ਚੰਡੀਗੜ੍ਹ 11-11-2023 – ਪੰਥ ਸੇਵਕ ਜਥਾ ਦੋਆਬਾ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਵਿੱਚ ਅਗਾਮੀ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਿੱਚ ਵਿਚਾਰ ਕੀਤੀ ਗਈ ਕਿ ਜੇਕਰ ਧਾਰਮਿਕ ਮਸਲਿਆਂ ਵਿੱਚ ਵੋਟ ਰਾਜਨੀਤਿਕ ਪਾਰਟੀਆਂ ਦਾ ਦਖਲ ਬੰਦ ਕਰਨਾ ਹੈ , ਤਾਂ ਸਿੱਖ ਸੰਗਤ ਦੇ ਫੈਸਲੇ ਪੁਰਾਤਨ ਰਵਾਇਤ ਗੁਰਮਤੇ ਅਨੁਸਾਰ ਹੋਣੇ ਜ਼ਰੂਰੀ ਹਨ। ਸ਼ਿਰੋਮਣੀ ਕਮੇਟੀ ਦੀਆਂ ਚੋਣਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੋਣ ਦਾ ਅਨੁਮਾਨ ਹੈ। ਇਸ ਸਮੇਂ ਸਿਰਫ਼ ਵੋਟਾਂ ਬਣਾਉਣ ਦੀ ਪ੍ਰੀਕਿਰਿਆ ਹੀ ਚੱਲ ਰਹੀ।
ਜਦੋਂ ਵੀ ਚੋਣਾਂ ਦਾ ਐਲਾਨ ਹੋਵੇਗਾ ਉਸ ਸਮੇਂ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਦੇ ਉਮਦੀਵਾਰਾਂ ਦੀ ਚੋਣ ਪੁਰਾਤਨ ਰਵਾਇਤ ਗੁਰਮਤੇ ਅਨੁਸਾਰ ਕੀਤੀ ਜਾਵੇਗੀ। ਇਸ ਲਈ ਇਲਾਕੇ ਦੀਆਂ ਧਰਮ ਪ੍ਰਚਾਰ ਸੰਸਥਾਵਾਂ, ਅਹਿਮ ਗੁਰਦੁਆਰਾ ਕਮੇਟੀਆਂ, ਸੇਵਾ ਦਲਾਂ, ਵੱਖ ਵੱਖ ਰੂਪਾਂ ਵਿੱਚ ਪੰਥ ਦੀਆਂ ਸੇਵਾ ਕਰ ਰਹੀਆਂ ਧਾਰਮਿਕ ਸੰਸਥਾਵਾਂ ਅਤੇ ਧਾਰਮਿਕ ਸ਼ਖਸ਼ੀਅਤਾਂ ਨਾਲ ਵਿਚਾਰ ਕਰਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੰਗਤੀ ਰੂਪ ਵਿੱਚ ਇਕੱਤਰ ਹੋ ਕੇ ਗੁਰਮਤੇ ਅਨੁਸਾਰ ਉਮਦੀਵਾਰ ਚੁਣਿਆ ਜਾਵੇਗਾ।
ਇਸ ਇਕੱਤਰਤਾ ਵਿੱਚ ਜਥੇਦਾਰ ਜਰਨੈਲ ਸਿੰਘ, ਜਥੇਦਾਰ ਦਲਜੀਤ ਸਿੰਘ ਮੋਲਾ, ਭਾਈ ਸ਼ਿੰਦਰਪਾਲ ਸਿੰਘ ਸੋਨਾ, ਅਵਤਾਰ ਸਿੰਘ ਜਗਤਪੁਰ, ਕੁਲਵਿੰਦਰ ਸਿੰਘ ਬਬਰ ਮਜਾਰਾ, ਮਾਸਟਰ ਬਖ਼ਸ਼ੀਸ਼ ਸਿੰਘ ਜਗਤਪੁਰ, ਮਾਸਟਰ ਬੇਅੰਤ ਸਿੰਘ ਨੀਲੋਵਾਲ, ਭਾਈ ਮਨਧੀਰ ਸਿੰਘ, ਕੁਲਵੰਤ ਸਿੰਘ ਸਹਾਬਪੁਰ, ਮੋਹਣ ਸਿੰਘ ਮੀਰਪੁਰ ਜੱਟਾਂ, ਢਾਡੀ ਸਤਨਾਮ ਸਿੰਘ ਭਾਰਾਪੁਰ, ਤਿਲਕਰਾਜ ਸਿੰਘ ਚਾਹਲ ਕਲਾਂ, ਗੁਰਮੀਤ ਸਿੰਘ ਝੰਡੇਰ ਕਲਾਂ, ਅਮਰਿੰਦਰ ਸਿੰਘ ਬੁਲੇਵਾਲ ਅਤੇ ਜਤਿੰਦਰ ਸਿੰਘ ਰਾਮਰਾਏਪੁਰ ਹਾਜ਼ਰ ਸਨ।