ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੱਤਾ ‘ਚ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਇਕਬਾਲ ਕੋਟਲੀ ਨੂੰ ਪੰਜਾਬ ਪੁਲਿਸ ‘ਚ ਜਿਸ ਕਾਹਲੀ ‘ਚ ਡੀ.ਐਸ.ਪੀ. ਲਾਉਣ ਦਾ ਫ਼ੈਸਲਾ ਲਿਆ ਗਿਆ ਉਸ ਕਾਰਨ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਕਿ ਯੂਨੀਵਰਸਿਟੀ ਡਿਸਟੈਂਸ ਐਜੂਕੇਸ਼ਨ ਸਬੰਧੀ ਲਏ ਫ਼ੈਸਲੇ ਕਿ ਨਿੱਜੀ ਯੂਨੀਵਰਸਿਟੀ ਦਾ ਕੋਈ ਵੀ ਸਟੱਡੀ ਸੈਂਟਰ ਯੂਨੀਵਰਸਿਟੀ ਤੋਂ ਬਾਹਰ ਨਹੀਂ ਹੋ ਸਕੇਗਾ ਅਤੇ ਜਿਸ ਨਿਯਮ ਅਧੀਨ 2016 ਦੌਰਾਨ ਕਲਰਕ ਦੀ ਭਰਤੀ ਲਈ ਚੁਣੇ ਗਏ 192 ਨੌਜਵਾਨਾਂ ਦੀ ਚੋਣ ਰੱਦ ਕੀਤੀ ਗਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਇਕਬਾਲ ਕੋਟਲੀ ਵਲੋਂ ਤਾਮਿਲਨਾਡੂ ਦੀ ‘ਪੇਰੀਆਰ ਯੂਨੀਵਰਸਿਟੀ’ ਤੋਂ 2 ਸਾਲਾ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ ਗਈ ਅਤੇ ਇਸ ਨਿੱਜੀ ਯੂਨੀਵਰਸਿਟੀ ਦਾ ਇਮਤਿਹਾਨ ਦੇਣ ਲਈ ਕੇਂਦਰ ਦਿੱਲੀ ‘ਚ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਪ੍ਰਾਈਵੇਟ ਯੂਨੀਵਰਸਿਟੀ ਪਾਲਿਸੀ ਅਨੁਸਾਰ ਉਕਤ ਡਿਗਰੀ ਮੰਨਣਯੋਗ ਨਹੀਂ ਹੈ। ਰਾਜ ਦੇ ਪ੍ਰਸੋਨਲ ਵਿਭਾਗ ਵਲੋਂ 14 ਜੁਲਾਈ 2016 ਨੂੰ ਪ੍ਰਮੁੱਖ ਸਕੱਤਰ ਪ੍ਰਸੋਨਲ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ‘ਚ ਫ਼ੈਸਲਾ ਲਿਆ ਸੀ ਕਿ ਕਲਰਕ ਵਜੋਂ ਚੁਣੇ ਜਾਣ ਵਾਲੇ 192 ਨੌਜਵਾਨਾਂ ਦੀ ਚੋਣ ਨੂੰ ਰੱਦ ਕੀਤਾ ਜਾਂਦਾ ਹੈ ਕਿਉਂਕਿ ਰਾਜ ਸਰਕਾਰ ਵਲੋਂ 2010 ‘ਚ ਬਣਾਏ ਗਏ ਨਿਯਮਾਂ ਅਨੁਸਾਰ ਕਿਸੇ ਵੀ ਬਾਹਰੀ ਯੂਨੀਵਰਸਿਟੀ ਦੇ ਡਿਸਟੈਂਸ ਐਜੂਕੇਸ਼ਨ ਤਹਿਤ ਡਿਗਰੀ ਹਾਸਲ ਕਰਨ ਵਾਲਾ ਨੌਜਵਾਨ ਰਾਜ ‘ਚ ਨੌਕਰੀ ਲੈਣ ਦੇ ਹੱਕ ‘ਚ ਨਹੀਂ ਹੋਵੇਗਾ, ਕਿਉਂਕਿ ਅਜਿਹੀਆਂ ਡਿਗਰੀਆਂ ਯੂ.ਜੀ.ਸੀ. ਦੀਆਂ ਸ਼ਰਤਾਂ ਅਨੁਸਾਰ ਪ੍ਰਵਾਣਤ ਨਹੀਂ ਹਨ। ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਬੇਅੰਤ ਦੇ ਪੋਤੇ ਦੀ ਨਿਯੁਕਤੀ ਦੇ ਮੁੱਦੇ ਨੂੰ ਲੈ ਕੇ ਹਾਈ ਕੋਰਟ ‘ਚ ਵੀ ਜਨਹਿਤ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਗੁਰਇਕਬਾਲ ਕੋਟਲੀ ਵਲੋਂ 2007-08 ਦੌਰਾਨ ਕਮਰਸ਼ੀਅਲ ਪਾਈਲਟ ਦੀ ਅਮਰੀਕਾ ਤੋਂ ਟਰੇਨਿੰਗ ਪੂਰੀ ਕੀਤੀ, ਪਰ 2008 ਦੌਰਾਨ ਹੀ ਉਸ ਵਲੋਂ ਸੀ.ਬੀ.ਐਸ.ਸੀ. ਵਲੋਂ ਮੈਟ੍ਰਿਕ ਵੀ ਪਾਸ ਕੀਤੀ, ਜਦਕਿ 2011-12 ਦੌਰਾਨ ਉਸਨੇ ਬੈਚਲਰ ਆਫ਼ ਕਾਮਰਸ ਦੀ ਡਿਗਰੀ ਦੂਜੇ ਦਰਜੇ ‘ਚ ਹਾਸਲ ਕੀਤੀ।
ਸਬੰਧਤ ਖ਼ਬਰ:
ਮੁੱਖ ਮੰਤਰੀ ਬੇਅੰਤ ਦੇ ਪੋਤਰੇ ਨੂੰ ਨੌਕਰੀ ਦੇ ਕੇ ਕੈਪਟਨ ਸਰਕਾਰ ਬਣੀ ਜੰਗਲ ਰਾਜ ਦੀ ਹਾਮੀ: ਖਾਲੜਾ ਮਿਸ਼ਨ …