Site icon Sikh Siyasat News

ਸ਼ਹੀਦ ਕੇਹਰ ਸਿੰਘ ਵੱਲੋਂ ਆਪਣੇ ਰਿਸ਼ਤੇਦਾਰ ਨੂੰ ਲਿਖੇ ਖਤ ਦੇ ਕੁਝ ਅੰਸ਼ …

(ਇਹ ਖਤ ਫੋਟੋ ਸਟੇਟ ਹੋਇਆ ਹੋਣ ਕਰਕੇ ਸਾਫ ਨਹੀਂ ਪੜ੍ਹਿਆ ਜਾ ਸਕਿਆ, ਇਸ ਲਈ ਵਿਚੋਂ ਕੁਝ ਅੰਸ਼ ਪਾਠਕਾਂ ਦੇ ਰੂ-ਬ-ਰੂ ਕੀਤੇ ਜਾ ਰਹੇ ਹਨ। ਇਹ ਖਤ ਲੁਧਿਆਣੇ ਆਪਣੇ ਰਿਸ਼ਤੇਦਾਰ ਸ ਜਾਗੀਰ ਸਿੰਘ ਦੇ ਨਾਮ ਲਿਖਿਆ ਹੋਇਆ ਹੈ। ਇਸ ਖਤ ਵਿਚੋਂ ਭਾਈ ਕੇਹਰ ਸਿੰਘ ਦੇ ਅੰਦਰਲੇ ਦਰਦ ਦੀ ਝਲਕ ਪੈਂਦੀ ਹੈ ਜਿਹੜਾ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਉਸਦੇ ਅੰਦਰ ਵਿਛਿਆ ਪਿਆ ਸੀ। ਹਰ ਸਿਖ ਵਾਂਗ ਕੇਹਰ ਸਿੰਘ ਵੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਝੰਜੋੜਿਆ ਗਿਆ ਸੀ)

ਰਾਜੀ ਖੁਸ਼ੀ ਉਪਰੰਤ ਲਿਖਿਆ ਗਿਆ ਹੈ:

