Site icon Sikh Siyasat News

‘ਨਸ਼ੇ ਦਾ ਦੈਂਤ’ ਹੁਣ ਆਪਣੇ ਰਚਣਹਾਰ ਅਕਾਲੀ ਦਲ ਨੂੰ ਨਿਗਲਣ ਲਈ ਤਿਆਰ- ਛੋਟੇਪੁਰ

ਚੰਡੀਗੜ: ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅੱਜ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੁਆਰਾ ਪੈਦਾ ਕੀਤਾ ਗਿਆ, ਨਸ਼ੇ ਦਾ ਦੈਂਤ ਹੁਣ ਆਪਣੇ ਰਚਨਹਾਰ ਨੂੰ ਨਿਗਲਣ ਲਈ ਤਿਆਰ ਬਰ ਤਿਆਰ ਹੈ। ਛੋਟੇਪੁਰ ਨੇ ਪੁਛਿਆ ਕਿ ਜੇਕਰ ਈਡੀ ਦੁਆਰਾ ਨਸ਼ੇ ਦਾ ਮਾਮਲੇ ਵਿਚ ਮੰਤਰੀ ਸਵਰਣ ਸਿੰਘ ਫਿਲੌਰ ਦੇ ਪੁੱਤਰ ਦਾ ਨਾਮ ਨਸ਼ਰ ਕਰਨ ਤੋਂ ਬਾਅਦ ਉਸ ਤੋਂ ਅਸਤੀਫਾ ਲਿਆ ਜਾ ਸਕਦਾ ਹੈ ਤਾਂ ਉਸੇ ਸਰਕਾਰ ਵਿਚ ਮੰਤਰੀ ਬਿਕਰਮ ਮਜੀਠੀਆ ਅਤੇ ਮੁੱਖ ਪਾਰਲੀਮੈਂਟਰੀ ਸਕੱਤਰ ਅਵਿਨਾਸ਼ ਚੰਦਰ ਨੂੰ ਉਸੇ ਤਰ੍ਹਾਂ ਦੇ ਦੋਸ਼ਾਂ ਲਈ ਸਰਕਾਰ ਤੋਂ ਚਲਦਾ ਕਿਉਂ ਨਹੀਂ ਕੀਤਾ ਗਿਆ।

‘ਆਪ’ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਸੰਬੋਧਨ ਕਰਦੇ ਹੋਏ (ਫਾਈਲ ਫੋਟੋ)

ਛੋਟੇਪੁਰ ਨੇ ਕਿਹਾ, ”ਸਾਬਕਾ ਜੇਲ ਮੰਤਰੀ ਸਵਰਣ ਸਿੰਘ ਫਿਲੌਰ ਦੇ ਪੁੱਤਰ ਦਮਨਵੀਰ ਸਿੰਘ ਫਿਲੌਰ ਦੁਆਰਾ ਨਸ਼ੇ ਦੇ ਮਾਮਲੇ ਵਿਚ ਈਡੀ ਦੁਆਰਾ ਸੰਮਨ ਕੀਤੇ ਜਾਣ ਤੋਂ ਬਾਅਦ ਮੁੱਖ ਪਾਰਲੀਮੈਂਟਰੀ ਸਕੱਤਰ ਅਵਿਨਾਸ਼ ਚੰਦਰ ਦੇ ਅਸਤੀਫੇ ਦੀ ਮੰਗ ਕੀਤਾ ਜਾਣਾ ਕਿਸੇ ‘ਗਿਰੋਹ ਦੀ ਲੜਾਈ’ ਵਾਂਗ ਪ੍ਰਤੀਤ ਹੁੰਦਾ ਹੈ, ਜਿਸ ਵਿਚ ਗਿਰੋਹ ਦੇ ਇਕ ਮੈਂਬਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਜਦਕਿ ਦੂਜੇ ਮੈਂਬਰ (ਅਵਿਨਾਸ਼) ਅਤੇ ਉਨ੍ਹਾਂ ਦਾ ਸਰਗਨਾ (ਮਜੀਠੀਆ) ਅਜੇ ਕੰਮ ਕਰ ਰਹੇ ਹੁੰਦੇ ਹਨ।”

