਿੰਘ ਜੀ

ਗਿਆਨੀ ਬਿਸ਼ਨ ਸਿੰਘ ਜੀ ਪੰਥ ਦੇ ਸਿਰਮੌਰ ਲਿਖਾਰੀ ਹੋਏ ਹਨ, ਜਿਹਨਾਂ 30 ਤੋਂ ਉੱਪਰ ਵੱਖ-ਵੱਖ ਵਿਸ਼ਿਆਂ ਤੇ ਕਿਤਾਬਾਂ ਲਿਖੀਆਂ। ਗਿਆਨੀ ਬਿਸ਼ਨ ਸਿੰਘ ਜੀ ਨੇ ਮੋਰਚਾ ਗੁਰੂ ਕਾ ਬਾਗ ਅੱਖੀਂ ਦੇਖਿਆ। ਪਰਿਵਾਰ ਮੁਤਾਬਿਕ ਉਹ ਰੋਜਾਨਾ ਆਪਣੇ ਵਿਦਿਆਰਥੀਆਂ ਨਾਲ ਮੋਰਚੇ ਵੱਲ ਜਾਂਦੇ ਰਸਤਿਆਂ ਵੱਲ ਜਾਇਆ ਕਰਦੇ ਅਤੇ ਇਤਿਹਾਸ ਦੇ ਇਸ ਵੱਡੇ ਸੰਘਰਸ਼ ਨੂੰ ਕਲਮਬੰਦ ਕਰਿਆ ਕਰਦੇ। ਇਹਨਾਂ ਦੇ ਮਿਹਨਤ ਦਾ ਨਤੀਜਾ ਹੀ ਸੀ ਕਿ ਉਹਨਾਂ ਆਪਣੇ ਵਿਦਿਆਰਥੀਆਂ ਨਾਲ ਮਿਲ ਕਿ ੧੯੨੨ ਨੂੰ ਹੀ “ਤਵਾਰੀਖ਼ ਗੁਰੂ ਕਾ ਬਾਗ” ਮਹੱਤਵਪੂਰਣ ਕਿਤਾਬ ਲਿਖੀ। ਇਸੇ ਕਿਤਾਬ ਦੀ ਇਕ ਅਹਿਮ ਅੱਖੀਂ ਡਿੱਠੀ ਸਾਖੀ ਪੇਸ਼ ਕਰਦੇ ਹਨ। ਜਿਸ ‘ਚ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਦ੍ਰਿਸ਼ ਪੇਸ਼ ਕਰਦੇ ਹਨ, ਕਿ ਇਕ ਬਜ਼ੁਰਗ ਜਿਸ ਦੀ ਉਮਰ ੯੭ ਕੁ ਸਾਲ ਸੀ, ਉਹ ਵੀ ਮੋਰਚੇ ਵਿੱਚ ਸ਼ਾਮਲ ਹੋਇਆ ਤਾਂ ਸਿੰਘਾਂ ਨੇ ਉਸ ਬਜ਼ੁਰਗ ਨੂੰ ਪੁੱਛਿਆ ਕਿ ਬਾਬਾ ਤੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਨਿਹਾਰਿਆ ਏ ਸਾਨੂੰ ਵੀ ਮਹਾਰਾਜੇ ਦੇ ਰਾਜ ਦੀ ਕੋਈ ਗੱਲ ਸੁਣਾ ਕਿ ਕਿਵੇਂ ਦਾ ਉਹਦਾ ਰਾਜ ਸੀ!

ਗਿਆਨੀ ਬਿਸ਼ਨ ਸਿੰਘ ਜੀ

ਮਹਾਰਾਜੇ ਦੇ ਰਾਜ ਦਾ ਸਾਰਾ ਬਿਰਤਾਂਤ ਖੂਬਸੂਰਤ ਅੰਦਾਜ਼ ਵਿਚ ਦੱਸਦਾ ਹੈ ਕਿ ਉਸ ਸਮੇਂ ਦੇ ਸਿੰਘ ਕਿੰਨਾ ਬਾਣੀ ਨਾਲ ਜੁੜੇ ਹੋਏ ਸਨ, ਕਿੰਨੀਆਂ ਉਚੀਆਂ ਉਹਨਾਂ ਦੀਆਂ ਰੂਹਾਂ ਸਨ ਤੇ ਕਿੱਡੇ ਉਚ ਕਿਰਦਾਰ ਦੇ ਮਾਲਕ ਸਨ…

ਬਾਬਾ ਰਾਜ ਸਿਖਾਂ ਦਾ ਤੂੰ ਨਿਹਾਰਿਆ,
ਉਨ ਕਿਹਾ ਮੈਂ ਡਿਠਾ ਅਗੋਂ ਉਚਾਰਿਆ।
ਉਹ ਵੀ ਡਿਠਾ ਮੈਂ ਜੋ ਰਾਜ ਵਾਲਾ ਜ਼ੋਰ ਸੀ, ਉਹ ਵੀ ਡਿਠਾ ਜਦੋਂ ਹੋਇਆ ਕਮਜ਼ੋਰ ਸੀ।
ਸਭੋ ਕੁਛ ਰਿਹਾ ਮੈਂ ਅੱਖੀਂ ਨਿਹਾਰਦਾ,
ਸੁਣਿਓ ਸੁਨੇਹੜਾ ਮੇਰਾ ਜਾਂਦੀ ਵਾਰ ਦਾ।
ਏਨੀ ਸੁਣ ਹੋਯਾ ਮੈਂ ਅੱਗੇ ਦੇ ਵਲ ਜੀ,
ਬਾਬਾ ਦਸ ਉਸ ਵੇਲੇ ਕੀਕੂੰ ਗਲ ਜੀ।
ਬਾਬੇ ਕਿਹਾ ਸਿਖਾਂ ਦਾ ਜਾਂ ਰਾਜ ਆਮ ਸੀ, ਪੜਦੇ ਸੀ ਬਾਣੀ ਉਹ ਸਵੇਰੇ ਸ਼ਾਮ ਜੀ।
ਕਰਦੇ ਸੀ ਬੰਦਗੀ ਤੇ ਸੱਚ ਬੋਲਦੇ,
ਸੁਫਨੇ ਦੇ ਵਿਚ ਵੀ ਨਾ ਝੂਠ ਤੋਲਦੇ।
ਸਭਨਾਂ ਖਿਆਲ ਸੀਗਾ ਚੰਗੀਕਾਰ ਦਾ, ਸੁਣਿਓ ਸੁਨੇਹੜਾ ਮੇਰਾ ਜਾਂਦੀ ਵਾਰ ਦਾ। ਸਭਨਾਂ ਦਾ ਆਪੋ ਵਿਚਦੀ ਮਿਲਾਪ ਸੀ,
ਹਥਾਂ ਨਾਲ ਕਦੇ ਨਾ ਕਰੇਂਦੇ ਪਾਪ ਸੀ।
ਇਉਂ ਮਿਲ ਰਹਿੰਦੇ ਜੀਕੂੰ ਇਕੋ ਬਾਪ ਦੇ,
ਦਿਨੇ ਰਾਤ ਗੁਰੂ ਤਾਈਂ ਰਹਿੰਦੇ ਜਾਪਦੇ।
ਜਦੋਂ ਰਾਜ ਗਿਆ ਸੀ ਸੁਣੀ ਪਿਆਰਿਆ, ਸਾਰਿਆਂ ਨੇ ਗੁਰੂ ਤਾਈਂ ਸੀ ਵਿਸਾਰਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version