Site icon Sikh Siyasat News

ਵਾਤਾਵਰਣ ਵਿਗਾੜ ਦੀ ਸਮੱਸਿਆ ਅਤੇ ਕਾਰਪੋਰੇਟ ਘਰਾਣੇ

ਵਾਤਾਵਰਣ ਵਿਗਾੜ ਦੀ ਸਮੱਸਿਆ ਦਾ ਮੁੱਖ ਕਾਰਨ ਕਾਰਬਨ ( ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਵਰਗੀਆਂ ਗੈਸਾਂ) ਦਾ ਨਿਕਾਸ ਵੱਧ ਹੋਣਾ ਮੰਨਿਆ ਜਾਂਦਾ ਹੈ । ਇਸ ਸਬੰਧੀ ਔਕਸਫੈਮ ਵੱਲੋਂ ਜਾਰੀ ਇੱਕ ਰਿਪੋਰਟ ਮੁਤਾਬਕ ਦੁਨੀਆਂ ਦੇ ਸਭ ਤੋਂ ਅਮੀਰ ਲੋਕ ਆਮ ਵਿਅਕਤੀ ਨਾਲੋਂ ਵੱਧ ਕਾਰਬਨ ਪੈਦਾ ਕਰ ਰਹੇ ਹਨ । ਰਿਪੋਰਟ ਮੁਤਾਬਕ ਕਾਰਬਨ ਦੇ ਨਿਕਾਸ ਕਰਨ ਵਾਲੀਆਂ ਧਿਰਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ:

 

ਨਿੱਜੀ ਖਪਤ ਵਿੱਚ ਕਾਰਬਨ ਪੈਦਾ ਕਰਨ
ਸਰਕਾਰੀ ਕੰਮਾਂ ਰਾਹੀਂ ਕਾਰਬਨ ਦੀ ਖਪਤ
ਕੰਪਨੀਆਂ ਦੀ ਕਾਰਬਨ ਖਪਤ

125 ਕਰੋੜਪਤੀਆਂ ਦੀਆਂ 183 ਕਾਰਪੋਰੇਟ ਕੰਪਨੀਆਂ ਦਾ ਕੁੱਲ ਨਿਵੇਸ਼ 2.4 ਲੱਖ ਕਰੋੜ ਡਾਲਰ (2.4 ਟ੍ਰਿਲੀਅਨ ਡਾਲਰ) ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪੂੰਜੀਪਤੀਆਂ ਦਾ ਇਹ ਨਿਵੇਸ਼ ਕਿਸ ਤਰ੍ਹਾਂ ਦੀ ਤਕਨੀਕ ਨੂੰ ਲੈ ਕੇ ਆਉਂਦਾ ਹੈ ਵੱਧ ਕਾਰਬਨ ਖਪਤ ਵਾਲੀ ਜਾਂ ਫ਼ਿਰ ਸਿਫ਼ਰ ਕਾਰਬਨ ਖਪਤ ਵਾਲੀ। ਕਰੋੜਪਤੀਆਂ ਦਾ ਨਿੱਜੀ ਕਾਰਬਨ ਨਿਕਾਸ ਵੀ ਬਹੁਤ ਜ਼ਿਆਦਾ ਹੈ। 2018 ਵਿੱਚ 20 ਕਰੋੜਪਤੀਆਂ ਦੀ ਕਾਰਬਨ ਡਾਈਆਕਸਾਈਡ ਨਿਕਾਸ 8194 ਟਨ ਸੀ। ਪੁਲਾੜ ਜਾਣ ਦੀ ਦੌੜ ਵਿੱਚ ਵੀ ਇੱਕ ਰਾਕਟ ਇਨੀਂ ਕਾਰਬਨ ਨਿਕਾਸੀ ਕਰਦਾ ਹੈ ਜਿਨੀ ਇੱਕ ਮਨੁੱਖ ਸਾਰੀ ਜ਼ਿੰਦਗੀ ਵਿੱਚ ਕਰਦਾ ਹੈ।

