ਫਿਲਮਾਂ ਰਾਹੀਂ ਪ੍ਰਚਾਰ ਦਾ ਤਰਕ
ਆਧੁਨਿਕਤਾ ਨੇ ਮਨੁੱਖ ਦੀ ਜੀਵਨ ਸ਼ੈਲੀ ਨੂੰ ਇੰਨਾ ਜ਼ਿਆਦਾ ਪ੍ਰਭਾਵਤ ਕਰ ਦਿੱਤਾ ਹੈ ਕਿ ਇਸ ਨਾਲ ਪਰਿਵਾਰ ਦੇ ਰਿਸ਼ਤੇ ਵੀ ਨਵੀਂ ਪਰਿਭਾਸ਼ਾ ਗ੍ਰਹਿਣ ਕਰ ਗਏ ਹਨ। ਜੀਵਨ ਸ਼ੈਲੀ ਦੇ ਅਸਰ ਕਾਰਨ ਮਾਪਿਆਂ ਕੋਲ ਆਪਣੇ ਬੱਚਿਆਂ ਨੂੰ ਧਰਮ ਦੀ ਮੌਲਿਕਤਾ ਨਾਲ ਜੋੜਨ ਦੀ ਪ੍ਰਤਿਭਾ ਖਤਮ ਹੋ ਚੁੱਕੀ ਹੈ। ਆਧੁਨਿਕ ਸਮਾਜ ਵਿਚ ਧਰਮ ਅਕਾਲ ਪੁਰਖ ਨਾਲ ਰਿਸ਼ਤੇ ਦਾ ਪੰਧ ਨਹੀਂ ਹੈ ਬਲਕਿ ਧਰਮ ਮਨੋਵਿਗਿਆਨਕ ਲੋੜ ਵਜੋਂ, ਪਛਾਣ ਅਤੇ ਮਾਨਸਿਕ ਤਨਾਵ ਘਟ ਕਰਨੇ ਦੀ ਕਸਰਤ ਬਣਦਾ ਜਾ ਰਿਹਾ ਹੈ। ਇਸ ਜੀਵਨ ਸ਼ੈਲੀ ਨਾਲ ਨਵੀਂ ਪੀੜ੍ਹੀ ਦੇ ਬੱਚੇ ਧਰਮ ਤੋਂ ਬਹੁਤ ਦੂਰ ਜਾ ਰਹੇ ਹਨ। ਨਵੀਂ ਪੀੜ੍ਹੀ ਦੇ ਬੱਚੇ ਆਪਣੀ ਤਰਕਸ਼ੀਲਤਾ ਕਾਰਨ ਨਵੀਂ ਕਿਸਮ ਦੇ ਮੁੱਲ ਪ੍ਰਬੰਧ ਦੇ ਧਾਰਨੀ ਹੋ ਰਹੇ ਹਨ ਜੋ ਆਮ ਤੌਰ ‘ਤੇ ਰਵਾਇਤੀ ਮੁੱਲ ਪ੍ਰਬੰਧ ਨਾਲ ਟਕਰਾਅ ਵਾਲੀ ਸਥਿਤੀ ਪੈਦਾ ਕਰਦਾ ਰਹਿੰਦਾ ਹੈ। ਮਾਪਿਆਂ ਨੂੰ ਇਹ ਗੱਲ ਬਹੁਤ ਚਿੰਤਾਤੁਰ ਕਰਦੀ ਹੈ ਪ੍ਰੰਤੂ ਧਰਮ ਦੀ ਮੌਲਿਕਤਾ ਤੋਂ ਸੱਖਣੇ ਹੋਣ ਕਾਰਨ ਉਹ ਧਰਮ ਦੇ ਅਸਲੀ ਅਨੁਭਵ ਦਾ ਸੰਚਾਰ ਕਰਨ ਵਿਚ ਅਸਮਰੱਥ ਰਹਿੰਦੇ ਹਨ। ਉਹ ਆਪਣੇ ਬੱਚਿਆਂ ਨੂੰ ਵਿਰਸੇ ਅਤੇ ਵਿਰਾਸਤ ਨਾਲ ਜੋੜਨ ਖਾਤਰ ਜਾਂ ਕਈ ਵਾਰ ਆਪਣੀ ਧਾਰਮਕ ਜਿੰਮੇਵਾਰੀ ਪੂਰੀ ਕਰਨ ਖਾਤਰ ਆਧੁਨਿਕ ਜੀਵਨ ਸ਼ੈਲੀ ਵਿਚੋਂ ਉਪਜੇ ਸਾਧਨਾਂ ਰਾਹੀਂ ਧਰਮ ਪ੍ਰਚਾਰ ਅਤੇ ਧਾਰਮਿਕਤਾ ਦੀ ਤਲਾਸ਼ ਕਰਦੇ ਹਨ।
