Site icon Sikh Siyasat News

ਬਾਪੂ ਸੂਰਤ ਸਿੰਘ ਦੇ ਘਰ ਨੂੰ ਪੁਲਿਸ ਤੋਂ ਘੇਰਾ ਪਾਉਣਾ ਬਾਦਲ ਸਰਕਾਰ ਦੀ ਕੋਝੀ ਹਰਕਤ: ਜੱਥੇ. ਨੰਦਗੜ੍ਹ

ਡੱਬਵਾਲੀ (19 ਜੁਲਾਈ, 2015): ਅੱਜ ਇੱਥੇ ਡੇਰਾ ਸੌਦਾ ਅਤੇ ਸਿੱਖ ਪੰਥ ਦਰਮਿਆਨ ਸੰਘਰਸ਼ ਦੌਰਾਨ ਸ਼ਹੀਦ ਹੋਏ ਭਾਈ ਭਾਈ ਹਰਿਮੰਦਰ ਸਿੰਘ ਦੇ 7ਵੇਂ ਸ਼ਹੀਦੀ ਦਿਹਾੜੇ ‘ਤੇ ਸਜੇ ਸਮਾਗਮ ਦੌਰਾਨ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਹੈ ਕਿ ਹਿੰਦੂਵਾਦੀ ਤਾਕਤਾਂ ਦੇ ਹੱਥਾਂ ‘ਚ ਖੇਡ ਰਹੀ ਅਕਾਲੀ ਸਰਕਾਰ ਨੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਮਾਇਤ ਵਿੱਚ ਰੋਸ ਮਾਰਚ ਕੱਢਣ ਵਾਲੇ ਵੱਖ-ਵੱਖ ਉੱਘੇ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਲੋਕ ਮਨਾਂ ਦੀਆਂ ਭਾਵਨਾਵਾਂ ਨੂੰ ਦਬਾਉਣ ਦੀ ਕੋਝੀ ਹਰਕਤ ਹੈ, ਪਰ ਜਾਗਰੂਕ ਹੋਏ ਲੋਕ ਹੁਣ ਸਿਰਫ਼ ਵੇਲਾ ਉਡੀਕ ਰਹੇ ਹਨ ਅਤੇ ਅਗਾਮੀ ਵਿਧਾਨ ਸਭਾ ਚੋਣਾਂ ‘ਚ ਲੋਕ ਮਨ ਉੱਭਰ ਕੇ ਸਾਹਮਣੇ ਆਉਣਗੇ।

ਜਥੇਦਾਰ ਬਲਵੰਤ ਸਿੰਘ ਨੰਦਗੜ੍ਹ

ਜਥੇਦਾਰ ਨੰਦਗੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਨੇ ਸਿੱਖ ਬੰਦੀਆਂ ਦੀ ਰਿਹਾਈ ਲਈ ਜੂਝ ਰਹੇ ਬਾਪੂ ਸੂਰਤ ਸਿੰਘ ਖਾਲਸਾ ਦੇ ਘਰ ਨੂੰ ਪੰਜਾਬ ਪੁਲੀਸ ਦਾ ਘੇਰਾ ਪੁਆ ਕੇ ਆਪਣੇ ਅਖੌਤੀ ਪੰਥਕ ਏਜੰਡੇ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ ਜਦੋਂਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਾਬਜ਼ ਅਕਾਲੀ ਦਲ (ਬ) ਪਹਿਲਾਂ ਹੀ ਸਿੱਖ ਕੌਮ ਦੀ ਪਛਾਣ ‘ਨਾਨਕਸ਼ਾਹੀ ਕੈਲੰਡਰ’ ਨਾਲ ਖਿਲਵਾੜ ਕਰਕੇ ਸਿੱਖ ਹਿਰਦਿਆਂ ਨੂੰ ਵਲੂੰਧਰ ਚੁੱਕੀ ਹੈ।

