Site icon Sikh Siyasat News

ਦਰਬਾਰ ਸਾਹਿਬ ਨੂੰ ਯੂਨੈਸਕੋ ਦੀ ਸੂਚੀ ਵਿੱਚ ਸ਼ਾਮਲ ਕਰਨ ਦੇ ਲੁਕਵੇਂ ਯਤਨ ?

ਕੀ ਦਰਬਾਰ ਸਾਹਿਬ ਨੂੰ ਇੱਕ ਵਾਰ ਮੁੜ ਹੈਰੀਟੇਜ ਵਜੋਂ ਯੂਨੈਸਕੋ ਦੀ ਸੂਚੀ ਵਿੱਚ ਸ਼ਾਮਲ ਕਰਨ ਦੇ ਲੁਕਵੇਂ ਯਤਨ ਹੋ ਰਹੇ ਹਨ ? ਇਸ ਸਬੰਧੀ ਅਫ਼ਵਾਹਾਂ ਦਾ ਬਾਜ਼ਾਰ ਭਾਵੇਂ ਗਰਮ ਹੈ, ਪਰ ਸ਼ੋ੍ਰਮਣੀ ਕਮੇਟੀ ਵੱਲੋਂ ਇਨ੍ਹਾਂ ਖ਼ਬਰਾਂ ਦੀ ਨਾ ਤਾਂ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਖੰਡਨ। ਇੱਥੇ ਇਹ ਚੇਤੇ ਕਰਵਾਇਆ ਜਾਂਦਾ ਹੈ ਕਿ 5 ਜਨਵਰੀ, 2004 ਨੂੰ ਭਾਰਤ ਸਰਕਾਰ ਦੇ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਵੱਲੋਂ ਦਰਬਾਰ ਸਾਹਿਬ ਨੂੰ ਯੂਨੈਸਕੋ ਦੀ ਹੈਰੀਟੇਜ ਸੂਚੀ ਵਿੱਚ ਸ਼ਾਮਲ ਕਰਨ ਸਬੰਧੀ ਇੱਕ ਯਾਦ ਪੱਤਰ ਦਿੱਤਾ ਗਿਆ ਸੀ।

ਸ੍ਰੀ ਦਰਬਾਰ ਸਾਹਿਬ

ਇਸ ਸਬੰਧੀ ਕਰੀਬ 500 ਸਫੇ ਦਾ ਇੱਕ ਡੋਜ਼ੀਅਰ ਵੀ ਤਿਆਰ ਕੀਤਾ ਗਿਆ ਸੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਦੋ ਜਿਲਦਾਂ ਵਿੱਚ ਫੈਲੇ ਇਸ ਡੋਜ਼ੀਅਰ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ ਅਤੇ ਬਾਹਰ ਕਿਸੇ ਨੂੰ ਵੀ ਇਸ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ ਗਈ ਸੀ। ਪਰ ਫਿਰ ਵੀ ਇੰਗਲੈਂਡ ਦੇ ਇੱਕ ਉੱਘੇ ਸਿੱਖ ਸ਼ ਮਹਿੰਦਰ ਸਿੰਘ ਵੱਲੋਂ ਕਿਸੇ ਤਰ੍ਹਾਂ ਇਸ ਡੋਜ਼ੀਅਰ ਦੀ ਕਾਪੀ ਹਾਸਲ ਕਰ ਲਈ ਗਈ ਅਤੇ ਫਿਰ ਇਹ ਕਾਪੀ ਇੰਗਲੈਂਡ ਵਿੱਚ ਗਏ ਅਕਾਲੀ ਆਗੂ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸੌਂਪ ਦਿੱਤੀ ਗਈ।

