ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦੇ ਹੁਰੀਅਤ ਆਗੂਆਂ ਖ਼ਿਲਾਫ਼ ਆਪਣਾ ਰਵੱਈਆ ਸਖ਼ਤ ਕਰਨ ਲਈ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਉਨ੍ਹਾਂ ਦੇ ਵਿਦੇਸ਼ੀ ਦੌਰੇ ਮੁਸ਼ਕਲ ਕੀਤੇ ਜਾ ਸਕਦੇ ਹਨ ਅਤੇ ਸਰਕਾਰੀ ਖ਼ਰਚੇ ਉਤੇ ਦਿੱਤੀ ਗਈ ਸੁਰੱਖਿਆ ਛਤਰੀ ਘਟਾਈ ਜਾ ਸਕਦੀ ਹੈ। ਦੂਜੇ ਪਾਸੇ ਕਸ਼ਮੀਰ ਵਿੱਚ ਮੁਜਾਹਰਾਕਾਈਆਂ ਤੇ ਨੀਮ ਫੌਜੀ ਦਸਤਿਆਂ ਦਰਮਿਆਨ ਹੋਈਆਂ ਝੜਪਾਂ ਕਾਰਨ ਅਨੰਤਨਾਗ ਵਿੱਚ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ। ਵੈਸੇ ਸਾਰੇ ਸ੍ਰੀਨਗਰ ਜ਼ਿਲ੍ਹੇ ਵਿੱਚੋਂ ਕਰਫ਼ਿਊ ਹਟਾ ਲਿਆ ਗਿਆ ਹੈ ਪਰ ਅਜ਼ਾਦੀ ਪਸੰਦਾਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਕਾਰਨ ਲਗਾਤਾਰ 60ਵੇਂ ਦਿਨ ਵੀ ਵਾਦੀ ’ਚ ਤਣਾਅ ਰਿਹਾ।
ਸਰਕਾਰੀ ਸੂਤਰਾਂ ਮੁਤਾਬਕ ਕਸ਼ਮੀਰ ਦਾ ਦੌਰਾ ਕਰਨ ਵਾਲੇ ਸੰਸਦ ਮੈਂਬਰਾਂ ਉਤੇ ਆਧਾਰਤ ਸਰਬਦਲੀ ਵਫ਼ਦ ਨੂੰ ਆਜ਼ਾਦੀ ਪਸੰਦਾਂ ਵੱਲੋਂ ਨਾ ਮਿਲਣ ਕਰਕੇ ਨਾਰਾਜ਼ ਭਾਰਤ ਸਰਕਾਰ ਵੱਲੋਂ ਹੁਣ ਆਪਣਾ ਰੁਖ਼ ਸਖ਼ਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਹਿਤ ਹੁਰੀਅਤ ਆਗੂਆਂ ਦੇ ਪਾਸਪੋਰਟ ਜ਼ਬਤ ਕੀਤੇ ਜਾ ਸਕਦੇ ਹਨ ਤੇ ਉਨ੍ਹਾਂ ਨੂੰ ਵਿਦੇਸ਼ ਦੌਰਿਆਂ ਲਈ ਸਫ਼ਰ ਦਸਤਾਵੇਜ਼ ਮੁਹੱਈਆ ਕਰਵਾਉਣ ਤੋਂ ਨਾਂਹ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਬੈਂਕ ਖ਼ਾਤਿਆਂ ਦੀ ਵੀ ਪੜਤਾਲ ਕੀਤੀ ਜਾਵੇਗੀ ਤੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਕੇਸਾਂ ਸਬੰਧੀ ਲਟਕ ਰਹੀਆਂ ਜਾਂਚਾਂ ਨੂੰ ਮੁਕੰਮਲ ਕੀਤਾ ਜਾਵੇਗਾ, ਤਾਂ ਕਿ ਬੀਤੀ 8 ਜੁਲਾਈ ਨੂੰ ਹਿਜ਼ਬੁਲ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਵਾਦੀ ਵਿੱਚ ਰੋਸ ਪ੍ਰਦਰਸ਼ਨਾਂ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲਿਆਂ ਨੂੰ ਸਖ਼ਤ ਸੁਨੇਹਾ ਦਿੱਤਾ ਜਾ ਸਕੇ।