ਜਥੇਦਾਰ ਨੰਦਗੜ੍ਹ ਨੇ ਦੱਸਿਆ ਕਿ ਬਾਪੂ ਖਾਲਸਾ ਨੇ ਆਪਣੀ ਵਸੀਅਤ ‘ਚ ਲਿਖਿਆ ਹੋਇਆ ਕਿ ਉਨ੍ਹਾਂ ਦੀ ਦੇਹ ਨੂੰ ਤਿੰਨੋਂ ਤਖ਼ਤਾਂ ਦੇ ਦਰਸ਼ਨ ਕਰਵਾਉਣ ਉਪਰੰਤ ਪਿੰਡ ਮਹਿਤਾ ਲਿਜਾਇਆ ਜਾਵੇ। ਉਨ੍ਹਾ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਦੇ ਸ਼ਹੀਦ ਹੋਣ ਦੀ ਸੂਰਤ ‘ਚ ਉਨ੍ਹਾਂ ਦਾ ਅੰਤਮ ਸਸਕਾਰ ਚੁੱਪ-ਚੁਪੀਤੇ ਕਰਵਾਉਣ ਲਈ ਅਕਾਲੀ ਸਰਕਾਰ ਨੇ ਉਨ੍ਹਾਂ ਦੇ ਘਰ ਨੂੰ ਘੇਰਾ ਪੁਆਇਆ ਹੋਇਆ ਹੈ।

ਇਸਤੋਂ ਪਹਿਲਾਂ ਉਨ੍ਹਾਂ ਗੁਰਮਤਿ ਸਮਾਗਮ ‘ਚ ਹਰਮੰਦਰ ਸਿੰਘ ਖਾਲਸਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੰਗਤਾਂ ਨੂੰ ਬਾਣੀ ਪੜ੍ਹਨ ਦਾ ਸੱਦਾ ਦਿੱਤਾ ਅਤੇ ਨਿਰਵੈਰ ਅਤੇ ਨਿਰਭੈ ਬਣਨ ਦੀ ਰਾਹ ਅਪਣਾਉਣ ਦੀ ਅਪੀਲ ਕੀਤੀ।
ਗੁਰਮਤਿ ਸਮਾਗਮ ’ਚ ਸੂਫ਼ੀ ਸੰਤ ਗੁਲਾਮ ਹੈਦਰ ਕਾਦਰੀ ਨੇ ਦਸਵੀਂ ਪਾਤਸ਼ਾਹੀ ਦਾ ਜਫ਼ਰਨਾਮਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦਿਆਂ ਕਿਹਾ ਕਿ ਔਰੰਗਜ਼ੇਬ ਦੀਆਂ ਕੁਤਾਹੀਆਂ ਲਈ ਸਾਰੇ ਮੁਸਲਮਾਨ ਭਾਈਚਾਰੇ ਨੂੰ ਦੋਸ਼ੀ ਨਹੀਂ ਮੰਨਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਦਸਵੀਂ ਪਾਤਸ਼ਾਹੀ ਦੇ ਨਿੱਕੇ ਸਾਹਿਬਜ਼ਾਦਿਆਂ ਨੂੰ ਮੁਸਲਿਮ ਸ਼ਰੀਅਤਾਂ ਨੂੰ ਲਾਂਭੇ ਕਰਕੇ ਸ਼ਹੀਦ ਕੀਤਾ ਗਿਆ ਸੀ ਜਿਸ ਵਿੱਚ ਮੌਕੇ ਦੇ ਭ੍ਰਿਸ਼ਟ ਕਾਜੀ ਦੀ ਮਿਲੀਭੁਗਤ ਸੀ।

ਇਸ ਮੌਕੇ ਭਾਈ ਅਮਰੀਕ ਸਿੰਘ ਅਜਨਾਲਾ, ਗਿਆਨੀ ਹਰਜੀਤ ਸਿੰਘ (ਸ਼ਾਹਬਾਦ ਮਾਰਕੰਡਾ), ਕਵੀਸ਼ਰੀ ਜਥਾ ਗੁਰਸੇਵਕ ਸਿੰਘ ਪੱਧਰੀ,ਸਤਿਕਾਰ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ ਅਤੇ ਭਾਈ ਬਚਿੱਤਰ ਸਿੰਘ ਹਾਕੂਵਾਲਾ ਨੇ ਸਮਾਗਮ ‘ਚ ਸ਼ਹੀਦ ਹਰਮੰਦਰ ਸਿੰਘ ਨੂੰ ਸ਼ਰਧਾਂਜਲੀਆਂ ਦਿੰਦਿਆਂ ਆਪਣੇ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version