ਸ਼ ਚੰਦੂਮਾਜਰਾ ਨੇ ਇਹ ਡੋਜ਼ੀਅਰ ਸ਼ੋ੍ਰਮਣੀ ਕਮੇਟੀ ਮੈਂਬਰ ਸ਼ ਹਰਦੀਪ ਸਿੰਘ ਦੇ ਹਵਾਲੇ ਕਰ ਦਿੱਤਾ ਤਾਂ ਜੋ ਇਹ ਵਿਸ਼ਲੇਸ਼ਣ ਕੀਤਾ ਜਾ ਸਕੇ ਕਿ ਆਖ਼ਰਕਾਰ ਇਸ ਡੋਜ਼ੀਅਰ ਵਿੱਚ ਦਰਬਾਰ ਸਾਹਿਬ ਨੂੰ ਹੈਰੀਟੇਜ ਵਜੋਂ ਐਲਾਨ ਕਰਨ ਬਾਰੇ ਕੀ ਦਲੀਲਾਂ ਦਿੱਤੀਆਂ ਗਈਆਂ?

ਜਦੋਂ ਇਸ ਡੋਜ਼ੀਅਰ ਦਾ ਗੰਭੀਰ ਮੁਤਾਲਿਆ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਮੈਂਬਰ ਸ਼ ਹਰਦੀਪ ਸਿੰਘ ਦੇ ਲਫ਼ਜ਼ਾਂ ਮੁਤਾਬਕ ‘ਅਸੀਂ ਤਾਂ ਲੁੱਟੇ ਗਏ ਹਾਂ*। ਇਸ ਡੋਜ਼ੀਅਰ ਦਾ ਸਮੁੱਚੇ ਪੰਥ ਵਿੱਚ ਤਿੱਖਾ ਵਿਰੋਧ ਹੋਇਆ, ਕਿਉਂਕਿ ਸਿੱਖ ਵਿਦਵਾਨਾਂ ਨਾਲ ਕੋਈ ਵਿਚਾਰ ਹੀ ਨਹੀਂ ਸੀ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਪੰਥ ਹਲਕਿਆਂ ਵਿੱਚ ਇਹ ਸਵਾਲ ਕੀਤਾ ਜਾ ਰਿਹਾ ਸੀ ਕਿ ਆਖ਼ਰਕਾਰ ਇਸ ਨੂੰ ਗੁਪਤ ਰੱਖਣ ਪਿੱਛੇ ਕੀ ਕਾਰਨ ਹਨ।

ਦੂਜੇ ਪਾਸੇ ਅੰਤਰਰਾਸ਼ਟਰੀ ਸਿੱਖ ਭਾਈਚਾਰੇ ਦੇ ਇੱਕ ਪ੍ਰਤੀਨਿਧ ਡਾ਼ ਜਸਦੇਵ ਸਿੰਘ ਰਾਏ ਨੇ ਯੂਨੈਸਕੋ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਦਰਬਾਰ ਸਾਹਿਬ ਸਿੱਖ ਕੌਮ ਦੀ ਸਾਂਝੀ ਵਿਰਾਸਤ ਹੈ ਅਤੇ ਸਿੱਖ ਕੌਮ ਸਾਰੀ ਦੁਨੀਆ ਵਿੱਚ ਫੈਲੀ ਹੋਈ ਹੈ। ਇਸ ਲਈ ਸ਼ੋ੍ਰਮਣੀ ਕਮੇਟੀ ਇਕੱਲੀ ਇਸ ਬਾਰੇ ਕੋਈ ਫੈਸਲਾ ਨਹੀਂ ਕਰ ਸਕਦੀ।