ਛੋਟੇਪੁਰ ਨੇ ਕਿਹਾ ਕਿ ਪੰਜਾਬ ਭਰ ਵਿਚ ਅਨੇਕਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਹੁਣ ਨਸ਼ੇ ਦਾ ਇਹ ਦੈਂਤ ਆਪਣੇ ਮਾਲਕ ਵੱਲ ਵੱਧ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਅਕਾਲੀ ਆਗੂਆਂ ਦੁਆਰਾ ਮਜੀਠੀਏ ਦੇ ਅਸਤੀਫੇ ਦੀ ਮੰਗ ਕੀਤੀ ਜਾਵੇਗੀ। ਦਮਨਵੀਰ ਫਿਲੌਰ ਵਾਂਗ ਮਜੀਠੀਏ ਨੂੰ ਇਨਫੌਰਸਮੈਂਟ ਡਾਇਰੈਕਟੋਰੇਟ ਦੁਆਰਾ ਨਸ਼ਿਆਂ ਦਾ ਮਾਮਲੇ ਵਿਚ ਸ਼ਮੂਲਿਅਤ ਹੋਣ ਕਾਰਨ ਜਾਂਚ ਲਈ ਬੁਲਇਆ ਸੀ।

ਦਮਨਵੀਰ ਫਿਲੌਰ ਦੁਆਰਾ ਅਵੀਨਾਸ਼ ਚੰਦਰ ਦੇ ਅਸਤੀਫੇ ਦੀ ਮੰਗ ਇਸਦਾ ਇਕ ਸੰਕੇਤ

ਜੇਕਰ ਫਿਲੌਰ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਮਜੀਠੀਏ ਅਤੇ ਅਵੀਨਾਸ਼ ਚੰਦਰ ਨੂੰ ਕਿਉਂ ਨਹੀਂ-ਆਪ

ਛੋਟੇਪੁਰ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਅਤੇ ਨਸ਼ੇ ਦੇ ਮਾਮਲੇ ਵਿਚ ਗ੍ਰਿਫਤਾਰ ਜਗਦੀਸ਼ ਭੋਲਾ ਨੇ ਫਰਵਰੀ ਵਿਚ ਈਡੀ ਦੁਆਰਾ ਪੁਛਗਿਛ ਦੌਰਾਨ ਜੇਲ ਮੰਤਰੀ ਸਵਰਣ ਸਿੰਘ ਫਿਲੌਰ ਦੇ ਪੁੱਤਰ ਦਮਨਵੀਰ ਦਾ ਨਾਮ ਲਿਆ ਸੀ। ਭੋਲੇ ਦੇ ਖੁਲਾਸੇ ਅਨੁਸਾਰ ਦਮਨਵੀਰ ਨਸ਼ੇ ਦੇ ਵਪਾਰ ਵਿਚ ਸ਼ਾਮਲ ਰਿਹਾ ਹੈ ਅਤੇ ਉਸਨੇ ਹੀ ਦਿੱਲੀ ਦੇ ਨਸ਼ੇ ਦੇ ਵਪਾਰੀ ਵਰਿੰਦਰ ਰਾਜਾ ਨੂੰ ਗੁਰਾਇਆ ਦੇ ਇਕ ਵਪਾਰੀ ਚੁੰਨੀ ਲਾਲ ਗਾਬਾ ਜਿਸਦੀ ਕਿ ਬੱਦੀ ਵਿਚ ਦਵਾਈਆਂ ਦੀ ਫੈਕਟਰੀ ਹੈ ਨਾਲ ਮਿਲਾਇਆ ਸੀ। ਇਸੇ ਕਾਰਨ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਿਨਾ ਕਿਸੇ ਦੇਰੀ ਦੇ ਫਿਲੌਰ ਨੂੰ ਕੈਬਿਨੇਟ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ ਸੀ। ਇਹ ਨਸ਼ੇ ਦੇ ਦੈਂਤ ਦਾ ਅਕਾਲੀ ਦਲ ਤੇ ਪਹਿਲਾ ਵਾਰ ਸੀ, ਪਰੰਤੂ ਮਜੀਠੀਏ ਨੂੰ ਇਸ ਕੇਸ ਦੇ ਸੇਕ ਤੋਂ ਬਚਾਉਣ ਲਈ ਅਕਾਲੀਆਂ ਨੇ ਅਵਿਨਾਸ਼ ਚੰਦਰ ਖਿਲਾਫ ਵੀ ਚੁਪੀ ਧਾਰੀ ਰੱਖੀ।

ਛੋਟੇਪੁਰ ਨੇ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਨਹੀਂ ਬਲਕਿ ਸਾਰਾ ਪੰਜਾਬ ਇਸ ਗੱਲ ਤੋਂ ਜਾਣੂ ਹੈ ਕਿ ਪੰਜਾਬ ਵਿਚ ਨਸ਼ਿਆਂ ਦਾ ਕਾਰੋਬਾਰ ਕਿਸ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੇ ਪੁਖਤਾ ਸਬੂਤ ਸਾਹਮਣੇ ਆਏ ਹਨ ਕਿ ਮਜੀਠੀਆ ਦਾ ਇਸ ਵਪਾਰ ਨਾਲ ਸਿੱਧਾ ਸੰਬੰਧ ਹੈ ਪਰੰਤੂ ਈਡੀ ਅਤੇ ਪੰਜਾਬ ਪੁਲਿਸ ਮਜੀਠੀਆ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਬਚਦੇ ਰਹੇ ਹਨ। ਈਡੀ ਦੇ ਸਬੂਤਾਂ ਅਨੁਸਾਰ ਮਜੀਠੀਆ ਨਸ਼ੇ ਦੇ ਅੰਤਰ ਰਾਸ਼ਟਰੀ ਤਸਕਰਾਂ ਨੂੰ ਸ਼ਹਿ ਦਿੰਦਾ ਰਿਹਾ ਹੈ ਅਤੇ ਉਹ ਮਜੀਠੀਏ ਦਾ ਅਮ੍ਰਿਤਸਰ ਵਿਚਲਾ ਘਰ ਆਪਣੇ ਅੱਡੇ ਦੇ ਵਜੋਂ ਵਰਤਦੇ ਰਹੇ ਹਨ। ਇਸੇ ਕਰਕੇ ਹੀ ਕਰੋੜਾਂ ਅਰਬਾਂ ਰੁਪਏ ਦੇ ਨਸ਼ੇ ਦਾ ਕਾਰੋਬਾਰ ਪੰਜਾਬ ਵਿਚ ਹੁੰਦਾ ਰਿਹਾ ਹੈ।

ਇਸੇ ਦੌਰਾਨ ਈਡੀ ਦੇ ਜਾਂਚ ਅਧਿਕਾਰੀ ਨਰੰਜਣ ਸਿੰਘ ਨੂੰ ਮਜੀਠੀਏ ਨੂੰ ਜਾਂਚ ਲਈ ਬੁਲਾਉਣ ਕਾਰਨ ਭੇਦਭਰੇ ਤਰੀਕੇ ਨਾਲ 20 ਦਿਨਾਂ ਦੇ ਅੰਦਰ ਹੀ ਤਬਦੀਲ ਕਰ ਦਿੱਤਾ ਗਿਆ ਸੀ, ਜਿਸਨੂੰ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨਾਲ ਦੁਬਾਰਾ ਉਸੇ ਸਟੇਸ਼ਨ ‘ਤੇ ਤੈਨਾਤ ਕੀਤਾ ਗਿਆ ਸੀ।

ਮਜੀਠੀਏ ਦੇ ਦੋ ਨਜਦੀਕੀ ਸਾਥੀ ਮਨਿੰਦਰ ਸਿੰਘ ਔਲਖ ਅਤੇ ਜਗਜੀਤ ਸਿੰਘ ਚਾਹਲ ਜਿਹੜੇ ਕਿ ਨਸ਼ੇ ਦੇ ਵਪਾਰ ਦੌਰਾਨ ਗਿਰਫਤਾਰ ਕੀਤੇ ਗਏ ਸਨ ਨੇ ਵੀ ਮਜੀਠੀਏ ਦਾ ਨਾਮ ਆਪਣੇ ‘ਬੌਸ’ ਵਜੋਂ ਨਸ਼ਰ ਕੀਤਾ ਸੀ। ਛੋਟੇਪੁਰ ਨੇ ਕਿਹਾ ਕਿ ਇਸੇ ਤਰ੍ਹਾਂ ਇਕ ਹੋਰ ਅੰਤਰਰਾਸ਼ਟਰੀ ਨਸ਼ਾ ਤਸ਼ਕਰ ਜਗਦੀਸ਼ ਭੋਲਾ ਨੇ ਵੀ ਨਸ਼ੇ ਦੇ ਵਪਾਰ ਲਈ ਮਜੀਠੀਏ ਦਾ ਸਿੱਧੇ ਤੌਰ ’ਤੇ ਨਾਮ ਲਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version