2021 ਵਿੱਚ ਔਕਸਫੈਮ ਅਤੇ ਸਟਾਕਹੋਮ ਇਨਵਾਇਰਮੈਂਟ ਇੰਸਟੀਚਿਊਟ ਵਲੋਂ ਕੀਤੀ ਗਈ ਖੋਜ ਵਿੱਚ ਸਾਹਮਣੇ ਆਇਆ ਕਿ 1% ਅਮੀਰ ਲੋਕ 15% ਪ੍ਰਦੂਸ਼ਣ ਫੈਲਾ ਰਹੇ ਹਨ, ਜੋ ਕਿ ਪੈਰਿਸ ਸਮਝੌਤੇ ਵਾਲੇ ਨਿਸ਼ਾਨੇ ਤੋਂ 35 ਗੁਣਾ ਵੱਧ ਹੈ।
ਵਿਸ਼ਵ ਉੱਤਰੀ (ਗਲੋਬਲ ਨੌਰਥ) ਦੇਸ਼ਾਂ ਦੀ ਕਾਰਬਨ (ਜਿਸ ਕਰਕੇ ਧਰਤੀ ਗਰਮ ਹੋ ਰਹੀ ਹੈ) ਦੀ ਖਪਤ ਅੱਧ ਤੋਂ ਵੀ ਜ਼ਿਆਦਾ ਹੈ, ਜਿਸ ਦਾ ਮੁੱਖ ਕਾਰਨ ਉਸਦਾ ਕਾਰਪੋਰੇਟ ਢਾਂਚਾ ਹੈ। ਅਮਰੀਕਾ 80% ਅਤੇ ਯੂਰਪ 75% ਅੱਜ ਵੀ ਗੈਰ ਨਵਿਆਉਣਯੋਗ (ਰੀਨਿਊਏਬਲ) ਸਰੋਤਾਂ ਤੇ ਨਿਰਭਰ ਹੈ।
ਇਹਨਾਂ ਦੇਸ਼ਾਂ ਦਾ ਵਧੇਰੇ ਜ਼ੋਰ ਤਰੱਕੀ ਕਰ ਰਹੇ ਮੁਲਕਾਂ ਦੇ ਵਿੱਚ ਕਾਰਬਨ ਦੇ ਨਿਕਾਸ ਤੇ ਕਾਬੂ ਪਾਉਣ ਤਕ ਹੀ ਸੀਮਤ ਹੈ। ਦੁਨੀਆਂ ਦੀ ਸਾਰੀ ਕਾਰਬਨ ਨਿਕਾਸੀ ਨੂੰ ਘੱਟ ਕਰਨ ਲਈ 160 ਕਰੋੜ ਹੈਕਟੇਅਰ ਰਕਬੇ ਉੱਤੇ ਰੁੱਖ ਹੋਣੇ ਜ਼ਰੂਰੀ ਹਨ ਜੋ ਕਿ ਭਾਰਤ ਦਾ ਪੰਜ ਗੁਣਾ ਰਕਬਾ ਬਣਦਾ ਹੈ। ਜੇਕਰ ਭਾਰਤ ਵਰਗੇ ਪੰਜ ਦੇਸ਼ਾਂ ਵਿੱਚ ਰੁੱਖ ਲਗਾਏ ਜਾਣ ਤਾਂ ਵਾਤਾਵਰਣ ਨੂੰ ਬਚਾਇਆ ਜਾ ਸਕਦਾ ਹੈ।
ਇਸ ਰਿਪੋਰਟ ਮੁਤਾਬਕ ਪੂਰੇ ਵਿਸ਼ਵ ਵਿੱਚ ਕੋਈ ਵੀ ਸਰਕਾਰ ਵੱਡੇ ਕਾਰਪੋਰੇਟਾਂ ਨੂੰ ਕਾਰਬਨ ਨਿਕਾਸੀ ਘੱਟ ਕਰਨ ਵੱਲ ਜ਼ੋਰ ਨਹੀਂ ਪਾ ਰਹੀ। ਇਹੋ ਜਿਹੇ ਹਾਲਾਤਾਂ ਵਿਚ 2050 ਤੱਕ ਦਾ ਸਿਫਰ ਕਾਰਬਨ ਨਿਕਾਸੀ ਦਾ ਟੀਚਾ ਬਹੁਤ ਦੂਰ ਹੈ।ਅਮੀਰ ਕਾਰਪੋਰੇਟ ਘਰਾਣਿਆਂ ਉੱਤੇ ਜੇਕਰ ਪੂੰਜੀ ਕਰ ਲਗਦਾ ਹੈ ਤਾਂ ਇਸ ਨੂੰ ਕਾਰਬਨ ਨਿਕਾਸੀ ਦੀ ਸਮੱਸਿਆ ਦੇ ਛੋਟੇ ਜਿਹੇ ਹੱਲ ਵਜੋਂ ਦੇਖਿਆ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version