ਇਸ ਕਮੇਟੀ ਨੂੰ ਤਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਹੀ ਕਾਇਮ ਕੀਤਾ ਗਿਆ ਹੈ। ਉਸ ਸਮੇਂ ਸ਼ ਹਰਦੀਪ ਸਿੰਘ ਨੇ ਹੈਰੀਟੇਜ ਵੱਲੋਂ ਐਲਾਨ ਕੀਤੇ ਜਾਣ ਦੀ ਸੂਰਤ ਵਿੱਚ ਨਿਕਲਣ ਵਾਲੇ ਗੰਭੀਰ ਨਤੀਜਿਆਂ ਤੋਂ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਸ਼੍ਰੋਮਣੀ ਕਮੇਟੀ ਦੇ ਕੁਝ ਬੰਦਿਆਂ ਵੱਲੋਂ ਚੋਰੀਖ਼ਚੋਰੀ ਕੀਤੀ ਇਸ ਸਾਜ਼ਿਸ਼ ਦੀ ਭਰਪੂਰ ਨਿੰਦਾ ਹੋਈ। ਸਿੱਟੇ ਵਜੋਂ ਇਹ ਪ੍ਰੋਜੈਕਟ ਅਮਲ ਵਿੱਚ ਆਉਣ ਤੋਂ ਪਹਿਲਾਂ ਹੀ ਰੁਕ ਗਿਆ।

ਸੂਤਰਾਂ ਮੁਤਾਬਕ ਜੇ ਦਰਬਾਰ ਸਾਹਿਬ ਨੂੰ ਹੈਰੀਟੇਜ ਵਜੋਂ ਐਲਾਨ ਕਰ ਦਿੱਤਾ ਜਾਵੇ ਤਾਂ ਇਸ ਮਹਾਨ ਧਾਰਮਿਕ ਅਤੇ ਇਤਿਹਾਸਕ ਅਸਥਾਨ ਦਾ ਪ੍ਰਬੰਧ ਮੁੱਖ ਰੂਪ ਵਿੱਚ ਕੇਂਦਰ ਸਰਕਾਰ ਦੇ ਹੱਥ ਵਿੱਚ ਚਲਿਆ ਜਾਵੇਗਾ। ਸੂਤਰਾਂ ਮੁਤਾਬਕ ਇਸ ਦੇ ਪ੍ਰਬੰਧ ਵਿੱਚ ਕੁਝ ਸ਼੍ਰੋਮਣੀ ਕਮੇਟੀ ਦੇ, ਕੁਝ ਪੰਜਾਬ ਸਰਕਾਰ ਦੇ ਅਤੇ ਬਹੁਤੇ ਭਾਰਤ ਸਰਕਾਰ ਦੇ ਪ੍ਰਤੀਨਿਧ ਸ਼ਾਮਲ ਕੀਤੇ ਜਾਣੇ ਸਨ। ਸੂਤਰਾਂ ਮੁਤਾਬਕ ਜਿਨ੍ਹਾਂ ਕਥਿਤ ਵਿਦਵਾਨਾਂ ਨੇ ਡੋਜ਼ੀਅਰ ਤਿਆਰ ਕੀਤਾ, ਉਸ ਵਿੱਚ 60 ਫੀਸਦੀ ਗੈਰਖ਼ਸਿੱਖ ਸਨ ਅਤੇ 40 ਫੀਸਦੀ ਸਿੱਖ ਸਨ। ਇਹ ਸਿੱਖ ਵਿਦਵਾਨ ਕੌਣ ਸਨ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਇਸ ਬਦਨਾਮ ਕਾਰਜ ਲਈ ਕਿਉਂ ਪੇਸ਼ ਕੀਤਾ, ਇਹ ਹੋਰ ਵੀ ਹੈਰਾਨੀ ਵਾਲੀ ਗੱਲ ਸੀ।