ਆਧੁਨਿਕ ਸਮਾਜ ਸਿੱਖਿਅਤ ਲੋਕਾਂ ਦਾ ਸਮਾਜ ਹੈ। ਆਧੁਨਿਕ ਸਮਾਜ ਵਿੱਚ ਸਿੱਖਿਆ, ਗਿਆਨ ਦਾ ਸਾਧਨ ਨਹੀਂ ਹੈ ਬਲਕਿ ਮਨੁੱਖੀ ਵਿਵਹਾਰ ਨੂੰ ਨਿਰਧਾਰਤ ਜੀਵਨ ਸ਼ੈਲੀ ਅਨੁਸਾਰ ਸਿਧਾਉਣ ਦਾ ਸਾਧਨ ਮਾਤਰ ਹੈ। ਇਸ ਵਿਚ ਸਿਖਾਉਣ ਅਤੇ ਸਿਧਾਉਣ ਦੇ ਤਰੀਕੇ ਦੀ ਬਹੁਤ ਮਹੱਤਤਾ ਹੈ। ਪੱਛਮੀ ਸਮਾਜ ਵਿਚ ਸਿਖਾਉਣ ਦੇ ਤਰੀਕੇ ਵਜੋਂ ਫੈਂਟੈਸੀ (ਵਚਿੱਤਰ ਅਤੇ ਚਕਾਚੌਂਧ ਕਰਨ ਵਾਲੀ ਜੁਗਤ) ਇਕ ਮਹੱਤਵਪੂਰਨ ਸਾਧਨ ਹੈ। ਕਾਰਟੂਨ ਅਤੇ ਐਨੀਮੇਸ਼ਨ ਇਸੇ ਹੀ ਲੋੜ ਦੀ ਪੂਰਤੀ ਹਿਤ ਪੈਦਾ ਕੀਤੇ ਜਾਂਦੇ ਹਨ। ਪ੍ਰੰਤੂ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਸਿਧਾਇਆ ਹੋਇਆ ਮਨੁੱਖ ਸਿੱਖੀ ਦੇ ਇਲਾਹੀ ਖਿਆਲ ਅਤੇ ਇਤਿਹਾਸ ਦੇ ਸੰਯੁਕਤ ਪ੍ਰਵਾਹ ਵਿੱਚ ਸਿਰਜੇ ਮਹਾਂ ਮਾਨਵਾ ਨਾਲ ਕਦਮ ਮੇਚ ਕੇ ਤੁਰਨ ਦੇ ਸਮਰੱਥ ਹੈ ਜਾਂ ਨਹੀਂ। ਸਾਦਾ ਸ਼ਬਦਾਂ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਫੈਂਟੈਸੀ ਦੀ ਜੁਗਤ ਵਰਤ ਕੇ ਇੱਕ ਬੱਚੇ ਨੂੰ ਸਿੱਖੀ ਵਿੱਚ ਪ੍ਰਵਾਹਮਾਨ ਦੈਵੀ ਸਿਦਕ ਨਾਲ ਸਰਸ਼ਾਰ ਨਹੀਂ ਕੀਤਾ ਜਾ ਸਕਦਾ