ਸਮਝਿਆ ਜਾਂਦਾ ਹੈ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਇਸ ਤਜਵੀਜ਼ ਨੂੰ ਨਰਿੰਦਰ ਮੋਦੀ ਨੇ ਹਰੀ ਝੰਡੀ ਦੇ ਦਿੱਤੀ ਹੈ। ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲੇ ਨੇ ਪ੍ਰਧਾਨ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਹੁਣ ਹੁਰੀਅਤ ਆਗੂਆਂ ‘ਤੇ ਸਖਤੀ ਦਾ ਸਮਾਂ ਆ ਗਿਆ ਹੈ। ਗ਼ੌਰਤਲਬ ਹੈ ਕਿ ਹੁਰੀਅਤ ਕਾਨਫਰੰਸ ਦੇ ਆਗੂਆਂ ਵੱਲੋਂ ਸਰਬਦਲੀ ਵਫ਼ਦ ਨੂੰ ਮਿਲਣ ਤੋਂ ਨਾਂਹ ਕਰ ਦਿੱਤੇ ਜਾਣ ਨੇ ਕੇਂਦਰ ਸਰਕਾਰ ਨੂੰ ਬਹੁਤ ਗੁੱਸਾ ਦਿਵਾਇਆ। ਦੱਸਣਯੋਗ ਹੈ ਕਿ ਸੀਪੀਐਮ ਦੇ ਸੀਤਾਰਾਮ ਯੇਚੁਰੀ, ਜੇਡੀ (ਯੂ) ਦੇ ਸ਼ਰਦ ਯਾਦਵ, ਆਰਜੇਡੀ ਦੇ ਜੈਪ੍ਰਕਾਸ਼ ਨਰਾਇਣ ਯਾਦਵ, ਏਆਈਐਮਆਈਐਮ ਦੇ ਅਸਦੂਦੀਨ ਓਵਾਇਸੀ ਅਤੇ ਸੀਪੀਆਈ ਦੇ ਡੀ. ਰਾਜਾ ਹੁਰੀਅਤ ਆਗੂਆਂ ਨੂੰ ਮਿਲਣ ਗਏ ਸਨ ਪਰ ਉਨ੍ਹਾਂ ਨੂੰ ਬਾਹਰੋਂ ਹੀ ਮੋੜ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਭਾਰਤ ਸਰਕਾਰ ਇਹ ਸਮਝਦੀ ਹੈ ਸੂਬਾ ਸਰਕਾਰ ਅਜ਼ਾਦੀ ਪਸੰਦਾਂ ਨਾਲ ਸਖ਼ਤੀ ਨਾਲ ਨਹੀਂ ਨਜਿੱਠ ਰਹੀ।
ਇਸੇ ਦੌਰਾਨ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਖਿੰਡਾਉਣ ਲਈ ਭਾਰਤੀ ਨੀਮ ਫੌਜੀ ਦਸਤਿਆਂ ਵੱਲੋਂ ਕੀਤੀ ਗਈ ਕਾਰਵਾਈ ‘ਚ ਇਕ ਕਸ਼ਮੀਰੀ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਨਸੀਰ ਅਹਿਮਦ ਮੀਰ ਵਜੋਂ ਹੋਈ ਹੈ। ਇਸ ਨੌਜਵਾਨ ਦੀ ਮੌਤ ਨਾਲ ਕਸ਼ਮੀਰ ’ਚ ਪਿਛਲੇ ਦੋ ਮਹੀਨਿਆਂ ਦੌਰਾਨ ਮਰਨ ਵਾਲੇ ਕਸ਼ਮੀਰੀਆਂ ਦੀ ਤਾਦਾਦ ਵਧ ਕੇ 73 ਹੋ ਗਈ ਹੈ। ਘਟਨਾ ਵਿੱਚ ਇਕ ਔਰਤ ਸਣੇ ਕਈ ਹੋਰ ਜ਼ਖ਼ਮੀ ਹੋ ਗਏ।