ਦਰਬਾਰ ਸਾਹਿਬ ਨੂੰ ਹੈਰੀਟੇਜ ਵਜੋਂ ਐਲਾਨ ਕਰਨ ਵਿਰੁੱਧ ਚੱਲੀ ਜ਼ਬਰਦਸਤ ਮੁਹਿੰਮ ਨਾਲ ਜੁੜੇ ਇੱਕ ਹੋਰ ਵਿਅਕਤੀ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਇਸ ਸਾਜ਼ਿਸ਼ ਪਿੱਛੇ ਉਨ੍ਹਾਂ ਤਾਕਤਾਂ ਦਾ ਸਾਫ਼ ਸਾਫ਼ ਹੱਥ ਸੀ, ਜੋ ਸਿੱਖਾਂ ਦੇ ਦਿਲਾਂ ਨਾਲ ਜੁੜੀ ਇਸ ਪਵਿੱਤਰ ਸੰਸਥਾ ਨੂੰ ਕੇਂਦਰ ਦੇ ਕਬਜ਼ੇ ਵਿੱਚ ਕਰਨਾ ਚਾਹੁੰਦੇ ਸਨ। ਪਰ ਇਸ ਵਿਅਕਤੀ ਨੇ ਉਨ੍ਹਾਂ ਤਾਕਤਾਂ ਅਤੇ ਉਨ੍ਹਾਂ ਪਿੱਛੇ ਜੁੜੇ ਵਿਅਕਤੀਆਂ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ।

ਦੂਜੇ ਪਾਸੇ ਪੰਥਕ ਹਲਕਿਆਂ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਇੱਕ ਅਜਿਹਾ ਅਸਥਾਨ ਹੈ, ਜਿੱਥੋਂ ਰੂਹਾਨੀਅਤ ਦੀਆਂ ਅਨੇਕ ਪਰਤਾਂ ਦੇ ਸੰਦੇਸ਼ ਮਿਲਦੇ ਹਨ। ਇੱਕ ਪਾਸੇ ਇੱਥੇ ਰੂਹਾਨੀ ਸੰਗੀਤ ਦੀ ਗੂੰਜ ਸਾਰੀ ਮਾਨਵਤਾ ਨੂੰ ਜੋੜਦੀ ਹੈ, ਜਦੋਂਕਿ ਦੂਜੇ ਪਾਸੇ ਬੇਇਨਸਾਫ਼ੀ ਤੇ ਜ਼ੁਲਮ ਵਿਰੁੱਧ ਲੜਨ, ਮਰਨ ਅਤੇ ਜੱਦੋਜਹਿਦ ਕਰਨ ਦੀ ਇਤਿਹਾਸਕ ਪ੍ਰੇਰਨਾ ਹਾਸਲ ਹੁੰਦੀ ਹੈ। ਇਸ ਦੀ ਪਰਿਕਰਮਾ ਵਿੱਚ ਹਜ਼ਾਰਾਂ ਸਿੱਖਾਂ ਦਾ ਖੂਨ ਡੁੱਲਿ੍ਹਆ ਹੈ, ਜੋ ਦਰਬਾਰ ਸਾਹਿਬ ਦੀ ਰਾਖੀ ਲਈ ਕਦੇ ਅਬਦਾਲੀ ਦੀਆਂ ਫੌਜਾਂ ਦਾ ਟਾਕਰਾ ਕਰਦੇ ਸ਼ਹੀਦ ਹੋਏ ਅਤੇ 20ਵੀਂ ਸਦੀ ਵਿੱਚ ਭਾਰਤੀ ਫੌਜ ਨਾਲ ਟੱਕਰ ਲੈ ਕੇ ਇਹ ਸੰਦੇਸ਼ ਦਿੱਤਾ ਕਿ ਇਸ ਪਵਿੱਤਰ ਅਸਥਾਨ ਦੀ ਰਾਖੀ ਕਰਨਾ ਹਰ ਸਿੱਖ ਦਾ ਪਹਿਲਾ ਫਰਜ਼ ਹੈ।