ਸਿੱਖ ਇਤਿਹਾਸ ਅਤੇ ਸਿਧਾਂਤ ਉੱਪਰ ਬਣਨ ਵਾਲੀਆਂ ਫੀਚਰ, ਦਸਤਾਵੇਜ਼ੀ, ਵਪਾਰਕ ਅਤੇ ਐਨੀਮੇਸ਼ਨ ਫ਼ਿਲਮ ਬਣਾਉਣ ਵਾਲੇ ਜਾਂ ਉਨ੍ਹਾਂ ਦੇ ਸਹਿਯੋਗੀ ਆਮ ਤੌਰ ਤੇ ਪਰਚਾਰ ਅਤੇ ਭਾਵਕਤਾ ਦਾ ਵਾਸਤਾ ਪਾਉਂਦੇ ਹਨ। ਪ੍ਰੰਤੂ ਅਸਲ ਵਿਚ ਉਨ੍ਹਾਂ ਦੀ ਮਨਸ਼ਾ ਸਿੱਖ ਸਮੱਗਰੀ ਪ੍ਰਤੀ ਸ਼ਰਧਾ ਅਤੇ ਭਾਵਨਾਂ ਤੋਂ ਮਾਲੀਆ ਉਗਰਾਉਣਾ ਹੁੰਦਾ ਹੈ। ਫ਼ਿਲਮ ਦੇ ਵਿਰੋਧ ਵਿੱਚ ਤਰਕ ਇਹ ਹੈ ਕਿ ਜੇਕਰ ਕਿਸੇ ਨੇ ਸਿੱਖੀ ਉੱਪਰ ਫਿਲਮ ਬਣਾਉਣੀ ਹੀ ਹੈ ਤਾਂ ਉਹ ਸਿੱਖ ਇਤਹਾਸ ਦੇ ਵੱਡੇ ਕਿਰਦਾਰਾਂ ਨੂੰ ਹੂਬਹੂ ਫ਼ਿਲਮਾਉਣ ਦੀ ਥਾਂ ਮੌਜੂਦਾ ਇਤਹਾਸਕ ਮਨੁੱਖ ਦੇ ਜੀਵਨ ਵਿਚ ਸਿੱਖੀ ਦੇ ਅਸਰ ਕਾਰਨ ਪੈਦਾ ਹੋਣ ਵਾਲੇ ਉੱਚੇ ਗੁਣਾਂ ਨੂੰ ਫ਼ਿਲਮਾਉਣ। ਅਜਿਹੀ ਕਹਾਣੀ ਲਿਖੀ ਜਾਵੇ ਜਿਸ ਵਿੱਚ ਸਿੱਖੀ ਦੀ ਉੱਚੀ ਅਧਿਆਤਮਕਤਾ ਜਾਂ ਕਿਸੇ ਯੋਧੇ ਦੇ ਮਹਾਨ ਕਰਤਬ ਨਾਲ ਆਮ ਮਨੁੱਖ ਨਾਇਕ ਦੇ ਗੁਣ ਧਾਰਣ ਕਰਦਾ ਵਿਖਾਇਆ ਜਾਵੇ। ਉਹ ਆਮ ਮਨੁੱਖ ਸਿੱਖੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ, ਬਦੀ ਦੀਆਂ ਤਾਕਤਾਂ ਨਾਲ ਲੋਹਾ ਲਵੇ ਜੇਕਰ ਉਹ ਬਦੀ ਦੀਆਂ ਤਾਕਤਾਂ ਨਾਲ ਟਕਰਾਉਂਦਿਆਂ ਸ਼ਹੀਦ ਵੀ ਹੋ ਜਾਵੇ ਤਾਂ ਵੀ ਇਹ ਉਸਦੀ ਜਿੱਤ ਸਾਬਤ ਹੋਵੇਗੀ। ਪਰ ਇਹ ਕੰਮ ਬਹੁਤ ਉੱਚੀ ਸੁਰਤਿ ਅਤੇ ਮਹਾਨ ਸਿਰਜਣਾਤਮਕ ਪ੍ਰਤਿਭਾ ਦੁਆਰ ਕੀਤਾ ਜਾਣ ਵਾਲਾ ਕੰਮ ਹੈ । ਜੇਕਰ ਫ਼ਿਲਮ ਬਣਾਉਣ ਵਾਲਿਆਂ ਕੋਲ ਇਸ ਤਰਾਂ ਦੀ ਪ੍ਰਤਿਭਾ ਦੀ ਘਾਟ ਹੈ ਤਾਂ ਫਿਰ ਉਹ ਸਿੱਖ ਸਮੱਗਰੀ ਨੂੰ ਵੇਚ ਕੇ ਮਾਇਆ ਬਟੋਰਨ ਦੇ ਗੁਨਾਹ ਵਿਚ ਚੇਤੰਨ ਜਾਂ ਅਚੇਤ ਤੌਰ ‘ਤੇ ਗ਼ਲਤਾਨ ਹਨ।