ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਸਥਿਤ ਗੁਰਦੁਆਰਾ ਛੋਟਾ ਘਲੂਘਾਰਾ ਵਿਖੇ ਵਾਪਰੀ ਘਟਨਾ ਬਾਰੇ ਫੈਸਲਾ ਕਰਦਿਆਂ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠਲੇ ਪੰਜ ਸਿੰਘਾਂ ਨੇ ਗੁਰਦੁਆਰਾ ਟਰੱਸਟ ਦੇ ਜਨਰਲ ਸਕੱਤਰ ਬੂਟਾ ਸਿੰਘ ਨੂੰ ਬਦ ਇਖਲਾਕੀ ਦੇ ਦੋਸ਼ ਤਹਿਤ ਸਿੱਖ ਪੰਥ ‘ਚੋਂ ਛੇਕ ਦਿੱਤਾ ਹੈ। ਸਬੰਧਤ ਟਰੱਸਟ ਨੂੰ ਭੰਗ ਕਰਦਿਆਂ ਜਥੇਦਾਰਾਂ ਨੇ ਕਸਬਾ ਕਾਹਨੂੰਵਾਨ ਦੀ ਪੰਚਾਇਤ ਨੂੰ ਕਿਹਾ ਹੈ ਕਿ ਉਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਵੇ। ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਇਹ ਕਹਿਕੇ ਕਲੀਨ ਚਿੱਟ ਦੇ ਦਿੱਤੀ ਹੈ ਕਿ ਇਹ ਮਾਮਲਾ ਕਾਫੀ ਪੁਰਾਣਾ ਹੈ ਤੇ ਜਗੀਰ ਕੌਰ ਨੇ ਅਦਾਲਤ ਦੇ ਫੈਸਲੇ ਖਿਲਾਫ ਅਪੀਲ ਕੀਤੀ ਹੋਈ ਹੈ।
ਅੱਜ (13 ਅਕਤੂਬਰ, 2017) ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਇਕੱਤਰਤਾ ਵਿੱਚ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਰਘਬੀਰ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਸ਼ਾਮਿਲ ਹੋਏ। ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਉਂਦਿਆਂ ਗਿਆਨੀ ਗੁਰਬਚਨ ਸਿੰਘ ਨੇ ਐਲਾਨ ਕੀਤਾ ਕਿ ਗੁਰਦੁਆਰਾ ਛੋਟਾ ਘਲੂਘਾਰਾ ਵਿਖੇ ਵਾਪਰੀ ਮੰਦਭਾਗੀ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਬਣਾਈ ਗਈ ਪੜਤਾਲੀਆ ਕਮੇਟੀ ਦੀ ਰਿਪੋਰਟ ਅਨੁਸਾਰ ਟਰੱਸਟ ਦੇ ਜਨਰਲ ਸਕੱਤਰ ਬੂਟਾ ਸਿੰਘ ਨੂੰ ਬਦਇਖਲਾਕੀ ਦਾ ਦੋਸ਼ੀ ਪਾਇਆ ਗਿਆ। ਟੱਰਸਟ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੂੰ ਧਾਰਮਿਕ ਅਵੱਗਿਆ ਦਾ ਦੋਸ਼ੀ ਪਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਨੂੰ ਸਿੱਖ ਪੰਥ ‘ਚੋਂ ਛੇਕਣ ਦਾ ਫੈਸਲਾ ਲਿਆ ਗਿਆ ਹੈ ਇਸ ਲਈ ਕੋਈ ਵੀ ਸਿੱਖ ਉਸ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖੇ।
ਇਸ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਛੋਟਾ ਘਲੂਘਾਰਾ ਦੀ ਘਟਨਾ ਦੀ ਜਾਂਚ ਕਰਨ ਵਾਲੀ ਪੜਤਾਲੀਆ ਕਮੇਟੀ ਵਲੋਂ ਕੀਤੀ ਜਾਂਚ ਦੀ ਰਿਪੋਰਟ ਅਨੁਸਾਰ ਜੇਕਰ ਗੁਰਦੁਆਰਿਆਂ ਦੇ ਪ੍ਰਬੰਧਕ ਆਚਰਣ ਹੀਣ ਹੋ ਕੇ ਘਟੀਆਂ ਕਾਰਵਾਈਆਂ ਕਰਨ ਅਤੇ ਪ੍ਰਬੰਧਕ ਮਹੰਤਾਂ, ਪੁਜਾਰੀਆਂ ਵਾਂਗ ਕਾਬਜ਼ ਹੋ ਕੇ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਗੀਰ ਸਮਝਣ ਲੱਗ ਪੈਣ ਤਾਂ ਇਨ੍ਹਾਂ ਵਿਭਚਾਰੀ ਲੋਕਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢਣਾ ਜ਼ਰੂਰੀ ਹੈ। ਇਸ ਲਈ ਸਬੰਧਤ ਗੁਰਦੁਆਰਾ ਸਾਹਿਬ ਦਾ ਟਰੱਸਟ ਭੰਗ ਕੀਤਾ ਜਾਂਦਾ ਹੈ। ਜਿੰਨੀ ਦੇਰ ਤੀਕ ਇਹ ਪ੍ਰਬੰਧ ਮਰਿਆਦਾ ਅਨੁਸਾਰ ਨਹੀਂ ਹੁੰਦਾ ਤੱਦ ਤੀਕ ਨਗਰ ਕਾਹਨੂੰਵਾਨ ਦੀ ਪੰਚਾਇਤ ਪ੍ਰਸ਼ਾਸਨ ਦੀ ਮਦਦ ਤੇ ਇਲਾਕਾ ਨਿਵਾਸੀ ਗੁਰਸਿੱਖ ਸੰਗਤਾਂ ਦੀ ਸਲਾਹ ਨਾਲ ਪ੍ਰਬੰਧ ਸੰਭਾਲ ਲੈਣ।
ਬੀਤੇ ਕੱਲ੍ਹ ਮੁਤਵਾਜ਼ੀ ਜਥੇਦਾਰਾਂ ਦੇ ਹਮਾਇਤੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚਕਾਰ ਹੋਏ ਟਕਰਾਅ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਮੁਤਵਾਜ਼ੀ ਜਥੇਦਾਰਾਂ ਦੀ ਕੋਈ ਹੋਂਦ ਨਹੀਂ ਹੈ ਇਸ ਲਈ ਟਾਸਕ ਫੋਰਸ ਨੇ ਜੋ ਵੀ ਕਾਰਵਾਈ ਕੀਤੀ ਹੈ ਉਹ ਸਹੀ ਹੈ।
ਸਬੰਧਤ ਖ਼ਬਰ:
ਸ਼੍ਰੋਮਣੀ ਕਮੇਟੀ ਦੀ ਟਾਕਸ ਫੋਰਸ ਅਤੇ ਕਾਰਜਕਾਰੀ ਜੱਥੇਦਾਰਾਂ ਦੇ ਹਮਾਇਤੀਆਂ ‘ਚ ਟਕਰਾਅ …