ਅੰਮਿ੍ਤਸਰ (28 ਮਾਰਚ, 2016): ਗਿਆਨੀ ਗੁਰਬਚਨ ਸਿੰਘ ਨੇ ਸ਼ਿਵ ਸ਼ੈਨਾ ਨੂੰ ਤੜਨਾ ਕਰਦਿਆਂ ਕਿਹਾ ਕਿ ਉਹ ਸਿੱਖਾਂ ਦੇ ਸਬਰ ਦਾ ਹੋਰ ਇਮਤਿਹਾਨ ਨਾ ਲਵੇ, ਸਿੱਖਾਂ ਦੇ ਸਬਰ ਦਾ ਪਿਆਲ ਭਰ ਚੁੱਕਿਆ ਹੈ।
ਬੀਤੇ ਦਿਨੀਂ ਸ਼ਿਵ ਸੈਨਾ ਦੇ ਪ੍ਰਧਾਨ ਦੀ ਹਾਦਸੇ ‘ਚ ਹੋਈ ਮੌਤ ਮਗਰੋਂ ਸ਼ਿਵ ਸੈਨਿਕਾਂ ਵੱਲੋਂ ਹੁੱਲੜਬਾਜ਼ੀ ਕਰਦਿਆਂ ਇਕ ਅੰਮਿ੍ਤਧਾਰੀ ਸਿੱਖ ਦੇ ਕੇਸਾਂ ਦੀ ਕੀਤੀ ਬੇਅਦਬੀ ਅਤੇ ਕੁੱਟਮਾਰ ਨੂੰ ਅਸਹਿਣਯੋਗ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਪਹਿਲਾਂ ਵੀ ਹਿੰਦੂ-ਸਿੱਖਾਂ ਨੂੰ ਲੜਾਉਣ ਲਈ ਘਿਨਾਉਣੀਆਂ ਕਾਰਵਾਈਆਂ ਕਰਦੀ ਰਹੀ ਹੈ ਅਤੇ ਹੁਣ ਗੁਰਸਿੱਖ ਦੀ ਕੁੱਟਮਾਰ ਨਾਲ ਸਿੱਖਾਂ ਦਾ ਰੋਸ ਸਿਖਰੇ ਪਹੁੰਚ ਚੁੱਕਾ ਹੈ ।
ਉਨ੍ਹਾਂ ਇਸ ਸਬੰਧੀ ਪ੍ਰਸ਼ਾਸਨ ਦੀ ਨਕਾਮੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲਿਸ ਦੀ ਹਾਜ਼ਰੀ ‘ਚ ਸ਼ਿਵ ਸੈਨਿਕਾਂ ਵੱਲੋਂ ਸਿੱਖ ਦੀ ਕੁੱਟਮਾਰ ਕਈ ਸ਼ੰਕੇ ਖੜ੍ਹੇ ਕਰਦੀ ਹੈ । ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮੌਕੇ ‘ਤੇ ਵਾਪਰੀਆਂ ਘਟਨਾਵਾਂ ਸਬੰਧੀ ਲਗਾਤਾਰ ਲੋਕਾਂ ਅਤੇ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ ਧੋਖੇ ‘ਚ ਰੱਖਦਿਆਂ ਸਚਾਈ ਨਹੀਂ ਦੱਸੀ, ਜੋ ਹੁਣ ਵੀਡਿਓ ਕਲਿੱਪ ਰਾਹੀਂ ਸਾਹਮਣੇ ਆ ਚੁੱਕੀ ਹੈ ।
ਉਨ੍ਹਾਂ ਪ੍ਰਸ਼ਾਸਨ ਨੂੰ ਵੀ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਦੋਸ਼ੀ ਸ਼ਿਵ ਸੈਨਿਕਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ, ਤਾਂ ਸਿੱਖ ਸੰਗਤਾਂ ਦੇ ਆਪੇ ਤੋਂ ਬਾਹਰ ਹੋਣ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ।