Site icon Sikh Siyasat News

ਭਾਈ ਢੱਡਰੀਆਂਵਾਲਿਆਂ ’ਤੇ ਹਮਲੇ ਦੇ ਸਬੰਧ ’ਚ 5 ਗ੍ਰਿਫਤਾਰ

ਲੁਧਿਆਣਾ: ਸਥਾਨਕ ਬਾੜੇਵਾਲ ਸੜਕ ‘ਤੇ ਸੁਖਮਨੀ ਇਨਕਲੇਵ ਵਿਚ ਬੀਤੀ ਰਾਤ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉਪਰ ਹੋਏ ਕਾਤਲਾਨਾ ਹਮਲੇ ਵਿਚ ਪੁਲਿਸ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦ ਕਿ ਇਸ ਮਾਮਲੇ ਵਿਚ ਨਾਮਜ਼ਦ ਦੋਸ਼ੀਆਂ ਦੀ ਸ਼ਨਾਖ਼ਤ ਕਰ ਲਈ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਕਾਰ ਦੇ ਡਰਾਈਵਰ ਕੁਲਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸੰਗਤਪੁਰਾ ਸੋਢੀਆਂ ਫਤਿਹਗੜ੍ਹ ਸਾਹਿਬ ਦੀ ਸ਼ਿਕਾਇਤ ‘ਤੇ ਅਣਪਛਾਤੇ ਹਮਲਾਵਰਾਂ ਖਿਲਾਫ਼ ਧਾਰਾ 302/307/ 427/148/149/25/27/54/59 ਅਧੀਨ ਕੇਸ ਦਰਜ ਕੀਤਾ ਹੈ।

ਪੁਲਿਸ ਅਧਿਕਾਰੀ ਹਮਲੇ ‘ਚ ਨੁਕਸਾਨੀ ਗੱਡੀ ਦੀ ਜਾਂਚ ਕਰਦੇ ਹੋਏ

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਡੀ. ਸੀ. ਪੀ. ਸ੍ਰੀ ਧਰੁਮਨ ਨਿੰਬਲੇ, ਏ. ਡੀ. ਸੀ. ਪੀ. ਬਲਕਾਰ ਸਿੰਘ, ਏ. ਸੀ. ਪੀ. ਰੁਪਿੰਦਰ ਕੌਰ ਸਰਾਂ, ਐਸ. ਐਚ. ਓ. ਮੁਹੰਮਦ ਜਮੀਲ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸ਼ਾਮਿਲ ਸਾਰੇ ਹਮਲਾਵਰਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਇਸ ਵਿਚੋਂ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਗ੍ਰਿਫਤਾਰ ਕੀਤੇ ਗਏ ਹਮਲਾਵਰਾਂ ‘ਚ ਜਸਪ੍ਰੀਤ ਸਿੰਘ ਤੇ ਗਗਨਦੀਪ ਸਿੰਘ ਵਾਸੀ ਸੰਦੜਾ, ਹਰਦੇਵ ਸਿੰਘ ਵਾਸੀ ਚੌਕ ਮਹਿਤਾ, ਮਨਜੀਤ ਸਿੰਘ ਵਾਸੀ ਲੁਧਿਆਣਾ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਮੌਕੇ ਤੋਂ ਬੈਸਬਾਲ, ਟੈਂਟ ਦਾ ਸਾਮਾਨ ਅਤੇ ਗੋਲੀਆਂ ਦੇ ਕੁਝ ਖੋਲ ਬਰਾਮਦ ਕੀਤੇ ਹਨ। ਉਨ੍ਹਾਂ ਇਸ ਮਾਮਲੇ ਵਿਚ ਲੋੜੀਂਦੇ ਕਥਿਤ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਬੀਤੀ ਰਾਤ ਸੜਕ ‘ਤੇ ਲੱਗੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਆਪਣੇ ਕਬਜ਼ੇ ‘ਚ ਲਈ ਗਈ, ਜਿਸ ਤੋਂ ਪੁਲਿਸ ਨੂੰ ਇਸ ਘਟਨਾ ਬਾਰੇ ਅਹਿਮ ਸੁਰਾਗ ਹੱਥ ਲੱਗੇ ਸਨ।

ਪੁਲਿਸ ਵਲੋਂ ਇਨ੍ਹਾਂ ਸੀ.ਸੀ.ਟੀ.ਵੀ. ਕੈਮਰਿਆਂ ਦੇ ਆਧਾਰ ‘ਤੇ ਹੀ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਗਈ। ਪੁਲਿਸ ਵਲੋਂ ਦਿੱਲੀ ਤੋਂ ਲੁਧਿਆਣਾ ਆਉਣ ਵਾਲੇ ਸਾਰੇ ਟੋਲ ਪਲਾਜ਼ਾ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ‘ਚ ਲਈ ਗਈ ਹੈ। ਫੁਟੇਜ ‘ਚ ਤਿੰਨ ਜੀਪਾਂ ਤੇ ਇਕ ਕਾਰ ‘ਚ ਬੈਠੇ ਸਿੱਖ ਨੌਜਵਾਨ ਦਿਖਾਈ ਦੇ ਰਹੇ ਹਨ। ਇਨ੍ਹਾਂ ਨੌਜਵਾਨਾਂ ਵਲੋਂ ਮਹਿੰਦਰਾ ਜੀਪ ‘ਤੇ ਟੈਂਟ ਲਾਉਣ ਵਾਲੀਆਂ ਲੋਹੇ ਦੀਆਂ ਪਾਈਪਾਂ ਵੀ ਰੱਖੀਆਂ ਹੋਈਆਂ ਹਨ। ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਖ਼ੁਦ ਇਸ ਸਾਰੇ ਮਾਮਲੇ ਦੀ ਤਫਤੀਸ਼ ਕਰਦੇ ਰਹੇ। ਇਨ੍ਹਾਂ ਵਾਹਨਾਂ ‘ਚੋਂ ਇਕ ਜੀਪ ‘ਤੇ ਦਿੱਲੀ ਦਾ ਨੰਬਰ ਲੱਗਾ ਹੋਇਆ ਹੈ ਤੇ ਉਸ ਉਪਰ ‘ਕਾਰ ਸੇਵਾ’ ਲਿਖਿਆ ਹੋਇਆ ਹੈ। ਪੁਲਿਸ ਵੱਲੋਂ ਇਸ ਆਧਾਰ ‘ਤੇ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ।

ਛਬੀਲ ਲਾਉਣ ਲਈ ਜ਼ਿਆਦਾਤਰ ਸਾਮਾਨ ਇਨ੍ਹਾਂ ਹਮਲਾਵਰਾਂ ਵਲੋਂ ਆਪਣੇ ਨਾਲ ਹੀ ਲਿਆਂਦਾ ਗਿਆ ਸੀ ਪਰ ਫਿਰ ਵੀ ਕੁਝ ਸਾਮਾਨ ਉਨ੍ਹਾਂ ਨੇ ਇਲਾਕੇ ‘ਚ ਸਥਿਤ ਇਕ ਦੁਕਾਨ ਤੋਂ ਖਰੀਦਿਆ। ਇਸ ਦੁਕਾਨ ਦੇ ਬਾਹਰ ਵੀ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਸਨ। ਇਨ੍ਹਾਂ ਕੈਮਰਿਆਂ ਦੀ ਫੁਟੇਜ ਤੋਂ ਵੀ ਪੁਲਿਸ ਨੂੰ ਹਮਲਾਵਰਾਂ ਦੀ ਸ਼ਨਾਖ਼ਤ ਕਰਨ ‘ਚ ਮਦਦ ਮਿਲੀ ਤੇ ਪੁਲਿਸ ਵੱਲੋਂ ਇਸ ਦੁਕਾਨਦਾਰ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ।

ਹਮਲਾਵਰਾਂ ਵਲੋਂ ਟੈਂਟ ਦੇ ਪਿੱਛੇ ਇਕ ਪਰਦਾ ਲਾਇਆ ਹੋਇਆ ਸੀ, ਜਿੱਥੇ ਕਿ ਦੋ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨ ਬੈਠ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਇੰਤਜ਼ਾਰ ਕਰ ਰਹੇ ਸਨ। ਇਨ੍ਹਾਂ ਹਮਲਾਵਰਾਂ ਵੱਲੋਂ ਆਪਣੇ ਹਥਿਆਰ ਪਾਣੀ ਪਾਉਣ ਵਾਲੇ ਡਰੰਮਾਂ ‘ਚ ਲੁਕੋ ਕੇ ਰੱਖੇ ਗਏ ਸਨ। ਇਹ ਸਾਰੇ ਨਿਹੰਗ ਬਾਣੇ ‘ਚ ਸਨ ਤੇ ਜ਼ਿਆਦਾਤਰ ਨੌਜਵਾਨ ਅੰਮ੍ਰਿਤਧਾਰੀ ਸਨ। ਹਾਲ ਦੀ ਘੜੀ ਭਾਵੇਂ ਪੁਲਿਸ ਅਧਿਕਾਰੀ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ ਪਰ ਸੂਤਰਾਂ ਅਨੁਸਾਰ ਪੁਲਿਸ ਵਲੋਂ ਇਹ ਸਾਰਾ ਮਾਮਲਾ ਹੱਲ ਕਰ ਲਿਆ ਗਿਆ ਹੈ ਤੇ ਜਲਦ ਹੀ ਇਸ ਦਾ ਖੁਲਾਸਾ ਉੱਚ ਅਧਿਕਾਰੀਆਂ ਵਲੋਂ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version