ਜੋ ਘਟਨਾ ਅੰਮ੍ਰਿਤਸਰ ਵਿਚ ਹੋਈ। ਇਸ ਘਟਨਾ ਨੇ ਭਾਵੇਂ ਦੁਨੀਆਂ ਵਿਚ ਕਿਤੇ ਵੀ ਸਿੱਖ ਕਿਉਂ ਨਾ ਰਹਿੰਦਾ ਹੋਵੇ ਸਾਰਿਆਂ ਦਾ ਇਸ ਘਟਨਾ ਨੇ ਹਿਰਦਾ ਛਾਨਣੀ ਕਰਕੇ ਰੱਖ ਦਿੱਤਾ ਹੈ। ਸਾਨੂੰ ਇਹ ਘਟਨਾ ਸੁਣਦੇ ਸਾਰਿਆਂ ਦਾ ਦਿਲ ਉਦਾਸ ਹੈ ਕਿਉਂਕਿ ਐਸੀ ਘਟਨਾ ਤਾਂ ਮੁਗ਼ਲਾਂ ਤੇ ਅੰਗਰੇਜ਼ਾਂ ਦੇ ਸਮੇਂ ਵੀ ਨਹੀਂ ਹੋਈ। ਹਰ ਇਕ ਦੇ ਦਿਲ ਵਿਚ ਬੜਾ ਭਾਰੀ ਰੋਸ ਹੈ। ਖੈਰ ਇਹ ਸਭ ਕੁਝ ਵਾਹਿਗੁਰੂ ਦਾ ਹੀ ਭਾਣਾ ਹੈ। ਉਹ ਜੋ ਕੁਝ ਕਰਦਾ ਹੈ ਠੀਕ ਹੀ ਕਰਦਾ ਇਸ ਸਾਕੇ ਨਾਲ ਤੁਸੀਂ ਇਹ ਨਾ ਸਮਝਣਾ ਕਿ ਕੌਮ ਖਤਮ ਹੋ ਜਾਵੇਗੀ, ਨਹੀਂ ਇਸ ਦੇ ਨਾਲ ਤਾਂ ਖ਼ਾਲਸਾ ਪੰਥ ਹੋਰ ਜਾਗੇਗਾ। ਇਸ ਇੰਦਰਾ ਗੌਰਮਿੰਟ ਨੇ ਤਾਂ ਜਰਨਲ ਡਾਇਰ ਦੇ 1919 ਨੂੰ ਜਲ੍ਹਿਆਂ ਵਾਲਾ ਬਾਗ ਦੇ ਸਾਕੇ ਨੂੰ ਵੀ ਮਾਤ ਕਰ ਦਿੱਤਾ ਹੈ। ਇਸ ਕੌਮ ਨੂੰ ਕੋਈ ਖਤਮ ਨਹੀਂ ਕਰ ਸਕਦਾ। ਜਕਰੀਆ ਖਾਨ ਦੇ ਟਾਈਮ ਵੀ ਇਤਨਾ ਜ਼ੁਲਮ ਹੋਇਆ ਸੀ। ਲੇਕਿਨ ਉਸ ਵਕਤ ਇਹ ਕਿਹਾ ਜਾਂਦਾ ਸੀ ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ ਜਿਉਂ ਜਿਉਂ ਮਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। ਇਸ ਲਈ ਖਾਲਸੇ ਨੂੰ ਮੌਤ ਦੀ ਪ੍ਰਵਾਹ ਨਹੀਂ ਹੋਣੀ ਚਾਹੀਦੀ। ਹੋਰ ਦੂਜੀ ਗੱਲ ਇਹ ਹੈ ਕਿ ਇਸ ਘਟਨਾ ਦੇ ਦਿਨਾਂ ਵਿਚ ਵਾਹਿਗੁਰੂ ਨੇ ਸਾਨੂੰ ਹਰਦੀਪ ਸਿੰਘ ਨੂੰ 12-6-84 ਨੂੰ ਲੜਕੇ ਦੀ ਦਾਤ ਬਖਸ਼ੀ ਹੈ। ਖੁਸ਼ੀ ਤਾਂ ਆਪ ਨੂੰ ਪਤਾ ਹੀ ਹੈ ਕਿ ਬਹੁਤ ਹੋਣੀ ਸੀ ਪਰ ਸਾਡੇ ਸਾਰਿਆਂ ਦਾ ਦਿਲ ਪੰਜਾਬ ਦੇ ਸਾਕੇ ਨਾਲ ਬਹੁਤ ਉਦਾਸ ਹੈ। ਪਰ ਫਿਰ ਵੀ ਵਾਹਿਗੁਰੂ ਦਾ ਅਤੀ ਸ਼ੁਕਰ ਹੈ। ਸਾਡੇ ਵਲੋਂ ਤਾਂ ਏਹੀ ਅਰਦਾਸ ਹੈ ਵਾਹਿਗੁਰੂ ਕਾਕੇ ਨੂੰ ਲੰਮੀ ਉਮਰ ਬਖਸ਼ੇ ਤਾਂ ਗੁਰਸਿੱਖੀ ਦੇ ਅੰਦਰ ਚੜ੍ਹਦੀ ਕਲਾ ਵਿਚ ਰੱਖੇ।

ਤੁਹਾਡਾ ਕੇਹਰ ਸਿੰਘ
12/17 ਆਰਕੇਪੁਰਮ,
ਨਵੀਂ ਦਿੱਲੀ
110022

(ਧੰਨਵਾਦ ਸਹਿਤ: ਮਾਸਿਕ ਸਿੱਖ ਸ਼ਹਾਦਤ ਦੇ ਦਸੰਬਰ 2007 ਅੰਕ ਵਿਚੋਂ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version