ਇਸੇ ਅਸਥਾਨ *ਤੇ ਅਕਾਲ ਤਖਤ ਸਾਹਿਬ ਸਸ਼ੋਭਤ ਹਨ, ਜੋ ਧਰਮ ਤੇ ਰਾਜਨੀਤੀ ਦੇ ਸੁਮੇਲ ਦਾ ਇੱਕ ਇਹੋ ਜਿਹਾ ਅਲੌਕਿਕ ਅਤੇ ਇਤਿਹਾਸਕ ਪ੍ਰਤੀਕ ਹੈ, ਜਿਸ ਦੀ ਮਿਸਾਲ ਦੁਨੀਆ ਵਿੱਚ ਨਹੀਂ ਮਿਲਦੀ। ਇੱਥੇ ਹੀ ਬਾਬਾ ਦੀਪ ਸਿੰਘ ਵਰਗੇ ਸੀਸ ਤਲੀ *ਤੇ ਧਰ ਕੇ ਲੜਨ ਦਾ ਸੁਨੇਹਾ ਦੇ ਰਹੇ ਹਨ ਅਤੇ ਇੱਥੇ ਹੀ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦੇ ਘੋੜਿਆਂ ਦੀ ਟਾਪ ਅਜੇ ਵੀ ਕੰਨਾਂ ਵਿੱਚ ਪੈਂਦੀ ਹੈ, ਜਿਨ੍ਹਾਂ ਨੇ ਇਤਿਹਾਸ ਵਿੱਚ ਇਸ ਹਕੀਕਤ ਨੂੰ ਦਰਜ ਕਰਵਾਇਆ ਹੈ ਕਿ ਇਸ ਅਸਥਾਨ ਦੀ ਬੇਅਦਬੀ ਕਰਨ ਵਾਲਿਆਂ ਦਾ ਓੜਕ ਨੂੰ ਕੀ ਹਸ਼ਰ ਹੁੰਦਾ ਹੈ?

ਪੰਥਕ ਹਲਕਿਆਂ ਮੁਤਾਬਕ ਇਹ ਅਸਥਾਨ ਕੋਈ ਪਿਕਨਿਕ ਮਨਾਉਣ ਵਾਲੀ ਥਾਂ ਨਹੀਂ, ਜਿੱਥੇ ਲੋਕਾਂ ਨੇ ਮੌਜ ਮਸਤੀ ਕਰਨ ਲਈ ਆਉਣਾ ਹੈ। ਇੱਥੇ ਤਾਂ ਦਿਨ ਰਾਤ ਹੁੰਦੀ ਕੀਰਤਨ ਦੀ ਮਿੱਠੀਖ਼ਮਿੱਠੀ ਧੁਨ ਆਉਣ ਵਾਲੇ ਹਰ ਵਿਅਕਤੀ ਨੂੰ ਰੂਹਾਨੀ ਕਦਰਾਂ ਕੀਮਤਾਂ ਨਾਲ ਸਰਸ਼ਾਰ ਕਰਦੀ ਹੈ ਅਤੇ ਉਸ ਦੀ ਸਮੁੱਚੀ ਹਸਤੀ ਕੁਝ ਪਲਾਂ ਲਈ ਰੱਬ ਦੇ ਰੰਗਾਂ ਵਿੱਚ ਰੰਗੀ ਜਾਂਦੀ ਹੈ।

ਇਸ ਲਈ ਇਸ ਅਮੀਰ ਵਿਰਾਸਤ *ਤੇ ਖਾਲਸੇ ਦਾ ਹੀ ਅਧਿਕਾਰ ਹੈ ਅਤੇ ਖਾਲਸਾ ਹੀ ਇਸ ਥਾਂ ਤੋਂ ਸਮੁੱਚੀ ਮਾਨਵਤਾ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦਾ ਸੰਦੇਸ਼ ਦੇ ਸਕਦਾ ਹੈ ਅਤੇ ਇਤਿਹਾਸ ਇਸ ਗੱਲ ਦੀ ਗਵਾਹੀ ਵੀ ਦਿੰਦਾ ਰਿਹਾ ਹੈ। ਭਾਰਤ ਸਰਕਾਰ ਜਾਂ ਕਿਸੇ ਹੋਰ ਏਜੰਸੀ ਨੂੰ ਇਸ ਪਵਿੱਤਰ ਥਾਂ ਨੂੰ ਆਪਣੀ ਮਲਕੀਅਤ ਬਣਾਉਣ ਦਾ ਹੱਕ ਨਹੀਂ ਦਿੱਤਾ ਜਾ ਸਕਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version