Site icon Sikh Siyasat News

ਇੰਗਲੈਂਡ ਦੀ ਧਰਤੀ ‘ਤੇ 9 ਮਾਰਚ ਨੂੰ ਹੋਵੇਗੀ ਅੰਤਰਰਾਸ਼ਟਰੀ ਪੰਜਾਬੀ ‘ਮਾਂ ਬੋਲੀ’ ਕਾਨਫਰੰਸ

ਲੈਸਟਰ,ਇੰਗਲੈਂਡ: ਗੁਰੂ ਤੇਗ ਬਹਾਦਰ ਗੁਰਦੁਆਰਾ (ਲੈਸਟਰ) ਵਿਖੇ ਅੰਤਰਾਸ਼ਟਰੀ ਪੰਜਾਬੀ (ਮਾਂ-ਬੋਲੀ) ਕਾਨਫਰੰਸ “ਪੂਰਬੀ ਅਤੇ ਪੱਛਮੀ ਪੰਜਾਬ ਦੀ ਮਾਂ ਬੋਲੀ” ਦਾ ਸਾਂਝਾ ਸਮਾਗਮ 9 ਅਤੇ 10 ਮਾਰਚ 2019 ਨੂੰ ਕਰਵਾਇਆ ਜਾ ਰਿਹਾ ਹੈ।

ਪੰਚ ਪਰਧਾਨੀ ਦੀ ਸਿਧਾਂਤਕ ਸੋਚ ਨੂੰ ਅਗਾਂਹ ਤੋਰਨ ਲਈ “ਸਿੱਖ ਐਜੂਕੇਸ਼ਨ ਕੋਂਸਲ ਯੂ.ਕੇ” ਵਲੋਂ ਉਚੇਚੇ ਉੱਦਮ ਨਾਲ ਮਾਂ ਬੋਲੀ ਕਾਨਫਰੰਸ ਕਰਵਾਈ ਜਾ ਰਹੀ ਹੈ। ਇਨਸਾਨੀ ਜ਼ਿੰਦਗੀ ਦਾ ਵਿਕਾਸ ਅਤੇ ਗਤੀਸ਼ੀਲ ਹੋਣਾ, ਉਸ ਦੀ ‘ਮਾਂ-ਬੋਲੀ’ ‘ਤੇ ਹੀ ਅਧਾਰਿਤ ਹੁੰਦਾ ਹੈ।ਯੂਨੈਸਕੋ ਵਲੋਂ 17 ਨਵੰਬਰ 1999 ਨੂੰ ਮਾਤ-ਭਾਸ਼ਾ ਨੂੰ ਹੀ ਪਹਿਲ ਦੇ ਕੇ ’21 ਫਰਵਰੀ ਦਾ ਦਿਨ ਮਾਂ ਬੋਲੀ ਦਿਹਾੜੇ ਦੇ ਤੌਰ ਤੇ ਸਨਮਾਨਿਆ ਅਤੇ ਪਰਵਾਨਿਆ ਗਿਆ ਹੈ।ਇਸ ਦਿਨ ਨੂੰ ਦੁਨੀਆਂ ਦੀਆਂ ਸਾਰੀਆਂ ਕੌਮਾਂ ਆਪਣੀ ਮਾਂ-ਬੋਲੀ ਦੇ ਦਿਹਾੜੇ ਦੇ ਤੌਰ ਤੇ ਮਨਾੳਂਦੀਆਂ ਹਨ।

ਪ੍ਰਤੀਕਾਤਮਕ ਤਸਵੀਰ।

ਸਿੱਖਾਂ, ਪੰਜਾਬੀਆਂ ਦੀ ਪੂਰਬੀ ਅਤੇ ਪੱਛਮੀ ਪੰਜਾਬ ਵਿੱਚ ਵੰਡੀ ਹੋਈ (ਮਾਂ ਬੋਲੀ) ਨੂੰ ਇਕ ਸਾਂਝ, ਗਲਵਕੜੀ ਵਿੱਚ ਪਰੋਣ ਹਿੱਤ ਇਹ ਕਾਨਫਰੰਸ ਕੀਤੀ ਜਾ ਰਹੀ ਹੈ।ਇਸ ਵਿੱਚ ਭਾਰਤ, ਪਾਕਿਸਤਾਨ ਅਤੇ ਯੂ.ਕੇ ਤੋਂ ਉੱਘੇ ਚਿੰਤਕ ਪੰਜਾਬੀ ਵਿਦਵਾਨ ਹਿੱਸਾ ਲੈ ਰਹੇ ਹਨ।

ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਜਾਬ) ਤੋਂ ਡਾਕਟਰ ਰਾਜਵਿੰਦਰ ਸਿੰਘ, ਸਰਦਾਰ ਚਰਨਜੀਤ ਸਿੰਘ, ਡਾਕਟਰ ਜਸਵੀਰ ਕੌਰ, ਡਾਕਟਰ ਲਖਵੀਰ ਸਿੰਘ, ਪਾਕਿਸਤਾਨ ਲਾਹੌਰ ਤੋਂ ਡਾਕਟਰ ਅੱਖਤਰ ਸੰਧੂ, ਯੂ.ਕੇ ਤੋਂ ਡਾਕਟਰ ਮੰਗਤ ਭਰਦਵਾਜ, ਸਰਦਾਰ ਅਵਤਾਰ ਸਿੰਘ, ਸਰਦਾਰ ਬਲਿਹਾਰ ਸਿੰਘ ਰੰਧਾਵਾ, ਸਿਕੰਦਰ ਸਿੰਘ(ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੁਨੀਵਰਸਿਟੀ) ਅਤੇ ਡਾ.ਕੰਵਲਜੀਤ ਸਿੰਘ ਇਸ ਮੌਕੇ ਹਿੱਸਾ ਲੈਣ ਲਈ ਪਹੁੰਚਣਗੇ।

ਇਹ ਕਾਨਫਰੰਸ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ, ਲੈਸਟਰ, ਯੂ.ਕੇ ਵਿਖੇ 9 ਮਾਰਚ ਸ਼ਨਿੱਚਰਵਾਰ ਸਵੇਰੇ 10 ਵਜੇ ਤੋਂ ਸ਼ਾਮੀਂ 6 ਵਜੇ ਤੱਕ, 10 ਮਾਰਚ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ।ਇਹ ਕਾਨਫਰੰਸ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲੈਸਟਰ ਅਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਸਾਂਝੇ ਤੌਰ ‘ਤੇ ਕਰਵਾਇਆ ਜਾ ਰਿਹਾ ਹੈ।

ਇਸ ਕਾਨਫਰੰਸ ਉਪਰੰਤ ਇਹਨਾਂ ਪ੍ਰੋਗਰਾਮਾਂ ਨੂੰ 24 ਅਗਸਤ 2020 ਤੱਕ ਦੇ ਇਕੱਠ ਤੱਕ ਨਿਰੰਤਰ ਕਰਵਾਇਆ ਜਾਵੇਗਾ। ਸਾਲ 2020 ਸਿੱਖ ਕੌਮ ਦੀ ਸੰਸਥਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ’ ਦੇ ਸਥਾਪਨਾ ਦੀ 100 ਸਾਲਾ ਸ਼ਤਾਬਦੀ ਵਰ੍ਹਾ ਹੈ।

ਇਸ ਮੋਕੇ ਬੀਤੇ 100 ਸਾਲਾ ਵਿੱਚ ਬੀਤੀਆ ਘਟਨਾਵਾਂ ਘੱਲੂਘਾਰਿਆਂ ਅਤੇ ਪ੍ਰਾਪਤੀਆਂ ਦਾ ਨਿਰੀਖਣ ਕੀਤਾ ਜਾਵੇਗਾ, ਤਾਂ ਕਿ ਅਸੀ ਵਿਚਾਰ ਕਰ ਸਕੀਏ ਕਿ ਅੱਜ ਦੇ ਸਮੇਂ ਵਿੱਚ ‘ਸਿੱਖ ਅਥਵਾ ਪੰਜਾਬੀ ਕੌਮ ਕਿਸ ਮੁਕਾਮ ‘ਤੇ ਅਪੜੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version